ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 30 ਜਨਵਰੀ – ਭਾਰਤ ਦੌਰੇ ਦੇ ਦੂਜੇ ਦਿਨ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਸਾਬਾ ਕੋਰੋਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ‘ਚ ਕਿਹਾ ਕਿ ਗੱਲਬਾਤ ਵਿੱਚ ਜਲ ਸਰੋਤਾਂ ਨੂੰ ਸੰਭਾਲਣ ਦਾ ਮੁੱਦਾ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਜੀ-20 ਲਈ ਭਾਰਤ ਨੂੰ ਦਿੱਤੀ ਗਈ ਹਮਾਇਤ ਦਾ ਵੀ ਧੰਨਵਾਦ ਕੀਤਾ ਹੈ। ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੋਰੋਸੀ ਨੇ ਮੀਟਿੰਗ ਨੂੰ ‘ਬੇਹੱਦ ਚੰਗੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੰਸਾਰ ਪੱਧਰ ’ਤੇ ਭਾਰਤ ਦੀ ਭੂਮਿਕਾ ਉਤੇ ਕੇਂਦਰਤ ਸੀ। ਉਨ੍ਹਾਂ ਕਿਹਾ ਕਿ ਅਤਿਵਾਦ ਦਾ ਮੁੱਦਾ ਚਰਚਾ ਦਾ ਹਿੱਸਾ ਨਹੀਂ ਸੀ, ਪਰ ਇਹ ਮਹੱਤਵਪੂਰਨ ਮੁੱਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸਲਾਮਤੀ ਪ੍ਰੀਸ਼ਦ ਵਿਚ ਸੁਧਾਰ ’ਤੇ ਕਾਫ਼ੀ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਹੱਦ ਪਾਰ ਅਤਿਵਾਦ ਦਾ ਮੁੱਦਾ ਗੱਲਬਾਤ ਦੇ ਏਜੰਡੇ ’ਤੇ ਨਹੀਂ ਸੀ ਪਰ ਉਹ ਭਾਰਤ ਨੂੰ ਦਰਪੇਸ਼ ਮੁੱਦਿਆਂ ਦੀ ਅਹਿਮੀਅਤ ਤੋਂ ਜਾਣੂ ਹਨ।
ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਕੋਰੋਸੀ ਨਾਲ ਮੁਲਾਕਾਤ ਤੋਂ ਬਾਅਦ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਆਲਮੀ ਚੁਣੌਤੀਆਂ, ਸੰਯੁਕਤ ਰਾਸ਼ਟਰ ਵਿਚ ਸੁਧਾਰ, ਯੂਕਰੇਨ ਜੰਗ ਤੇ ਜੀ20 ਦੇ ਏਜੰਡੇ ਉਤੇ ਚਰਚਾ ਕੀਤੀ ਹੈ। ਇਸ ਤੋਂ ਪਹਿਲਾਂ ਕੂਟਨੀਤਕਾਂ, ਰਣਨੀਤਕ ਮਾਮਲਿਆਂ ਬਾਰੇ ਮਾਹਿਰਾਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਗਰੁੱਪ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਕੋਰੋਸੀ ਨੇ ਕਿਹਾ ਕਿ ਯੂਕਰੇਨ ’ਤੇ ਉਸ ਦੇ ਇਕ ਸਥਾਈ ਮੈਂਬਰ (ਰੂਸ) ਵੱਲੋਂ ਹਮਲਾ ਕਰਨ ਅਤੇ ਜੰਗ ਖ਼ਤਮ ਕਰਨ ’ਚ ਨਾਕਾਮ ਰਹਿਣ ਨਾਲ ਸਲਾਮਤੀ ਪਰਿਸ਼ਦ ਦੀ ਨੁਕਸਦਾਰ ਪ੍ਰਣਾਲੀ ਉਜਾਗਰ ਹੋ ਗਈ ਹੈ। ਕੋਰੋਸੀ ਨੇ ਵਿਸ਼ਵ ਸ਼ਕਤੀ ਦੇ ਬਦਲਦੇ ਸੰਤੁਲਨ ਅਤੇ ਵੱਖ-ਵੱਖ ਦੇਸ਼ਾਂ ਦੇ ਆਰਥਿਕ ਭਾਰ ਨੂੰ ਦਰਸਾਉਣ ਲਈ ਸਲਾਮਤੀ ਪਰਿਸ਼ਦ ਵਿੱਚ ਤੁਰੰਤ ਸੁਧਾਰ ਦੀ ਮੰਗ ਕੀਤੀ। ਭਾਰਤ ਆਪਣੀ ਆਬਾਦੀ ਦੇ ਆਕਾਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਭੂਮਿਕਾ ਨੂੰ ਦੇਖਦੇ ਹੋਏ ਸਲਾਮਤੀ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਦੀ ਜ਼ੋਰਦਾਰ ਮੰਗ ਕਰਦਾ ਆ ਰਿਹਾ ਹੈ। ਉਨ੍ਹਾਂ ਇਹ ਵੀ ਹੈਰਾਨੀ ਪ੍ਰਗਟਾਈ ਕਿ ਸੁਧਾਰ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਅਜੇ ਤੱਕ ਇੱਕ ਵੀ ਸਮਝੌਤੇ ਦਾ ਦਸਤਾਵੇਜ਼ ਤਿਆਰ ਨਹੀਂ ਕੀਤਾ ਗਿਆ ਹੈ। ਕੋਰੋਸੀ ਨੇ ਕਿਹਾ ਕਿ ਮੈਂਬਰ ਮੁਲਕ ਸੁਧਾਰ ਪ੍ਰਕਿਰਿਆ ਨੂੰ ਅਗਾਂਹ ਵਧਾ ਸਕਦੇ ਹਨ ਪਰ ਉਨ੍ਹਾਂ ਦੇ ਹਿੱਤ ਵੰਡੇ ਹੋਏ ਹਨ ਅਤੇ ਕੁਝ ਮੁਲਕ ਤਾਂ ਮੌਜੂਦਾ ਨੁਕਸਦਾਰ ਪ੍ਰਣਾਲੀ ਦੇ ਹੱਕ ’ਚ ਹਨ।