ਸਰਾਭਾ, 22 ਅਗਸਤ – ਇੱਥੇ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਭਾਵੇਂ ਪਹਿਲਾਂ ਹੀ ਸਮਰੱਥਾ ਨਾਲੋਂ ਜ਼ਿਆਦਾ ਲਾਵਾਰਸ-ਬੇਘਰ ਮਰੀਜ਼ ਹੋਣ ਕਰਕੇ ਨਵੇਂ ਮਰੀਜ਼ਾਂ ਲਈ ਦਾਖਲਾ ਬੰਦ ਹੈ ਪਰ ਕਈ ਵਾਰ ਕਿਸੇ ਮਰੀਜ਼ ਦੀ ਹਾਲਤ ਹੀ ਇਤਨੀ ਨਾਜ਼ੁਕ ਹੁੰਦੀ ਹੈ ਕਿ ਉਸ ਦੀ ਖੁੱਲ੍ਹੇ ਆਸਮਾਨ ਥੱਲੇ ਪਏ ਦੀ ਮੌਤ ਨਿਸ਼ਚਤ ਹੁੰਦੀ ਹੈ ਜਾਂ ਫਿਰ ਸੇਵਾ ਸੰਭਾਲ ਨਾਲ ਨਵੀਂ ਜ਼ਿੰਦਗੀ ਵੀ ਮਿਲ ਸਕਦੀ ਹੈ। ਅਜ਼ਾਦੀ ਵਾਲੇ ਦਿਨ 15 ਅਗਸਤ ਨੂੰ ਸੜਕ ਕੰਢੇ ਪਏ ਅਜਿਹੇ ਹੀ ਇੱਕ ਮਰੀਜ਼ ਨੂੰ ਆਸ਼ਰਮ ਵਿੱਚ ਛੱਡ ਕੇ ਗਏ ਹਨ ਪਿੰਡ ਸਰਾਭਾ ਦੇ ਪਤਵੰਤੇ ਸੱਜਣ ਅਤੇ ਪੰਚਾਇਤ ਮੈਂਬਰ। ਅਸ਼ੋਕ ਕੁਮਾਰ ਨਾਉਂ ਦਾ ਇਹ ਲਾਵਾਰਸ ਮਰੀਜ਼ ਪਿੰਡ ਸਰਾਭਾ ਦੇ ਨਜ਼ਦੀਕ ਕਈ ਦਿਨਾਂ ਤੋਂ ਸੜਕ ਕੰਢੇ ਪਿਆ ਸੀ ਜੋ ਕਿ ਪਿੰਡ ਦੇ ਕੁੱਝ ਨੌਜਵਾਨਾਂ ਨੇ ਉਠਾ ਕੇ ਉਸ ਨੂੰ ਇਸ਼ਨਾਨ ਆਦਿ ਕਰਵਾਇਆ, ਕੁੱਝ ਖਾਣ ਪੀਣ ਲਈ ਦਿੱਤਾ ਅਤੇ ਫਿਰ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਇਸ ਆਸ਼ਰਮ ਵਿੱਚ ਛੱਡ ਕੇ ਗਏ। ਅਸ਼ੋਕ ਕੁਮਾਰ ਦੇ ਇੱਕ ਪੈਰ ‘ਤੇ ਜ਼ਖਮ ਵਿੱਚ ਕੀੜੇ ਚੱਲ ਰਹੇ ਸਨ ਅਤੇ ਦਿਮਾਗ਼ੀ ਸੰਤੁਲਨ ਸਹੀ ਨਾ ਹੋਣ ਕਰਕੇ ਆਪਣੇ ਪਰਿਵਾਰ ਜਾਂ ਘਰ-ਬਾਰ ਵਾਰੇ ਕੁੱਝ ਨਹੀਂ ਦੱਸ ਸਕਿਆ। ਪਰ ਉਮੀਦ ਹੈ ਕਿ ਕੁੱਝ ਦਿਨਾਂ ਦੀ ਸੇਵਾ-ਸੰਭਾਲ ਉਪਰੰਤ ਉਹ ਆਪਣੇ ਘਰ-ਬਾਰ ਵਾਰੇ ਕੁੱਝ ਦੱਸ ਸਕੇਗਾ। ਆਸ਼ਰਮ ਦੇ ਪ੍ਰਧਾਨ ਸ. ਚਰਨ ਸਿੰਘ ਜੋਧਾਂ ਅਤੇ ਆਸ਼ਰਮ ਦੇ ਫਾਊਂਡਰ ਡਾ. ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਰਜਿ. ਅਤੇ ਚੈਰੀਟੇਬਲ ਸੰਸਥਾ ਹੈ ਅਤੇ ਇਸ ਵਿੱਚ ਇੱਕ ਸੌ ਚਾਲੀ ਦੇ ਕਰੀਬ ਲਾਵਾਰਸ-ਬੇਘਰ ਮਰੀਜ਼ ਰਹਿੰਦੇ ਹਨ। ਇਨ੍ਹਾਂ ਮਰੀਜ਼ਾਂ ਤੋਂ ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਇੱਥੋਂ ਦਾ ਸਾਰਾ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਇੰਡੀਆ (ਮੋਬਾਇਲ) 95018-42506; ਕੈਨੇਡਾ: 403-401-8787 ਉੱਤੇ ਸੰਪਰਕ ਕਰ ਸਕਦੇ ਹੋ।
Home Page ਸੜਕ ਕੰਢੇ ਪਏ ਲਾਵਾਰਸ ਮਰੀਜ਼ ਨੂੰ ਸਰਾਭਾ ਆਸ਼ਰਮ ਵਿੱਚ ਮਿਲਿਆ ਨਵਾਂ ਜੀਵਨ