ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦਾ ਪਿੰਡ ਖਾਸੀ ਕਲਾਂ ‘ਚ ਸਸਕਾਰ
ਲੁਧਿਆਣਾ – 18 ਮਈ ਨੂੰ ਲੁਧਿਆਣਾ ਪੁਲੀਸ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ਉੱਪਰ 17 ਮਈ ਨੂੰ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ੪ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ ਜਦੋਂ ਕਿ ਪੁਲੀਸ ਨੇ ਇਨ੍ਹਾਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਨਾਂ ਨਹੀਂ ਦੱਸੇ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਹਮਲੇ ਦੇ ਦੋਸ਼ ‘ਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਇੱਕ ਸਪਰਿੰਗਫੀਲਡ ਰਾਈਫ਼ਲ, ਇੱਕ 315 ਬੋਰ ਦਾ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਅਤੇ ਛਬੀਲ ਦੌਰਾਨ ਵੰਡੀਆਂ ਜਾ ਰਹੀਆਂ ਫਰੂਟੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਅਦ ਹੀ ਮੁਲਜ਼ਮਾਂ ਦੇ ਨਾਵਾਂ ਦਾ ਖ਼ੁਲਾਸਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸਿੱਧਵਾਂ ਨਹਿਰ ‘ਤੇ ਸੁਖਮਨੀ ਐਨਕਲੇਵ ਨੇੜੇ 17 ਮਈ ਦੀ ਸ਼ਾਮ ਨੂੰ ਤਕਰੀਬਨ 8 ਵਜੇ ਤਕਰੀਬਨ ੪੦ ਦੇ ਲਗਭਗ ਅਣਪਛਾਤੇ ਵਿਅਕਤੀਆਂ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ‘ਤੇ ਟਕੂਏ, ਗੰਡਾਸੇ, ਹਾਕੀਆਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਸੀ। ਜਦੋਂ ਉਹ ਆਪਣੇ ਸਾਥੀਆਂ ਨਾਲ ਸ਼ਹਿਰ ਦੇ ਪਿੰਡ ਈਸੇਵਾਲ ਵਿਖੇ ਇਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ। ਇਸ ਹਮਲੇ ਵਿੱਚ ਅਗਲੀ ਸੀਟ ਉੱਪਰ ਬੈਠੇ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੀ ਗੋਲੀ ਲੱਗਣ ਕਾਰਨ ਡੀਐਮਸੀ ਵਿੱਚ ਮੌਤ ਹੋ ਗਈ ਸੀ ਜਦੋਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸਣੇ ਬਾਕੀ ਲੋਕਾਂ ਜਾਨਾਂ ਬਚਾਉਣ ਵਿੱਚ ਸਫਲ ਰਹੇ ਸਨ। ਹਮਲਾਵਰਾਂ ਨੇ ਨਹਿਰ ਕੰਢੇ ਛਬੀਲ ਲਾਈ ਸੀ, ਜਿੱਥੇ ਉਨ੍ਹਾਂ ਸੰਤ ਢੱਡਰੀਆਂ ਵਾਲਿਆਂ ਦੇ ਕਾਫ਼ਲੇ ਨੂੰ ਰੋਕਿਆ ਅਤੇ ਹਮਲਾ ਕਰ ਦਿੱਤਾ।
18 ਮਈ ਨੂੰ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦਾ ਸ਼ਾਮ ਸਾਢੇ ਪੰਜ ਵਜੇ ਪਿੰਡ ਖਾਸੀ ਕਲਾਂ ‘ਚ ਸਸਕਾਰ ਕੀਤਾ ਗਿਆ। ਇਸ ਮੌਕੇ ਭਾਈ ਮੋਹਕਮ ਸਿੰਘ, ਭਾਈ ਧਿਆਨ ਸਿੰਘ ਮੰਡ, ਭਾਈ ਪੰਥਪ੍ਰੀਤ ਸਿੰਘ, ਬਲਜੀਤ ਸਿੰਘ ਦਾਦੂਵਾਲ, ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਅਕਾਲੀ ਦਲ ਤੋਂ ਰਣਜੀਤ ਸਿੰਘ ਢਿੱਲੋਂ, ‘ਆਪ’ ਤੋਂ ਸੰਜੈ ਸਿੰਘ, ਸੁੱਚਾ ਸਿੰਘ ਛੋਟੇਪੁਰ, ਐੱਚ.ਐੱਸ. ਫੂਲਕਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।
Indian News ਸੰਤ ਢੱਡਰੀਆਂ ਵਾਲੇ ‘ਤੇ ਹੋਏ ਜਾਨ ਲੇਵਾ ਹਮਲੇ ਸਬੰਧੀ ਚਾਰ ਗ੍ਰਿਫ਼ਤਾਰ