ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਗਾਜ਼ਾ ਸਬੰਧੀ ਮਤਿਆਂ ’ਤੇ ਵੀਟੋ ਦੀ ਵਰਤੋਂ

ਅਮਰੀਕੀ ਮਤੇ ਨੂੰ ਰੂਸ ਤੇ ਚੀਨ ਅਤੇ ਰੂਸੀ ਮਤੇ ਨੂੰ ਅਮਰੀਕਾ ਤੇ ਬ੍ਰਿਟੇਨ ਨੇ ਵੀਟੋ ਕੀਤੀ
ਸੰਯੁਕਤ ਰਾਸ਼ਟਰ, 26 ਅਕਤੂਬਰ – ਰੂਸ ਅਤੇ ਚੀਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਗਾਜ਼ਾ ਤੱਕ ਮਾਨਵੀ ਸਹਾਇਤਾ ਪਹੁੰਚਾਉਣ ਲਈ ਜੰਗਬੰਦੀ ਦਾ ਸੱਦਾ ਦੇਣ ਵਾਲੇ ਅਮਰੀਕਾ ਦੀ ਅਗਵਾਈ ਹੇਠ ਲਿਆਂਦੇ ਇਕ ਮਤੇ ਦੇ ਖਰੜੇ ’ਤੇ ਵੀਟੋ ਦੀ ਵਰਤੋਂ ਕੀਤੀ। ਇਸ ਮਗਰੋਂ ਬ੍ਰਿਟੇਨ ਅਤੇ ਅਮਰੀਕਾ ਨੇ ਵੀ ਇਜ਼ਰਾਈਲ-ਹਮਾਸ ਜੰਗ ’ਤੇ ਰੂਸ ਵੱਲੋਂ ਲਿਆਂਦੇ ਗਏ ਮਤੇ ਨੂੰ ਵੀਟੋ ਕਰ ਦਿੱਤਾ।
ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਸੁਰੱਖਿਆ ਪਰਿਸ਼ਦ ਨੇ ਇਜ਼ਰਾਈਲ-ਹਮਾਸ ਜੰਗ ’ਤੇ ਅਮਰੀਕਾ ਅਤੇ ਰੂਸ ਵੱਲੋਂ ਪੇਸ਼ ਕੀਤੇ ਗਏ ਦੋ ਵਿਰੋਧੀ ਮਤਿਆਂ ’ਤੇ ਵੋਟਾਂ ਪਾਈਆਂ। ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਪਹਿਲੇ ਮਤੇ ’ਚ ਕਿਹਾ ਗਿਆ ਕਿ ਮੈਂਬਰ ਮੁਲਕਾਂ ਨੂੰ ਅਤਿਵਾਦੀ ਹਮਲਿਆਂ ਖ਼ਿਲਾਫ਼ ਆਪਣੀ ਰੱਖਿਆ ਕਰਨ ਦਾ ਪੂਰਾ ਹੱਕ ਹੈ। ਮਤੇ ’ਚ ਹਮਾਸ ਅਤਿਵਾਦੀਆਂ ਦੇ ਸ਼ਾਸਨ ਵਾਲੇ ਇਲਾਕੇ ਗਾਜ਼ਾ ’ਚ ਪੂਰਨ, ਫੌਰੀ, ਸੁਰੱਖਿਅਤ ਅਤੇ ਬਨਿ੍ਹਾਂ ਕਿਸੇ ਰੁਕਾਵਟ ਦੇ ਪਹੁੰਚ ਬਣਾਉਣ ਲਈ ਸਾਰੇ ਕਦਮ ਚੁੱਕਣ ਦਾ ਸੱਦਾ ਦਿੱਤਾ ਗਿਆ। ਸਲਾਮਤੀ ਪਰਿਸ਼ਦ ਦੇ ਪੱਕੇ ਮੈਂਬਰਾਂ ਰੂਸ ਅਤੇ ਚੀਨ ਨੇ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਮਤੇ ’ਤੇ ਵੀਟੋ ਦੀ ਵਰਤੋਂ ਕੀਤੀ। ਯੂਏਈ ਨੇ ਖਰੜੇ ਖ਼ਿਲਾਫ਼ ਵੋਟ ਪਾਈ ਜਦਕਿ ਇਸ ਦੇ ਪੱਖ ’ਚ 10 (ਅਲਬਾਨੀਆ, ਫਰਾਂਸ, ਇਕੁਆਡੋਰ, ਗੈਬੋਨ, ਘਾਨਾ, ਜਪਾਨ, ਮਾਲਟਾ, ਸਵਿੱਟਜ਼ਰਲੈਂਡ, ਯੂਕੇ ਅਤੇ ਅਮਰੀਕਾ) ਮੈਂਬਰਾਂ ਨੇ ਵੋਟ ਪਾਈ ਜਦਕਿ ਬ੍ਰਾਜ਼ੀਲ ਅਤੇ ਮੋਜ਼ਾਂਬਿਕ ਵੋਟਿੰਗ ਤੋਂ ਦੂਰ ਰਹੇ।
ਮਤੇ ’ਤੇ ਵੋਟਿੰਗ ਤੋਂ ਪਹਿਲਾਂ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਫ਼ੀਰ ਲਿੰਡਾ ਥੌਮਸ-ਗਰੀਨਫੀਲਡ ਨੇ ਕਿਹਾ ਕਿ ਵਾਸ਼ਿੰਗਟਨ ਨੇ ਮਜ਼ਬੂਤ ਅਤੇ ਸੰਤੁਲਿਤ ਮਤੇ ’ਤੇ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਰੂਸ ਅਤੇ ਚੀਨ ਵੱਲੋਂ ਮਤੇ ਖ਼ਿਲਾਫ਼ ਵੀਟੋ ਕੀਤੇ ਜਾਣ ’ਤੇ ਨਿਰਾਸ਼ਾ ਜਤਾਈ ਅਤੇ ਸਲਾਮਤੀ ਪਰਿਸ਼ਦ ਦੇ ਮੈਂਬਰਾਂ ਨੂੰ ਰੂਸ ਦੇ ਮਤੇ ’ਤੇ ਵੋਟ ਦੇ ਕੇ ਮਾਸਕੋ ਦੇ ‘ਨਿਖੇਧੀ ਭਰੇ ਅਤੇ ਗ਼ੈਰਜ਼ਿੰਮੇਵਾਰਾਨਾ ਵਤੀਰੇ’ ਨੂੰ ਹੱਲਾਸ਼ੇਰੀ ਨਾ ਦੇਣ ਦੀ ਬੇਨਤੀ ਕੀਤੀ। ਇਸ ਮਗਰੋਂ ਸਲਾਮਤੀ ਪਰਿਸ਼ਦ ਨੇ ਮਾਸਕੋ ਦੇ ਮਤੇ ’ਤੇ ਵੀ ਵੋਟਿੰਗ ਕਰਵਾਈ ਜਿਸ ’ਚ ਮਾਨਵੀ ਜੰਗਬੰਦੀ, ਗਾਜ਼ਾ ’ਚ ਬਨਿ੍ਹਾਂ ਕਿਸੇ ਰੁਕਾਵਟ ਦੇ ਸਹਾਇਤਾ ਪਹੁੰਚਾਉਣ ਅਤੇ ਇਜ਼ਰਾਇਲੀ ਫ਼ੌਜੀਆਂ ਵੱਲੋਂ ਗਾਜ਼ਾ ਦੇ ਲੋਕਾਂ ਨੂੰ ਦੱਖਣੀ ਹਿੱਸੇ ’ਚ ਜਾਣ ਦੇ ਹੁਕਮ ਤੁਰੰਤ ਰੱਦ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਮਤੇ ਦੇ ਪੱਖ ’ਚ ਢੁੱਕਵੇਂ ਵੋਟ ਨਹੀਂ ਪਏ। ਚਾਰ ਮੁਲਕਾਂ ਚੀਨ, ਗੈਬੋਨ, ਰੂਸ ਅਤੇ ਯੂਏਈ ਨੇ ਇਸ ਦੇ ਪੱਖ ’ਚ ਵੋਟ ਦਿੱਤਾ ਜਦਕਿ ਬ੍ਰਿਟੇਨ ਅਤੇ ਅਮਰੀਕਾ ਨੇ ਇਸ ’ਤੇ ਵੀਟੋ ਦੀ ਵਰਤੋਂ ਕੀਤੀ ਅਤੇ ਨੌਂ ਮੁਲਕ ਅਲਬਾਨੀਆ, ਬ੍ਰਾਜ਼ੀਲ, ਇਕੁਆਡੋਰ, ਫਰਾਂਸ, ਘਾਨਾ, ਜਪਾਨ, ਮਾਲਟਾ, ਮੋਜ਼ਾਂਬਿਕ ਅਤੇ ਸਵਿੱਟਜ਼ਰਲੈਂਡ ਵੋਟਿੰਗ ਤੋਂ ਦੂਰ ਰਹੇ।
ਪਿਛਲੇ ਇਕ ਹਫ਼ਤੇ ’ਚ ਇਹ ਚੌਥੀ ਵਾਰ ਹੈ ਜਦੋਂ ਸਲਾਮਤੀ ਪਰਿਸ਼ਦ ਇਜ਼ਰਾਈਲ ’ਤੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਮਗਰੋਂ ਸ਼ੁਰੂ ਹੋਈ ਜੰਗ ’ਚ ਕੋਈ ਮਤਾ ਸਵੀਕਾਰ ਕਰਨ ਅਤੇ ਇਕਜੁੱਟ ਹੋ ਕੇ ਕਾਰਵਾਈ ਕਰਨ ’ਚ ਨਾਕਾਮ ਰਹੀ ਹੈ। ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਸਥਾਈ ਨੁਮਾਇਦੇ ਗਿਲਾਡ ਅਰਡਨ ਨੇ ਕਿਹਾ ਕਿ ਅਮਰੀਕਾ ਦੇ ਮਤੇ ਖ਼ਿਲਾਫ਼ ਵੋਟ ਕਰਨ ਵਾਲੇ ਪਰਿਸ਼ਦ ਦੇ ਮੈਂਬਰਾਂ ਨੇ ਦੁਨੀਆ ਨੂੰ ਇਹ ਦਿਖਾ ਦਿੱਤਾ ਹੈ ਕਿ ਸਲਾਮਤੀ ਪਰਿਸ਼ਦ ਇਸਲਾਮਿਕ ਸਟੇਟ ਜਿਹੇ ਅਤਿਵਾਦੀਆਂ ਦੀ ਨਿੰਦਾ ਕਰਨ ਦਾ ਸਭ ਤੋਂ ਬੁਨਿਆਦੀ ਕੰਮ ਕਰਨ ਦੇ ਵੀ ਅਸਮਰੱਥ ਹੈ ਅਤੇ ਘਨਿਾਉਣੇ ਅਪਰਾਧਾਂ ਦੇ ਪੀੜਤਾਂ ਦੀ ਰੱਖਿਆ ਦੇ ਅਧਿਕਾਰ ਦੀ ਪੁਸ਼ਟੀ ਵੀ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ’ਤੇ ਦੱਖਣ ਤੋਂ ਹਮਾਸ ਅਤੇ ਉੱਤਰ ’ਚ ਹਿਜ਼ਬੁੱਲਾ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।