ਅੰਮ੍ਰਿਤਸਰ, 21 ਫਰਵਰੀ – ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਣੇ ਨਤਮਸਤਕ ਹੋਏ। ਉਨ੍ਹਾਂ ਨੇ ਲਗਭਗ ਡੇਢ ਘੰਟਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਬਿਤਾਇਆ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਕਈ ਥਾਂ ਫ਼ਤਿਹ ਵੀ ਬੁਲਾਈ ਅਤੇ ਜੈਕਾਰੇ ਵੀ ਛੱਡੇ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਪ੍ਰਧਾਨ ਮੰਤਰੀ ਟਰੂਡੋ ਨੇ ਕੁੜਤਾ ਪਜਾਮਾ ਅਤੇ ਸਿਰ ‘ਤੇ ਕੇਸਰੀ ਪਟਕਾ ਬੰਨ੍ਹਿਆ ਹੋਇਆ ਸੀ ਤੇ ਪ੍ਰਧਾਨ ਮੰਤਰੀ ਨੇ ਪ੍ਰਕਰਮਾ ਵਿੱਚ ਪੈਰ ਰੱਖਦਿਆਂ ਹੀ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੋਫੀਆ, ਇਕ ਬੇਟਾ ਅਤੇ ਬੇਟੀ ਨਾਲ ਸਨ ਤੇ ਉਹ ਵੀ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਏ ਜਦੋਂ ਕਿ ਦੂਜੇ ਬੇਟੇ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹ ਨਾਲ ਨਹੀਂ ਸੀ। ਪਰਿਕਰਮਾ ਕਰਦਿਆਂ ਉਹ ਪਹਿਲਾਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਗਏ ਅਤੇ ਪਰਿਵਾਰ ਸਮੇਤ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ ਵਿੱਚ ਵੀ ਹਿੱਸਾ ਪਾਇਆ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਪਰਿਕਰਮਾ ਅਤੇ ਬਾਹਰ ਲਾਲ ਰੰਗ ਦੇ ਗਲੀਚੇ (ਰੈੱਡ ਕਾਰਪੈੱਟ) ਵਿਛਾਏ ਹੋਏ ਸਨ। ਉਨ੍ਹਾਂ ਨੂੰ ਦਰਸ਼ਨੀ ਡਿਉਢੀ ਰਸਤੇ ਦੀ ਵਿਚਲੀ ਕਤਾਰ ਰਾਹੀਂ ਅੰਦਰ ਲੈ ਜਾਇਆ ਗਿਆ। ਰਸਤੇ ਵਿੱਚ ਉਨ੍ਹਾਂ ਸ਼ਰਧਾਲੂਆਂ ਨਾਲ ਹੱਥ ਵੀ ਮਿਲਾਏ, ਫ਼ਤਿਹ ਬੁਲਾਈ ਅਤੇ ਕਈ ਸ਼ਰਧਾਲੂਆਂ ਨੇ ਸੈਲਫੀਆਂ ਵੀ ਲਈਆਂ। ਸੱਚਖੰਡ ਵਿੱਚ ਦਾਖਲ ਹੁੰਦਿਆਂ ਉਨ੍ਹਾਂ ਦਹਿਲੀਜ਼ ‘ਤੇ ਮੱਥਾ ਟੇਕਿਆ ਅਤੇ ਅੰਦਰ ਵੀ ਸ਼ਰਧਾ ਨਾਲ ਨਤਮਸਤਕ ਹੋਏ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਸਿਰੋਪਾਓ, ਫੁੱਲਾਂ ਦਾ ਹਾਰ, ਗੁਲਦਸਤਾ ਅਤੇ ਪ੍ਰਸ਼ਾਦ ਦਿੱਤਾ ਗਿਆ। ਉਨ੍ਹਾਂ ਨਾਲ ਪਰਿਵਾਰ ਨੂੰ ਵੀ ਸਿਰੋਪਾਓ, ਫੁੱਲਾਂ ਦਾ ਹਾਰ ਅਤੇ ਪ੍ਰਸ਼ਾਦ ਦਿੱਤਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਬਾਹਰ ਹੀ ਮੱਥਾ ਟੇਕਿਆ ਅਤੇ ਵਾਪਸੀ ਸਮੇਂ ਸੂਚਨਾ ਕੇਂਦਰ ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵਾਂ ਨੇ ਭੇਟ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਜ਼ੀਟਰ ਬੁੱਕ ‘ਤੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦਾ ਇਸ ਪਾਵਨ ਸਥਾਨ ‘ਤੇ ਭਰਵਾਂ ਸਵਾਗਤ ਕੀਤਾ ਗਿਆ ਤੇ ਉਹ ਕਿਰਪਾ ਤੇ ਨਿਮਰਤਾ ਨਾਲ ਭਰ ਗਏ।
ਇਸ ਮੌਕੇ ਉਨ੍ਹਾਂ ਦੇ ਨਾਲ ਕੈਨੇਡਾ ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਪੰਜਾਬੀ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ, ਬਰਦੀਸ਼ ਕੌਰ ਚੱਘਰ ਤੇ ਇਕ ਹੋਰ ਕੈਬਨਿਟ ਮੰਤਰੀ ਸ਼ਾਮਲ ਸਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਦ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਜੋ ਉਨ੍ਹਾਂ ਦੇ ਨਾਲ ਪ੍ਰਕਰਮਾ ਵਿੱਚ ਸਨ, ਵੱਲੋਂ ਸਿੱਖ ਇਤਿਹਾਸ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਸਮੇਤ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ। ਅੰਮ੍ਰਿਤਸਰ ਪੁੱਜਣ ‘ਤੇ ਹਵਾਈ ਅੱਡੇ ਵਿਖੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੀ ਆਇਆਂ ਆਖਿਆ।
Home Page ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਪਰਿਵਾਰ ਸਹਿਤ ਮੱਥਾ...