ਸੰਗਰੂਰ, 26 ਜੂਨ – ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 5822 ਵੋਟਾਂ ਨਾਲ ਮਾਤ ਦਿੱਤੀ।
ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ 2,53,154 ਵੋਟਾਂ ਪਈਆਂ ਜਦੋਂ ਕਿ ਗੁਰਮੇਲ ਸਿੰਘ ਘਰਾਚੋਂ ਨੂੰ 2,47,332, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79,668, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 46,298 ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 44,428 ਵੋਟਾਂ ਮਿਲੀਆਂ। ਪਹਿਲੇ ਦੋ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਆਪ ਦੇ ਗੁਰਮੇਲ ਸਿੰਘ ਘਰਾਚੋਂ ਦੀ ਇਹ ਹਾਰ ਮੁੱਖ ਮੰਤਰੀ ਭਗਵੰਤ ਮਾਨ ਲਈ ਨਿੱਜੀ ਤੌਰ ‘ਤੇ ਨਮੋਸ਼ੀ ਭਰੀ ਹੈ ਕਿਉਂਕਿ ਸੰਗਰੂਰ ਉਨ੍ਹਾਂ ਦਾ ਜੱਦੀ ਹਲਕਾ ਵੀ ਹੈ। ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਵੇਲੇ ਇਨ੍ਹਾਂ ਦੋਵੇਂ ਉਮੀਦਵਾਰਾਂ ਵਿੱਚ ਫਸਵੀਂ ਟੱਕਰ ਨਜ਼ਰ ਆਈ। ਸ਼ੁਰੂ ਵਿੱਚ ਆਪ ਉਮੀਦਵਾਰ ਨੇ ਲੀਡ ਲਈ ਪਰ ਬਾਅਦ ਵਿੱਚ ਸ੍ਰੀ ਮਾਨ ਅੱਗੇ ਨਿਕਲ ਗਏ। ਭਾਵੇਂ ਉਨ੍ਹਾਂ ਦੀ ਲੀਡ ਦਾ ਅੰਤਰ ਕਾਫ਼ੀ ਘੱਟ ਸੀ ਪਰ ਆਪ ਉਮੀਦਵਾਰ ਉਸ ਨੂੰ ਤੋੜ ਨਾ ਸਕਿਆ।
ਸੰਗਰੂਰ ਜ਼ਿਮਨੀ ਚੋਣ ਵਿੱਚ ਜੇਤੂ ਹੋਣ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਉਨ੍ਹਾਂ ਨੂੰ ਸਿੱਖ ਕੌਮ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਵੋਟਾਂ ਪਾ ਕੇ ਜਿਤਾਇਆ ਅਤੇ ਸੰਸਦ ਵਿੱਚ ਭੇਜਿਆ ਹੈ। ਉਹ ਹਰ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਤੇ ਸੰਗਰੂਰ ਜ਼ਿਲ੍ਹੇ ਦੀ ਤਰੱਕੀ ਲਈ ਪੂਰੀ ਵਾਹ ਲਾਉਣਗੇ। ਉਨ੍ਹਾਂ ਐਲਾਨ ਕੀਤਾ ਕਿ ਉਹ ਸੰਸਦ ‘ਚ ਪੰਜਾਬੀਆਂ ਦੀ ਆਵਾਜ਼ ਬਣ ਕੇ ਗੂੰਜਣਗੇ।
Home Page ਸੰਗਰੂਰ ਲੋਕ ਸਭਾ ਜ਼ਿਮਨੀ ਚੋਣ : ਸਿਮਰਨਜੀਤ ਸਿੰਘ ਮਾਨ ਨੇ 5822 ਵੋਟਾਂ...