ਕੈਲੇਫੋਰਨੀਆ, 6 ਅਕਤੂਬਰ (ਹੁਸਨ ਲੜੋਆ ਬੰਗਾ) – ਸੈਕਰਾਮੈਂਟੋ ਵਿੱਚ ਕਰਵਾਏ ਗਏ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ ਇੰਟਰਨੈਸ਼ਨਲ ਕਬੱਡੀ ਕੱਪ ਵਿੱਚ ਕਈ ਘਟਨਾਵਾਂ ਰਾਹੀਂ ਨਵੇਂ ਦਿਸਹੱਦੇ ਪੈਦਾ ਹੋਏ। ਇਸ ਵਿਸ਼ਾਲ ਇੰਟਰਨੈਸ਼ਨਲ ਕਬੱਡੀ ਕੱਪ ਨੂੰ ਕਾਫੀ ਫਸਵੇਂ ਮੈਚ ਵਿੱਚ ਬੇ-ਏਰੀਆ ਸਪੋਰਟਸ ਕਲੱਬ ਨੇ ਸੈਂਟਰਵੈਲੀ ਸਪੋਰਟਸ ਕਲੱਬ ਮੈਡੈਸਟੋ ਨੂੰ ਹਰਾ ਕੇ 13 ਹਜ਼ਾਰ ਅਮਰੀਕੀ ਡਾਲਰ ਦਾ ਭਾਰੀ ਇਨਾਮ ਜਿੱਤਿਆ ਤੇ ਸੈਂਟਰ ਵੈਲੀ ਸਪੋਰਟਸ ਕਲੱਬ ਨੂੰ 12 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਅੰਡਰ-21 ਨੌਜਵਾਨ ਕਬੱਡੀ ਖਿਡਾਰੀਆਂ ਦੀ ਟੀਮ ਯੂਨਾਈਟਿਡ ਸਪੋਰਟਸ ਕਲੱਬ ਪਹਿਲੇ ਅਤੇ ਫਤਹਿ ਸਪੋਰਟਸ ਕਲੱਬ ਟਰਲਕ ਦੂਜੇ ਥਾਂ ‘ਤੇ ਰਹੇ। ਵੱਡੇ ਇਨਾਮ ਵੱਖ-ਵੱਖ ਕੈਟਾਗਰੀ ਵਿੱਚ ਵਾਈਟ ਲੋਟਸ ਕਿੰਗ ਕਮੁਨੀਕੇਸ਼ਨ, ਵਰਲਡ ਫਾਇਨਾਂਸ਼ੀਅਲ ਗਰੁੱਪ ਵੱਲੋਂ ਤੇ ਛੋਟੇ ਇਨਾਮ ਸ਼ਿਕਾਗੋ ਪੀਜਾ ਤੇ ਟੀ. ਸੀ. ਆਈ. ਤੇ ਮਾਊਟੈਂਨ ਮਾਈਨ ਪੀਜਾ ਵੱਲੋਂ ਤਕਸੀਮ ਕੀਤੇ ਗਏ। ਇਹ ਕਬੱਡੀ ਖੇਡ ਮੇਲਾ ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਆਫ਼ ਯੂ. ਐੱਸ. ਏ. ਅੰਡਰ ਕਰਵਾਇਆ ਗਿਆ। ਫੈਡਰੇਸ਼ਨ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਅਤੇ ਇੰਟਰਨੈਸ਼ਨਲ ਕਬੱਡੀ ਪ੍ਰਮੋਟਰ ਜੌਨ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ ਇਹ ਖੇਡ ਟੂਰਨਾਮੈਂਟ ਸਿਰੇ ਚੜ੍ਹਿਆ। ਇਸ ਕਬੱਡੀ ਕੱਪ ਦੌਰਾਨ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਉੱਤਮ ਧਾਵੀ ਵੱਲੋਂ ਸੰਦੀਪ ਲਿੱਧੜ ਤੇ ਉੱਤਮ ਜਾਫੀ ਵਜੋਂ ਗੁਰਵਿੰਦਰ ਕਾਲਵਾਂ ਨੂੰ ਇਨਾਮ ਦਿੱਤੇ ਗਏ। ਵੱਖ-ਵੱਖ ਉੱਚਕੋਟੀ ਦੇ ਵਿਸ਼ਵ ਪੱਧਰੀ ਕਬੱਡੀ ਖਿਡਾਰੀਆਂ ਨੇ ਇਸ ਕਬੱਡੀ ਕੁੰਭ ਵਿੱਚ ਸ਼ਿਰਕਤ ਕੀਤੀ। ਇਸ ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਵਜੋਂ ਕਾਂਗਰਸ ਮੈਨ ਐਮੀ ਬੇਰਾ ਤੇ ਸੈਕਰਾਮੈਂਟੋ ਕਾਊਂਟੀ ਸੁਪਰਵਾਈਜ਼ਰ ਜਾਨ ਨਿਟੋਲੀ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਦਿੱਤੀ। ਇਸ ਤੋਂ ਇਲਾਵਾ ਲੈਬਰੋਪ ਸ਼ਹਿਰ ਦੇ ਮੇਅਰ ਸੁਖਮਿੰਦਰ ਧਾਲੀਵਾਲ ਵੀ ਹਾਜ਼ਰ ਰਹੇ। ਇਸ ਮੌਕੇ ਉੱਘੇ ਖਿਡਾਰੀ ਸੰਦੀਪ ਨੰਗਲ ਅੰਬੀਆਂ, ਤੀਰਥ ਗਾਖਲ ਤੇ ਮੀਕ ਸਿਆਟਲ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵਿੱਚ ਸ. ਜੌਨ ਸਿੰਘ ਗਿੱਲ, ਧੀਰਾ ਨਿੱਝਰ, ਨਰਿੰਦਰ ਸਿੰਘ ਥਾਂਦੀ, ਜੱਸੀ ਸੰਘਾ, ਹੈਪੀ ਬਰਿਆਣਾ, ਸੁਖਦੇਵ ਲੰਬੜ, ਲਾਡੀ ਗਿੱਲ, ਪ੍ਰਗਟ ਸਿੰਘ ਸੰਧੂ, ਬਿੱਟੂ ਰੰਧਾਵਾ, ਬਲਵੰਤ ਵਿਰਕ, ਬਿੱਟੂ ਰਾਏ ਤੇ ਗੁਰਮੀਤ ਵੜੈਚ ਆਦਿ ਵੱਲੋਂ ਵੱਖਰੇ-ਵੱਖਰੇ ਪ੍ਰਬੰਧਾਂ ਹੇਠ ਜ਼ਿੰਮੇਵਾਰੀਆਂ ਸੰਭਾਲੀਆਂ ਹੋਈਆਂ ਸਨ। ਇਨ੍ਹਾਂ ਮੈਚਾਂ ਦੀ ਕੁਮੈਂਟਰੀ ਤੇ ਸਟੇਜ ਤੋਂ ਸੰਚਾਲਨਾ ਬੀਬੀ ਆਸ਼ਾ ਸ਼ਰਮਾ ਨੇ ਕੀਤੀ। ਇਸ ਮੌਕੇ ਰੇਡੀਓ ਪੰਜਾਬ ਅਤੇ ਗਲੋਬਲ ਪੰਜਾਬ ਟੀ. ਵੀ. ਵੱਲੋਂ ਨਾਲੋ-ਨਾਲ ਪ੍ਰਸਾਰਨ ਦਿੱਤਾ ਗਿਆ।
International News ਸੈਕਰਾਮੈਂਟੋ ‘ਚ ਕਰਵਾਇਆ ਇੰਟਰਨੈਸ਼ਨਲ ਕਬੱਡੀ ਕੱਪ ਨੂੰ ਬੇ-ਏਰੀਆ ਸਪੋਰਟਸ ਕਲੱਬ ਨੇ ਚੁੰਮਿਆ