ਮੁੰਬਈ, 7 ਸਤੰਬਰ – 6 ਸਤੰਬਰ ਦਿਨ ਐਤਵਾਰ ਨੂੰ ਮੰਨੇ-ਪ੍ਰਮੰਨੇ ਸੰਗੀਤਕਾਰ ਐੱਸ ਮਹਿੰਦਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਓਸ਼ਿਵਾਰਾ ਵਿਖੇ ਆਪਣੇ ਘਰ ‘ਚ 95 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ। ਸੰਗੀਤਕਾਰ ਐੱਸ ਮਹਿੰਦਰ ਨੂੰ ਸਾਲ 1956 ਵਿੱਚ ਆਈ ਫਿਲਮ ‘ਸ਼ੀਰੀਂ ਫ਼ਰਹਾਦ’ ਦੇ ਗਾਣੇ ‘ਗੁੱਜਰਾ ਹੁਆ ਜ਼ਮਾਨਾ ਆਤਾ ਨਹੀਂ ਦੁਬਾਰਾ’ ਲਈ ਜਾਣਿਆ ਜਾਂਦਾ ਹੈ।
ਸੰਗੀਤਕਾਰ ਐੱਸ ਮਹਿੰਦਰ ਦੇ ਦੇਹਾਂਤ ਉੱਤੇ ਗਾਇਕਾ ਲਤਾ ਮੰਗੇਸ਼ਕਰ ਨੇ ਦੁੱਖ ਜਤਾਇਆ ਹੈ। ਲਤਾ ਮੰਗੇਸ਼ਕਰ ਨੇ ਆਪਣੇ ਟਵਿਟਰ ਹੈਂਡਲ ਉੱਤੇ ਲਿਖਿਆ, ‘ਅੱਜ ਬਹੁਤ ਚੰਗੇ ਸੰਗੀਤਕਾਰ ਐੱਸ ਮਹਿੰਦਰ ਜੀ ਦਾ ਸਵਰਗਵਾਸ ਹੋਇਆ, ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਬਹੁਤ ਸ਼ਰੀਫ਼ ਅਤੇ ਨੇਕ ਇਨਸਾਨ ਸਨ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ’।
ਜ਼ਿਕਰਯੋਗ ਹੈ ਕਿ ਸੰਗੀਤਕਾਰ ਐੱਸ ਮਹਿੰਦਰ ਮਹਿੰਦਰ ਨੇ ਸਾਲ 1948 ਵਿੱਚ ਆਈ ਫਿਲਮ ‘ਸਹਿਰਾ’ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਬਤੌਰ ਮਿਊਜ਼ਿਕ ਡਾਇਰੈਕਟਰ 1981 ਵਿੱਚ ਆਈ ਆਖ਼ਰੀ ਫਿਲਮ ‘ਦਹੇਜ’ ਸੀ। ਉਨ੍ਹਾਂ ਨੂੰ 1969 ਵਿੱਚ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਵਿੱਚ ਮਿਊਜ਼ਿਕ ਡਾਇਰੈਕਸ਼ਨ ਲਈ ‘ਨੈਸ਼ਨਲ ਫਿਲਮ ਐਵਾਰਡ’ ਵੀ ਮਿਲਿਆ ਸੀ।
ਸੰਗੀਤਕਾਰ ਐੱਸ ਮਹਿੰਦਰ ਜੀ ਦਾ ਪੂਰਾ ਨਾਮ ‘ਸ. ਮਹਿੰਦਰ ਸਿੰਘ ਸਰਨਾ’ ਸੀ। ਉਨ੍ਹਾਂ ਦਾ ਜਨਮ ਆਜ਼ਾਦੀ ਤੋਂ ਪਹਿਲਾਂ ਵਾਲੇ ਅਣਵੰਡੇ ਭਾਰਤ ਵਿੱਚ ਹੋਇਆ ਸੀ। ਉਹ ਪੰਜਾਬ (ਬ੍ਰਿਟਿਸ਼ ਇੰਡੀਆ) ਦੇ ਮੋਂਟਗੋਮਰੀ ਜ਼ਿਲ੍ਹੇ ਦੇ ਸਿੱਲਿਆਂਵਾਲਾ ਪਿੰਡ ਵਿੱਚ 8 ਸਤੰਬਰ 1925 ਨੂੰ ਇੱਕ ਸਿੱਖ ਪਰਵਾਰ ਵਿੱਚ ਪੈਦਾ ਹੋਏ ਸਨ। ਮਹਿੰਦਰ ਦੇ ਪਿਤਾ ਸੁਜਾਨ ਸਿੰਘ ਬਖਸ਼ੀ ਪੁਲਿਸ ਫੋਰਸ ਵਿੱਚ ਸਬ-ਇੰਸਪੈਕਟਰ ਸਨ। ਲਾਹੌਰ ਰੇਡੀਓ ਸਟੇਸ਼ਨ ਵਿੱਚ ਕੰਮ ਕਰਨ ਦੇ ਦੌਰਾਨ ਐੱਸ ਮਹਿੰਦਰ ਦੀ ਮੁਲਾਕਾਤ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਸੁਰੱਈਆ ਨਾਲ ਹੋਈ ਸੀ। ਸੁਆਇਆ ਨੇ ਹੀ ਉਨ੍ਹਾਂ ਨੂੰ ਮੁੰਬਈ ਬੁਲਾਇਆ ਸੀ।
Bollywood News ਸੰਗੀਤਕਾਰ ਐੱਸ ਮਹਿੰਦਰ ਦਾ 95 ਸਾਲ ਦੀ ਉਮਰ ‘ਚ ਦੇਹਾਂਤ