ਸ੍ਰੀਲੰਕਾ ‘ਚ ਹੋਈਆਂ ਹਿੰਸਕ ਝੜਪਾਂ ਵਿੱਚ ਸੰਸਦ ਮੈਂਬਰ ਸਣੇ ਚਾਰ ਜਣਿਆਂ ਦੀ ਮੌਤ, 174 ਜ਼ਖ਼ਮੀ

ਕੋਲੰਬੋ, 9 ਮਈ – ਸ੍ਰੀਲੰਕਾ ਵਿੱਚ ਅੱਜ ਸਰਕਾਰ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ ਮੁਲਕ ਦੀ ਸੱਤਾਧਾਰੀ ਧਿਰ ਦੇ ਇੱਕ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਧਿਕਾਰੀ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਹਿੰਸਕ ਝੜਪਾਂ ਵਿੱਚ 174 ਜਣੇ ਜ਼ਖ਼ਮੀ ਵੀ ਹੋਏ ਹਨ। ਹਿੰਸਾ ਭੜਕਣ ਮਗਰੋਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਦਿੱਤਾ ਅਸਤੀਫ਼ਾ ਦੇ ਦਿੱਤਾ ਹੈ। ਰਾਜਪਕਸੇ ਭਰਾਵਾਂ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਸੰਸਦ ਮੈਂਬਰ ਦਾ ਨਿੱਜੀ ਸੁਰੱਖਿਆ ਕਰਮੀ (ਪੀਐੱਸਓ) ਵੀ ਮਾਰਿਆ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲੀਸ ਨੇ ਇਕ ਹੋਰ ਮੌਤ ਦੀ ਪੁਸ਼ਟੀ ਵੀ ਕੀਤੀ ਹੈ। ਅੱਜ ਸਰਕਾਰ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਕਈ ਥਾਈਂ ਟਕਰਾਅ ਹੋਇਆ ਅਤੇ ਲੋਕਾਂ ਨੇ ਕਈ ਸਾਬਕਾ ਮੰਤਰੀਆਂ ਤੇ ਸਿਆਸੀ ਆਗੂਆਂ ਦੇ ਘਰਾਂ-ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਹੈ। ਦੂਜੇ ਪਾਸੇ ਲੋਕਾਂ ਮੁਤਾਬਿਕ ਸੰਸਦ ਮੈਂਬਰ ਦੀ ਕਾਰ ਵਿੱਚੋਂ ਗੋਲੀ ਚੱਲੀ ਸੀ ਅਤੇ ਭੜਕੀ ਭੀੜ ਨੇ ਜਦੋਂ ਉਨ੍ਹਾਂ ਨੂੰ ਕਾਰ ਵਿੱਚੋਂ ਉਤਾਰਿਆ ਤਾਂ ਉਨ੍ਹਾਂ ਭੱਜ ਇੱਕ ਇਮਾਰਤ ਵਿੱਚ ਸ਼ਰਨ ਲੈ ਲਈ। ਲੋਕਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਨੇ ਆਪਣੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਪੁਲੀਸ ਮੁਤਾਬਿਕ ਹਜ਼ਾਰਾਂ ਲੋਕਾਂ ਨੇ ਇਮਾਰਤ ਘੇਰੀ ਹੋਈ ਸੀ ਅਤੇ ਬਾਅਦ ਵਿੱਚ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਧਿਕਾਰੀ ਮ੍ਰਿਤਕ ਮਿਲੇ। ‘ਨਿਊਜ਼ ਫ਼ਸਟ’ ਵੈੱਬਸਾਈਟ ਮੁਤਾਬਿਕ ਗੋਲ਼ੀਬਾਰੀ ਵਿੱਚ 27 ਸਾਲਾਂ ਦੇ ਨੌਜਵਾਨ ਦੀ ਮੌਤ ਵੀ ਹੋਈ ਹੈ। ਲੋਕਾਂ ਵੱਲੋਂ ਇਮਾਰਤਾਂ ਨੂੰ ਅੱਗ ਲਾਏ ਜਾਣ ਦੀ ਵੀ ਖ਼ਬਰ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਵਿਗੜੇ ਹਾਲਾਤ ਕਾਰਨ ਪੂਰੇ ਸ੍ਰੀਲੰਕਾ ਵਿੱਚ ਹੰਗਾਮੀ ਹਾਲਤ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ। ਲੋਕਾਂ ਵੱਲੋਂ ਪ੍ਰਦਰਸ਼ਨ ਜਾਰੀ ਹਨ।