ਸ੍ਰੀਨਗਰ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸਮਾਪਤ ਹੋਈ

ਸ੍ਰੀਨਗਰ, 30 ਜਨਵਰੀ – ਕਾਂਗਰਸ ਨੇ ਅੱਜ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਭਾਰੀ ਬਰਫ਼ਬਾਰੀ ਦਰਮਿਆਨ ਆਪਣੀ ‘ਭਾਰਤ ਜੋੜੋ ਯਾਤਰਾ’ ਦੀ ਸਮਾਪਤੀ ਮੌਕੇ ਰੈਲੀ ਕੱਢੀ। ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ ਤੋਂ ਸ਼ੁਰੂ ਹੋਈ ਇਸ ਰੈਲੀ ਦੀ ਅਗਵਾਈ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕੀਤੀ।ਇਸ ਵਿੱਚ ਡੀਐੱਮਕੇ, ਨੈਸ਼ਨਲ ਕਾਨਫਰੰਸ (ਐਨਸੀ), ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ), ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰਐਸਪੀ) ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਰੈਲੀ ਦੇ ਨਾਲ ਹੀ ਕਰੀਬ ਪੰਜ ਮਹੀਨਿਆਂ ਵਿੱਚ 12 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਲੰਘੀ ‘ਭਾਰਤ ਜੋੜੋ ਯਾਤਰਾ’ ਸਮਾਪਤ ਹੋ ਗਈ। ਇਹ ਪਦਯਾਤਰਾ ਪਿਛਲੇ ਸਾਲ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਯਾਤਰਾ ਦੌਰਾਨ ਰਾਹੁਲ ਗਾਂਧੀ ਨੇ 12 ਜਨ ਸਭਾਵਾਂ, 100 ਤੋਂ ਵੱਧ ਨੁੱਕੜ ਮੀਟਿੰਗਾਂ, 13 ਪ੍ਰੈਸ ਕਾਨਫਰੰਸਾਂ ਨੂੰ ਸੰਬੋਧਨ ਕੀਤਾ।