ਤਿਲਕ ਜੰਞੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ।
ਦੁਨੀਆਂਭਰ ਵਿੱਚ ਤੁਹਾਨੂੰ ਸ਼ਹਾਦਤ ਦੀਆਂ ਅਨੇਕਾ ਹੀ ਕਹਾਣੀਆਂ ਸੁਣਨ ਨੂੰ ਮਿਲ ਜਾਣਗੀਆਂ ਪਰ ਸਿੱਖ ਧਰਮ ਦੇ ਮਹਾਨ ਸ਼ਹੀਦਾਂ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਰਗੀ ਮਿਸਾਲ ਕਿਧਰੇ ਵੀ ਨਹੀਂ ਸੁਣਨ ਜਾਂ ਵੇਖਣ ਨੂੰ ਮਿਲੇਗੀ। ਦੁਨੀਆਂ ਦਾ ਕੋਈ ਵੀ ਅਜਿਹਾ ਪੀਰ-ਪੈਗੰਬਰ ਜਾਂ ਮਨੁੱਖ ਨਹੀਂ ਹੋਇਆ ਜੋ ਦੂਜਿਆਂ ਦੇ ਧਰਮ ਦੀ ਖ਼ਾਤਰ ਅਪਣਾ ਆਪਾ ਵਾਰ ਦੇਵੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਹੋਇਆ। ਔਰੰਗਜ਼ੇਬ ਨੇ ਰਾਜ ਪਾਠ ਸੰਭਾਲਦਿਆਂ ਹੀ ਦੂਜੇ ਧਰਮਾਂ ਦੇ ਲੋਕਾਂ ਨੂੰ ਇਸਲਾਮ ਕਬੂਲਣ ਲਈ ਮਜ਼ਬੂਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੇ ਵੇਖਾ-ਵੇਖੀ ਉਸ ਦੇ ਹੇਠਲੇ ਅਫਸਰਾਂ ਨੇ ਵੀ ਦੇਸ਼ ਦੇ ਦੂਜੇ ਧਰਮਾਂ ਦੇ ਲੋਕਾਂ ਨੂੰ ਜਬਰੀ ਇਸਲਾਮ ਕਬੂਲ ਕਰਨ ਲਈ ਹਰ ਹੀਲਾ ਵਰਤ ਕੇ ਮਜ਼ਬੂਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ 1671 ਵਿੱਚ ਇਫ਼ਤਖਾਰ ਖਾਂ ਕਸ਼ਮੀਰ ਦਾ ਗਵਰਨਰ ਬਣਿਆ ਤਾਂ ਉਸ ਨੇ ਕਸ਼ਮੀਰੀ ਪੰਡਤਾਂ ਉਪਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕਰਨ ਲੱਗਾ, ਉਨ੍ਹਾਂ ਦੀਆਂ ਧੀਆਂ ਤੇ ਔਰਤਾਂ ਦੀ ਇੱਜ਼ਤ ਖ਼ਰਾਬ ਕਰਨ ਲੱਗ ਪਿਆ। ਔਰੰਗਜ਼ੇਬ ਨੇ ਰੋਜ਼ਾਨਾ ਸਵਾ ਮਣ ਜੰਞੂ ਲਾਹੁਣ ਦਾ ਪ੍ਰਣ ਕੀਤਾ ਹੋਇਆ ਸੀ। ਜਿਸ ਤੋਂ ਤੰਗ ਆ ਕੇ ਕਸ਼ਮੀਰੀ ਪੰਡਤ ਕ੍ਰਿਪਾ ਦਤ ਦੀ ਅਗਵਾਈ ਵਿੱਚ 25 ਮਈ 1675 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਬੇਨਤੀ ਲੈ ਕੇ ਹਾਜ਼ਰ ਹੋਏ ਕੇ ਸਾਨੂੰ ਉਸ ਜ਼ਾਲਮ ਗਵਰਨਰ ਪਾਸੋਂ ਬਚਾਓ। ਬਾਲ ਗੋਬਿੰਦ ਰਾਏ (ਜੋ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ) ਉਨ੍ਹਾਂ ਪਾਸ ਖੇਡ ਰਹੇ ਸਨ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਜੀ, ‘ਤੁਹਾਡੇ ਤੋਂ ਵੱਡਾ ਹੋਰ ਕੋਣ ਹੋ ਸਕਦਾ ਜੋ ਇਨ੍ਹਾਂ ਦੀ ਰੱਖਿਆ ਕਰ ਸਕੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਓ ਕੇ, ‘ਜੇ ਸਾਡਾ ਸ੍ਰੀ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਗਿਆ ਤਾਂ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ’। ਹਸਨ ਅਬਦਾਲ ਵਿੱਚ ਬੈਠਾ ਔਰੰਗਜ਼ੇਬ ਇਹ ਖ਼ਬਰ ਸੁਣ ਕੇ ਗੁੱਸੇ ਵਿੱਚ ਆ ਗਿਆ ਅਤੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਲਗਭਗ ਡੇਢ ਮਹੀਨੇ ਬਾਅਦ 10 ਜੁਲਾਈ 1675 ਨੂੰ ਆਨੰਦਪੁਰ ਸਾਹਿਬ ਤੋਂ ਤਿੰਨ ਸਿੰਘਾਂ ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ, ਉਨ੍ਹਾਂ ਸੰਗਤਾਂ ਨੂੰ ਨਾਲ ਆਉਣ ਤੋਂ ਰੋਕ ਦਿੱਤਾ। ਸਰਹੰਦ ਦੇ ਫੌਜਦਾਰ ਦਿਲਾਵਰ ਖਾਂ ਨੂੰ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ। ਗੁਰੂ ਜੀ ਨੂੰ ਮਲਕ ਪੁਰ ਹੰਬੜਾ ਪਿੰਡ ਦੇ ਨੇੜੇ ਗ੍ਰਿਫ਼ਤਾਰ ਕਰਕੇ ਬਸੀ ਪਠਾਣਾ ਲਿਜਾ ਕੇ ਕੈਦ ਕਰ ਤਿੰਨ ਮਹੀਨੇ ਕੈਦ ਕੀਤਾ ਅਤੇ ਉਸ ਤੋਂ ਬਾਅਦ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਹੀ ਗੁਰੂ ਜੀ ਸਾਥੀਆਂ ਸਣੇ ਦਿੱਲੀ ਭੇਜਿਆ ਗਿਆ। ਔਰੰਗਜ਼ੇਬ ਦੇ ਹੁਕਮਾ ਅਨੁਸਾਰ ਗੁਰੂ ਜੀ ਅਤੇ ਸਾਥੀਆਂ ਨੂੰ ਬਹੁਤ ਖ਼ੌਫਨਾਕ ਤਸੀਹੇ ਦਿੱਤੇ ਗਏ। ਦਿੱਲੀ ਦੇ ਸੂਬੇਦਾਰ ਅਤੇ ਕਾਜੀ ਦੀ ਇੱਕ ਨਾ ਚੱਲੀ ਜਿਸ ਦੇ ਬਦਲੇ 11 ਨਵੰਬਰ 1675 ਨੂੰ ਦਿੱਲੀ ਦੀ ਕੋਤਵਾਲੀ (ਸੀਸਗੰਜ ਸਾਹਿਬ ਵਿਖੇ) ਇਸਲਾਮ ਕਬੂਲਣ ਜਾਂ ਮੌਤ ਚੋਂ ਇੱਕ ਨੂੰ ਚੁਣਨ ਲਈ ਕਿਹਾ ਪਰ ਗੁਰੂ ਜੀ ਅਤੇ ਸਾਥੀਆਂ ਨੇ ਇਸਲਾਮ ਕਬੂਲਣ ਦੀ ਥਾਂ ਮੌਤ ਨੂੰ ਚੁਣਿਆ। ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉੱਬਲ ਦੇ ਹੋਏ ਪਾਣੀ ਵਿੱਚ ਬਿਠਾ ਕੇ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਸਾੜਿਆ ਗਿਆ ਪਰ ਕੋਈ ਵੀ ਗੁਰੂ ਦਾ ਸਿੱਖ ਧਰਮ ਤੋਂ ਡੋਲਿਆ ਨਾ ਫਿਰ ਅੰਤ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ ਗਿਆ। ਉਸ ਵੇਲੇ ਅਜਿਹੀ ਕਾਲੀ ਹਨੇਰੀ ਵਗੀ ਜਿਸ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਰੰਘਰੇਟਾ ਜੀ ਆਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਲੈ ਗਿਆ। ਜਿੱਥੇ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਘਰੇਟੇ ਗੁਰੂ ਕੇ ਬੇਟੇ’ ਦਾ ਖ਼ਿਤਾਬ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਸਕਾਰ ਲੱਖੀਸ਼ਾਹ ਵਣਜਾਰਾ ਨੇ ਦਿੱਲੀ ਵਿਖੇ ਆਪਣੇ ਮਹਿਲ ਵਿੱਚ ਕਰ ਦਿੱਤਾ, ਜਿੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਹ ਰੰਗ ਲਿਆਈ ਕਿ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ‘ਖਾਲਸਾ ਪੰਥ’ ਦੀ ਸਾਜਨਾ ਕੀਤੀ। ਪੂਰੀ ਦੁਨੀਆ ਦਾ ਇਤਿਹਾਸ ਪੜ੍ਹ ਲਵੋਂ ਤੁਹਾਨੂੰ ਕਿਸੇ ਦੂਜੇ ਧਰਮ ਦੀ ਖ਼ਾਤਰ ਆਪਾ ਵਾਰਣ ਵਾਲਾ ਕੋਈ ਵੀ ਨਹੀਂ ਮਿਲੇਗਾ। ਪਰ ਅੱਜ ਅਸੀਂ ਸਿੱਖ ਵੀ ਗੁਰੂ ਜੀ ਦੇ ਦੱਸੇ ਰਾਹ ‘ਤੇ ਨਹੀਂ ਚੱਲ ਰਹੇ ਹਾਂ, ਅਸੀਂ ਕਿਸੇ ਦੂਜੇ ਤਾਂ ਕੀ ਆਪਣੀਆਂ ਲੋੜਾਂ ਦੇ ਲਈ ਪਤਿਤ ਹੋਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਪੰਜਾਬ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਕਹਾਉਣ ਵਾਲੀ ਧਰਤੀ ਪਤਿਤ ਪੁਣੇ, ਨਸ਼ਿਆਂ, ਭਰੂਣ ਹੱਤਿਆ ਅਤੇ ਬੇਈਮਾਨੀ ਆਦਿ ਨਾਲ ਭਰੀ ਪਈ ਹੈ। ਸਾਡੇ ਸਿਆਸੀ ਆਗੂ ਆਪਣਾ ਅਤੇ ਆਪਣਿਆਂ ਨੂੰ ਸਿਆਸੀ ਲਾਹਾ ਲੈਣ ਲਈ ਭਰਾ ਮਾਰੂ ਨੀਤੀ ਤੋਂ ਵੀ ਨਹੀਂ ਪਿੱਛੇ ਹੱਟ ਰਹੇ। ਧਰਮ ਦੇ ਬਣੀ ਬੈਠੇ ਠੇਕੇਦਾਰ ਅਜਿਹੇ ਕਾਰੇ ਕਰ ਦੇ ਹਨ ਜਿਸ ਤੋਂ ਸਾਨੂੰ ਕਈ ਵਾਰ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਉਨ੍ਹਾਂ ਗੁਰੂਆਂ ਦੇ ਸਿੱਖ ਹਾਂ ਜਿਨ੍ਹਾਂ ਦੂਜੇ ਧਰਮਾਂ ਨੂੰ ਬਚਾਉਣ ਖ਼ਾਤਰ ਆਪਾ ਤੱਕ ਵਾਰ ਦਿੱਤਾ। ਇਸ ਪਦਾਰਥਵਾਦੀ ਜੱਗ ਵਿੱਚ ਵਿਚਰਦਿਆਂ ਅਸੀਂ ਗੁਰੂਆਂ ਵੱਲੋਂ ਦੱਸੇ ਰਾਹਾਂ ਨੂੰ ਛੱਡ ਕੇ ਆਪਣੇ ਹੀ ਰਾਹ ਬਣਾਈ ਜਾ ਰਹੇ ਹਾਂ। ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਸਾਡੇ ਗੁਰੂਆਂ ਨੇ ਸਾਡੇ ਗੁਰੂਆਂ ਨੇ ਸਾਡੇ ਲਈ ਜਿਹੜੇ ਰਾਹ ਚੁਣੇ ਸਨ ਸਾਨੂੰ ਉਨ੍ਹਾਂ ਨੂੰ ਹੋਰ ਪੱਕਿਆ ਕਰਨ ਦੀ ਲੋੜ ਹੈ।
ਠੀਕਰੀ ਫੋਰ ਦਿਲੀਸਿ ਸਿਰਿ, ਪ੍ਰਭ ਪੁਰ ਕੀਆ ਪਯਾਨ।
ਤੇਗ ਬਹਾਦਰ ਸੀ ਕ੍ਰਿਆ, ਕਰੀ ਨਾ ਕਿਨਹੂੰ ਆਨ।
ਤੇਗ ਬਹਾਦਰ ਕੇ ਚਲਤ, ਭਯੋ ਜਗਤ ਕੋ ਸੋਗ।
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਉਰ ਲੋਕ।
-ਅਮਰਜੀਤ ਸਿੰਘ, ਰੈਜ਼ੀਡੈਂਟ ਐਡੀਟਰ (ਇੰਡੀਆ)
Editor Corner ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ