ਜੇਕਰ ਵੀਹਵੀਂ ਸਦੀ ਦੇ ਅੰਤਲੇ ਦੋ ਦਹਾਕਿਆਂ ਵਿੱਚ ਪਿਛਲੇਰੀ ਝਾਤ ਮਾਰੀਏ ਤਾਂ, ਜ਼ਮਾਨੇ ਵਿੱਚਲੇ ਵੱਡੇ ਵੱਡੇ ਫਰਕ ਸਾਫ ਨਜ਼ਰ ਆਉਣਗੇ। ਜਿੰਨਾਂ ਵਿਚੋਂ ਮੈਂ ਅੱਜ ਇੱਕ ਉੱਤੇ ਚਰਚਾ ਕਰਨ ਜਾ ਰਹੀ ਹਾਂ। ਪਿਛਲਿਆਂ ਸਮਿਆਂ ਵਿੱਚ ਪਰਿਵਾਰਕ ਪੱਧਰ ਤੋਂ ਲੈਕੇ ਸੰਸਾਰ ਪੱਧਰ ਤੱਕ ਹਰ ਕਿਸੇ ਦਾ ਸੋਚ ਦਾ ਦਾਇਰਾ ਖੁੱਲ੍ਹਾ ਹੁੰਦਾ ਸੀ। ਆਪਣੇ ਘਰ ਪਰਿਵਾਰ ਦੇ ਜੀਆਂ ਦਾ ਇੱਕ ਦੂਸਰੇ ਪ੍ਰਤੀ ਪਿਆਰ,ਸਤਿਕਾਰ ਤੇ ਮਾਣ ਆਦਰ ਹੋਇਆ ਕਰਦਾ ਸੀ। ਪਰਿਵਾਰ ਦਾ ਵੱਡਾ ਮੈਂਬਰ ਛੋਟੇ ਭਰਾ ਦੇ ਬੱਚੇ ਨੂੰ ਕਦੇ ਕਿਸੇ ਦੂਜੇ ਬੱਚੇ ਦੀ ਗਲਤੀ ਕਾਰਣ ਝਿੜਕ ਵੀ ਲਵੇ ਤਾਂ ਬੱਚੇ ਦੇ ਮਾਤਾ ਪਿਤਾ ਕਦੇ ਬੁਰਾ ਨਹੀਂ ਮਨਾਉਂਦੇ ਸਨ। ਇਸ ਤਰਾਂ ਇਤਫ਼ਾਕ ਬਣਿਆ ਰਹਿੰਦਾ ਸੀ। ਅੱਜ ਕੱਲ ਜੇਕਰ ਬੱਚਾ ਝੂਠ ਹੀ ਮਾਂ ਬਾਪ ਨੂੰ ਪਰਿਵਾਰ ਦੇ ਮੈਂਬਰ ਬਾਰੇ ਕਹਿ ਦੇਵੇ ਤਾਂ ਕਲੇਸ਼ ਖੜ੍ਹਾ ਹੋ ਜਾਂਦਾ ਹੈ।
ਇਥੋਂ ਤੱਕ ਕਿ ਇੱਕ ਦੂਸਰੇ ਦੇ ਖਿਡੌਣਿਆਂ ਤੋਂ ਮਾਵਾਂ ਬਾਪਾਂ ਦੇ ਸਿਰ ਫਟ ਜਾਂਦੇ ਹਨ ਤੇ ਉਹ ਸਾਰੀ ਉਮਰ ਇਕ ਦੂਜੇ ਨਾਲ ਮਿਲਨਾ ਵਰਤਨਾ ਛੱਡ ਦਿੰਦੇ ਹਨ। ਨਾਲ ਹੀ ਬੱਚਿਆਂ ਦੇ ਕੋਮਲ ਮਨ ਵਿੱਚ ਉਸਦੇ ਦੋਸਤ ਬਾਰੇ ਇੰਨਾ ਕੂੜਾ ਭਰਿਆਂ ਜਾਂਦਾ ਹੈ ਕਿ ਉਹ ਵੀ ਉਸਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦਾ ਹੈ। ਇਸ ਤਰਾਂ ਸਹਿਚਾਰ ਦੀ ਨੀਂਹ ਪੈਣ ਤੋਂ ਪਹਿਲਾਂ ਹੀ ਢਹਿ ਢੇਰੀ ਹੋ ਜਾਂਦੀ ਹੈ ਤੇ ਬੱਚੇ ਇਕੱਲੇ ਆਪਣੇ ਘਰ ਵਿੱਚ ਵੀਡੀਓ ਗੇਮ ਤੱਕ ਸੀਮਤ ਰਹਿ ਜਾਂਦੇ ਹਨ। ਇਸਤਰਾਂ ਉਨਾਂ ਦੇ ਅਧੂਰੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਜਦੋਂ ਕਿ ਇਥੇ ਮਾਤਾ ਪਿਤਾ ਨੂੰ ਆਉਟਡੋਰ ਗੇਮਸ ਤੇ ਬੱਚਿਆਂ ਵਿੱਚ ਘੁਲਣ ਮਿਲਣ ਦੀ ਭਾਵਨਾ ਲਈ ਉਨਾਂ ਨੂੰ ਉਤਪ੍ਰੇਰਕ ਕਰਨਾ ਚਾਹੀਦਾ ਹੈ। ਏਥੇ ਛੋਟੀ ਮੋਟੀ ਸੱਟ ਡੇਟ ਜਾਂ ਥੋੜੇ ਬਹੁਤ ਨੁਕਸਾਨ ਨੂੰ ਆਈ ਗਈ ਕਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਦੀਆਂ ਬੇਹੱਦ ਨਿਗੂਣੀਆਂ ਗੱਲਾਂ ਦੇ ਕਾਰਣ ਰਿਸ਼ਤਿਆਂ ਵਿੱਚ ਵੱਡੇ ਵੱਡੇ ਪਾੜੇ ਪੈ ਜਾਂਦੇ ਹਨ, ਇਥੋਂ ਤੱਕ ਕਿ ਜਾਨੀ ਤੇ ਮਾਲੀ ਨੁਕਸਾਨ ਵੀ ਵੱਡੇ ਪੱਧਰ ਤੇ ਵਾਪਰ ਜਾਂਦੇ ਹਨ, ਹੈ ਸਹਿਣਸ਼ੀਲਤਾ ਦੀ ਕਮੀ ।ਲੋੜ ਹੈ ਲੰਮੇਰੀ ਝਾਤ ਮਾਰਨ ਦੀ ,ਜਿਸ ਵਿੱਚ ਅਸੀਂ ਬਹੁਤ ਵੱਡੇ ਵੱਡੇ ਨੁਕਸਾਨ ਝੱਲੇ ਹੁੰਦੇ ਹਨ ਤੇ ਕੁਝ ਵੀ ਨਹੀਂ ਕਰ ਸਕੇ ਹੁੰਦੇ ਹਾਂ। ਵਿਸ਼ਾ ਬਹੁਤ ਲੰਬਾ ਹੈ ਸੋ ਹੁਣ ਆਪਜੀ ਨਾਲ ਉਦਾਹਰਣਾਂ ਹੀ ਸਾਂਝੀਆਂ ਕਰ ਸਕਾਂਗੀ।
# ਪਿੱਛੇ ਜਿਹੇ ਵਰਲਡ ਕੱਪ ਕ੍ਰਿਕਟ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਹੋਇਆ। ਆਸਟ੍ਰੇਲੀਆ ਜੇਤੂ ਰਿਹਾ। ਬਾਅਦ ਵਿੱਚ ਭਾਰਤੀ ਲੋਕਾਂ ਨੇ ਜੋ ਖੇਹ ਉਡਾਈ, ਏਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਵੀ ਉਲਟਾ ਸਿੱਧਾ ਬੋਲਣ ਤੋਂ ਗ਼ੁਰੇਜ਼ ਨਹੀਂ ਕੀਤੀ। ਇਸਦੇ ਨਾਲ ਹੀ ਪਾਕਿਸਤਾਨੀ ਖਿਡਾਰੀਆਂ ਨੂੰ ਆਪਣੇ ਹਾਰਣ ਕਾਰਣ ਤੇ ਆਏ ਜ਼ਖਮਾਂ ਤੇ ਭਾਰਤ ਦੀ ਹਾਰ ਨੇ ਮੱਲ੍ਹਮ ਦਾ ਕੰਮ ਕੀਤਾ। ਏਨਾ ਹੀ ਨਹੀਂ ਪਹਿਲਾਂ ਵੀ ਲੋਕ ਖੇਡਾਂ ਵਿੱਚ ਦਿਲਚਸਪੀ ਲੈਂਦੇ ਸਨ,ਪਰ ਅੱਜ ਜਿਹੀ ਸ਼ਬਦਾਵਲੀ ਤੇ ਪ੍ਰਤੀਕਿਰਿਆ ਘੱਟ ਹੀ ਦੇਖਣ ਨੂੰ ਮਿਲਦੀ ਸੀ। ਵਰਨਣਯੋਗ ਹੈ ਕਿ ਓਦੋਂ ਵੀ ਆਪਣੀ ਪਸੰਦੀਦਾ ਟੀਮ ਦੇ ਹਾਰਨ ਤੇ ਲੋਕ ਹਰਟ ਅਟੈਕ ਨਾਲ ਮਰ ਜਾਂਦੇ ਸਨ,ਟੀਵੀ ਤੋੜ ਦਿੰਦੇ ਸਨ ਜਾਂ ਗ੍ਰਹਿ ਕਲੇਸ਼ ਖੜ੍ਹਾ ਕਰ ਦਿੰਦੇ ਸਨ। ਪਰ ਸੂਝਵਾਨ ਤੇ ਪੜੇ ਲਿਖੇ ਲੋਕ ਆਪਣੇ ਜਜ਼ਬਾਤਾਂ ਨੂੰ ਨਿਰਪੱਖ ਰੱਖ ਕੇ ਖੇਡ ਨੂੰ ਖੇਡ ਭਾਵਨਾ ਨਾਲ ਉਸਦਾ ਅਨੰਦ ਮਾਣਦੇ ਸਨ। ਦੋਸ਼ ਪ੍ਰਤੀ ਦੋਸ਼ ਤੋਂ ਦੂਰ ਰਹਿੰਦੇ ਸਨ।|
# ਅੱਜ ਸਾਡੀ ਸੋਚ ਇੰਨੀ ਸੰਕੀਰਣ ਹੋ ਗਈ ਹੈ ਕਿ ਮੀਂਹ ਆਦਿ ਪਿਆ ਹੋਣ ਤੇ ਨਾ ਹੀ ਵਾਹਨ ਚਲਾਉਣ ਵਾਲਾ ਧਿਆਨ ਦਿੰਦਾ ਹੈ ਕਿ ਮੈਂ ਫੁੱਟਪਾਥ ਤੇ ਚੱਲਾਂ ਤਾਂ ਕਿ ਆਉਂਦੇ ਜਾਂਦੇ ਵਾਹਨਾਂ ਤੋਂ ਛਿੱਟੇ ਨਾ ਪੈ ਸਕਣ ਤੇ ਨਾ ਹੀ ਵਾਹਨ ਵਾਲਾ ਤੁਰੇ ਜਾਂਦਿਆਂ ਬਾਰੇ ਸੋਚਦਾ ਹੈ ਤੇ ਉਸਦੇ ਕੱਪੜੇ ਚਿੱਕੜ ਨਾਲ ਭਰ ਦਿੰਦਾ ਹੈ,ਸਿੱਟਾ ਉਹੀ ਲੜਾਈ ਝਗੜਾ ਤੇ ਇਸ ਤੋਂ ਅੱਗੇ ਵੀ।
# ਇਨਾਂ ਹੀ ਨਹੀਂ ਘਰਾਂ ਵਿੱਚ ਹਜ਼ਾਰਾਂ ਛੋਟੀਆਂ ਛੋਟੀਆਂ ਉਦਾਹਰਣਾਂ ਮਿਲਦੀਆਂ ਹਨ, ਜਿਹੜੀਆਂ ਸਹਿਣਸ਼ੀਲਤਾ ਤੋਂ ਕੋਹਾਂ ਦੂਰ ਹਨ, ਜਿਵੇਂ ਪਰਿਵਾਰ ਦੇ ਇੱਕ ਜੀਅ ਨੇ ਕੋਈ ਚੀਜ਼ ਜ਼ਮੀਨ ਤੇ ਸੁੱਟ ਦਿੱਤੀ ਜਾਂ ਮਿਥੀ ਗਈ ਥਾਂ ਤੋਂ ਉਰੇ ਪਰੇ ਰੱਖ ਦਿੱਤੀ,ਕਿਸੇ ਬਰਤਨ ਦਾ ਟੁੱਟ ਜਾਣਾ, ਜਾਂ ਕੋਈ ਮਾਇਕ ਜਾਂ ਸਰੀਰਕ ਨੁਕਸਾਨ ਹੋ ਜਾਣਾ,ਅਜਿਹੇ ਹਾਲਾਤਾਂ ਵਿੱਚ ਪਹਿਲਾਂ ਤਾਂ ਇਹ ਸਭਕੁਝ ਕਰਨ ਵਾਲੇ ਨੂੰ ਹੀ ਪੂਰਾ ਧਿਆਨ ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ,ਫਿਰ ਵੀ ਦੇ ਖ਼ਤ ਨੀਚ ਹੋ ਵੀ ਜਾਂਦੀ ਹੈ ਤਾਂ ਬਾਕੀ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ, ਨੁਕਸਾਨ ਦੀ ਭਰਪਾਈ ਤਾਂ ਫਿਰ ਵੀ ਹੋ ਜਾਂਦੀ ਹੈ, ਰਿਸ਼ਤਿਆਂ ਵਿੱਚ ਪਈ ਤਰੇੜ ਨਹੀਂ ਭਰਦੀ। ਇੰਨਾਂ ਹੀ ਛੋਟੇ ਛੋਟੇ ਕਾਰਨਾਂ ਤੋਂ ਪਰਿਵਾਰ ਵਿੱਚ ਵੱਡੇ ਵੱਡੇ ਪਾੜੇ ਪੈ ਜਾਂਦੇ ਹਨ ਤੇ ਭੈਣ ਭਰਾ ਇੱਕ ਦੂਸਰੇ ਨਾਲ ਵਰਤਣ ਤੋਂ ਵੀ ਜਾਂਦੇ ਰਹਿੰਦੇ ਹਨ।
# ਕੰਮਕਾਜ ਵਾਲੀਆਂ ਸੰਸਥਾਵਾਂ ਵੱਲ ਜੇ ਝਾਤ ਮਾਰੀ ਜਾਵੇ ਤਾਂ ਉਥੇ ਦੇ ਹਾਲਾਤ ਉਪਰੋਕਤ ਨਾਲੋਂ ਵੀ ਮਾੜੇ ਹਨ। ਹਰ ਕੋਈ (ਕੁਝ ਕੁ ਨੂੰ ਛੱਡ ਕੇ) ਇੱਕ ਦੂਸਰੇ ਨੂੰ ਦੀ ਟੰਗ ਖਿੱਚ ਕੇ,ਢਾਹ ਲਾਕੇ,ਬੌਸ ਅੱਗੇ ਨੀਵਾਂ ,ਘਟੀਆ ਤੇ ਬੇਈਮਾਨ ਦਿਖਾਕੇ ਅੱਗੇ ਵਧਣ ਦੇ ਨਾਲ ਨਾਲ ਦੂਸਰੇ ਦਾ ਬੇੜਾ ਗ਼ਰਕ ਕਰਨ ਵਿੱਚ ਪਰਮ ਸੰਤੁਸ਼ਟੀ ਸਮਝਦਾ ਹੈ। ਅਜਿਹੀਆਂ ਹਰਕਤਾਂ ਅੱਤ ਦਰਜੇ ਦੇ ਘਟੀਆ ਤੇ ਸਵਾਰਥੀ ਲੋਕ ਹੀ ਸਾਜ਼ਿਸ਼ਾਂ ਰਚ ਰਚ ਕੇ ਸ਼ਰੀਫ਼ ਵਰਕਰ ਦਾ ਨੁਕਸਾਨ ਕਰਦੇ ਤੇ ਉਸਨੂੰ ਟੈਂਸ਼ਨ ਵਿੱਚ ਪਾਈ ਰੱਖਦੇ ਹਨ। ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੋ ਜਾਂਦਾ ਹੈ ਕਿ ਬੌਸ ਵਿੱਚ ਸਹੀ ਜੱਜਮੈਂਟ ਤੇ ਇਮਾਨਦਾਰੀ ਹੋਣੀ ਬਹੁਤ ਜ਼ਰੂਰੀ ਹੈ। ਉਪਰੋਕਤ ਬਿਮਾਰੀ ਨੇ ਨਾ ਕਿ ਭਾਰਤ, ਸਗੋਂ ਸਾਰੇ ਸੰਸਾਰ ਨੂੰ ਗ੍ਰਸਿਆ ਹੋਇਆ ਹੈ। ਸੋ ਆਖਿਰ ਵਿੱਚ ਇਹੀ ਕਹਾਂਗੀ ਕਿ ਇਮਾਨਦਾਰੀ ਨਾਲ ਕੀਤਾ ਕਰਮ ਹੀ ਇਨਸਾਨ ਦਾ ਧਰਮ ਹੈ ਤੇ ਸਹਿਨਸ਼ੀਲਤਾ ਇਸਦਾ ਆਧਾਰ।
Columns ਸੌੜੀ ਸੋਚ ਦੀ ਲੋੜ