ਸ੍ਰੀਲੰਕਾ ‘ਚ ਆਰਥਿਕ ਸੰਕਟ ਦੇ ਮੱਦੇਨਜ਼ਰ ਐਮਰਜੈਂਸੀ ਲੱਗੀ

ਕੋਲੰਬੋ, 2 ਅਪ੍ਰੈਲ – ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਮੁਲਕ ਵਿੱਚ ਡੂੰਘੇ ਹੋਏ ਆਰਥਿਕ ਸੰਕਟ ਦੇ ਮੱਦੇਨਜ਼ਰ ਐਮਰਜੈਂਸੀ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿੱਚ ਥਾਂ-ਥਾਂ ਰੋਸ ਮੁਜ਼ਾਹਰੇ ਹੋ ਰਹੇ ਹਨ। ਰਾਸ਼ਟਰਪਤੀ ਦੇ ਘਰ ਦੇ ਬਾਹਰ ਵੀ ਲੋਕਾਂ ਨੇ ਰੋਸ ਜ਼ਾਹਿਰ ਕੀਤਾ ਹੈ। ਸ਼ੁੱਕਰਵਾਰ ਰਾਤ ਰਾਸ਼ਟਰਪਤੀ ਨੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਪਹਿਲੀ ਅਪ੍ਰੈਲ ਤੋਂ ਤੁਰੰਤ ਪ੍ਰਭਾਵ ਨਾਲ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਐਮਰਜੈਂਸੀ ਲਾਉਣ ਦਾ ਮਕਸਦ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਇਹ ਜਨਤਕ ਵਿਵਸਥਾ ਬਣਾਏ ਰੱਖਣ ਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਲਾਈ ਗਈ ਹੈ। ਮੁਜ਼ਾਹਰਾਕਾਰੀ ਦੋਸ਼ ਲਾ ਰਹੇ ਹਨ ਕਿ ਸਰਕਾਰ ਨੇ ਵਿੱਤੀ ਸੰਕਟ ਦਾ ਸਹੀ ਢੰਗ ਨਾਲ ਸਾਹਮਣਾ ਨਹੀਂ ਕੀਤਾ। ਦੱਸਣਯੋਗ ਹੈ ਕਿ ਸ੍ਰੀਲੰਕਾ ਵਿਚ ਲੰਮੇ ਬਿਜਲੀ ਕੱਟ ਲੱਗ ਰਹੇ ਹਨ ਤੇ ਜ਼ਰੂਰੀ ਚੀਜ਼ਾਂ ਦੀ ਘਾਟ ਪੈਦਾ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਲੱਗਣ ਦੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ। ਸੰਵਿਧਾਨ ਵੱਲੋਂ ਯਕੀਨੀ ਬਣਾਏ ਗਏ ਬੁਨਿਆਦੀ ਹੱਕਾਂ ਵਿੱਚ ਅੜਿੱਕਾ ਪੈ ਸਕਦਾ ਹੈ। ਵਕੀਲਾਂ ਮੁਤਾਬਿਕ ਹੁਣ ਪੁਲੀਸ ਕਿਸੇ ਨੂੰ ਵੀ ਗ਼ੈਰਕਾਨੂੰਨੀ ਇਕੱਠ ਕਰਨ ‘ਤੇ ਗ੍ਰਿਫ਼ਤਾਰ ਕਰ ਸਕਦੀ ਹੈ। ਐਮਰਜੈਂਸੀ ਨੂੰ ਸੰਸਦ ਹਰ 30 ਦਿਨ ਬਾਅਦ ਮਨਜ਼ੂਰ ਕਰੇਗੀ। ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਜਪਕਸੇ ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ 54 ਜਣਿਆਂ ਨੂੰ ਪੁਲੀਸ ਨੇ ਵੀਰਵਾਰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਵਿੱਚੋਂ 21 ਨੂੰ ਜ਼ਮਾਨਤ ਮਿਲ ਗਈ ਹੈ। 27 ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ ਹਸਪਤਾਲ ਦਾਖਲ ਹਨ। ਵੇਰਵਿਆਂ ਮੁਤਾਬਿਕ ਵੀਰਵਾਰ ਪੁਲੀਸ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਹਿੰਸਕ ਟਕਰਾਅ ਹੋਇਆ ਸੀ ਤੇ ਪੁਲੀਸ ਨੇ ਜਲ ਤੋਪਾਂ ਤੇ ਅੱਥਰੂ ਗੈੱਸ ਦੀ ਵਰਤੋਂ ਕੀਤੀ ਸੀ।