ਸੰਸਦ ’ਚ ਕੁਝ ਖਾਸ ਸ਼ਬਦਾਂ ਦੀ ਵਰਤੋਂ ਉਪਰ ਪਾਬੰਦੀ ’ਤੇ ਵਿਰੋਧੀ ਧਿਰ ਵੱਲੋਂ ਤਿੱਖੀ ਆਲੋਚਨਾ

ਨਵੀਂ ਦਿੱਲੀ, 14 ਜੁਲਾਈ – ਸੰਸਦ ’ਚ ਕੁਝ ਖਾਸ ਸ਼ਬਦਾਂ ਦੀ ਵਰਤੋਂ ’ਤੇ ਲਾਈ ਗਈ ਰੋਕ ਦੀ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਸ਼ਿਵ ਸੈਨਾ ਨੇ ਤਿੱਖੀ ਆਲੋਚਨਾ ਕੀਤੀ ਹੈ। ਇਨ੍ਹਾਂ ਪਾਰਟੀਆਂ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਮੋਦੀ ਸਰਕਾਰ ਦੀ ਨਿੰਦਾ ਲਈ ਵਰਤੇ ਜਾਣ ਵਾਲੇ ਸਾਰੇ ਸ਼ਬਦ ਹੁਣ ‘ਗ਼ੈਰ ਸੰਸਦੀ’ ਸਮਝੇ ਜਾਣਗੇ। ਲੋਕ ਸਭਾ ਸਕੱਤਰੇਤ ਦੇ ਨਵੇਂ ਕਿਤਾਬਚੇ ਮੁਤਾਬਕ ਹੁਣ ‘ਜੁਮਲਾਜੀਵੀ’, ‘ਬਾਲ ਬੁੱਧੀ’, ‘ਕੋਵਿਡ ਫੈਲਾਉਣ ਵਾਲਾ’ ਜਿਹੇ ਖਾਸ ਅਤੇ ਆਮ ਵਰਤੇ ਜਾ ਰਹੇ ਸ਼ਬਦ ‘ਸ਼ਰਮਿੰਦਾ’, ‘ਅਪਮਾਨਜਨਕ’, ‘ਧੋਖੇਬਾਜ਼’, ‘ਭ੍ਰਿਸ਼ਟ’, ‘ਨਾਟਕਬਾਜ਼ੀ’, ‘ਪਾਖੰਡ’ ਅਤੇ ‘ਅਯੋਗ’ ਆਦਿ ਲੋਕ ਸਭਾ ਅਤੇ ਰਾਜ ਸਭਾ ’ਚ ਗ਼ੈਰ ਸੰਸਦੀ ਮੰਨੇ ਜਾਣਗੇ। ਕਾਂਗਰਸ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੂੰ ਅਪੀਲ ਕੀਤੀ ਹੈ ਕਿ ਉਹ ਫ਼ੈਸਲੇ ’ਤੇ ਨਜ਼ਰਸਾਨੀ ਕਰਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਫ਼ੈਸਲੇ ਨੂੰ ‘ਨਵੇਂ ਭਾਰਤ ਲਈ ਨਵੀਂ ਡਿਕਸ਼ਨਰੀ’ ਕਰਾਰ ਦਿੱਤਾ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਕਾਰਜਸ਼ੈਲੀ ਦਾ ਸਹੀ ਵਿਖਿਆਨ ਕਰਨ ਵਾਲੇ ਸ਼ਬਦਾਂ ਨੂੰ ਬੋਲਣ ’ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਗ਼ੈਰ ਸੰਸਦੀ ਵਾਕ ਦੀ ਮਿਸਾਲ ਦਿੰਦਿਆਂ ਕਿਹਾ,‘‘ਜਦੋਂ ਉਸ ਦੇ ਝੂਠ ਅਤੇ ਅਯੋਗਤਾ ਦਾ ਪਰਦਾਫਾਸ਼ ਹੋ ਗਿਆ ਤਾਂ ਜੁਮਲਾਜੀਵੀ ਤਾਨਾਸ਼ਾਹ ਮਗਰਮੱਛ ਦੇ ਹੰਝੂ ਵਹਾਉਂਦਾ ਹੈ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ,‘‘ਮੋਦੀ ਸਰਕਾਰ ਦੀ ਸਚਾਈ ਦਿਖਾਉਣ ਲਈ ਵਿਰੋਧੀ ਧਿਰ ਵੱਲੋਂ ਵਰਤੇ ਜਾਣ ਵਾਲੇ ਸਾਰੇ ਸ਼ਬਦ ਹੁਣ ਗ਼ੈਰ ਸੰਸਦੀ ਮੰਨੇ ਜਾਣਗੇ। ਹੁਣ ਅੱਗੇ ਕੀ ਵਿਸ਼ਗੁਰੂ।’’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਮਨਸ਼ਾ ਹੈ ਕਿ ਜਦੋਂ ਉਹ ਜਦੋਂ ਭ੍ਰਿਸ਼ਟਾਚਾਰ ਕਰੇ ਤਾਂ ਉਸ ਨੂੰ ਭ੍ਰਿਸ਼ਟ ਨਹੀਂ ਸਗੋਂ ਭ੍ਰਿਸ਼ਟਾਚਾਰ ਦਾ ‘ਮਾਸਟਰਸਟ੍ਰੋਕ’ ਆਖਿਆ ਜਾਵੇ। ‘ਦੋ ਕਰੋੜ ਨੌਕਰੀਆਂ, ਕਿਸਾਨਾਂ ਦੀ ਆਮਦਨ ਦੁੱਗਣੀ ਜਿਹੇ ਜੁਮਲੇ ਬੋਲਣ ਵਾਲੇ ਨੂੰ ਜੁਮਲਾਜੀਵੀ ਨਹੀਂ ਸਗੋਂ ‘ਤੁਹਾਡਾ ਧੰਨਵਾਦ’ ਬੋਲਿਆ ਜਾਵੇ।’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਸੰਸਦ ’ਚ ਦੇਸ਼ ਦੇ ਅੰਨਦਾਤਿਆਂ ਲਈ ਅੰਦੋਲਨਜੀਵੀ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ ਸੀ? ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸੰਸਦੀ ਕਾਰਵਾਈ ਦੇ ਨਿਯਮਾਂ ਨਾਲ ਜੁੜਿਆ ਪਹਿਲਾਂ ਤੋਂ ਹੀ ਕਿਤਾਬਚਾ ਹੈ ਅਤੇ ਜੇਕਰ ਸਰਕਾਰ ਹੋਰ ਕੁਝ ਥੋਪਣਾ ਚਾਹੁੰਦੀ ਹੈ ਤਾਂ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ‘ਸਾਹਬ ਆਪਣੇ ਗੁਣਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।’
ਤ੍ਰਿਣਮੂਲ ਕਾਂਗਰਸ ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਸੰਸਦ ਦਾ ਇਜਲਾਸ ਕੁਝ ਦਿਨਾਂ ’ਚ ਸ਼ੁਰੂ ਹੋਣ ਵਾਲਾ ਹੈ। ਸੰਸਦ ਮੈਂਬਰਾਂ ’ਤੇ ਇਹ ਪਾਬੰਦੀ ਲਗਾਉਣ ਵਾਲਾ ਹੁਕਮ ਜਾਰੀ ਕੀਤਾ ਗਿਆ ਹੈ। ਹੁਣ ਸਾਨੂੰ ਸੰਸਦ ’ਚ ਆਪਣੀ ਗੱਲ ਰੱਖਦਿਆਂ ‘ਸ਼ਰਮਿੰਦਾ’, ‘ਵਿਸ਼ਵਾਸਘਾਤ’, ‘ਭ੍ਰਿਸ਼ਟ’, ‘ਪਾਖੰਡ’, ‘ਅਯੋਗ’ ਆਦਿ ਬੁਨਿਆਦੀ ਸ਼ਬਦਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ,‘‘ਮੈਂ ਇਹ ਸਾਰੇ ਸ਼ਬਦਾਂ ਦੀ ਵਰਤੋਂ ਕਰਾਂਗਾ। ਮੈਨੂੰ ਮੁਅੱਤਲ ਕਰਕੇ ਦਿਖਾਓ। ਲੋਕਤੰਤਰ ਲਈ ਲੜਨਾ ਹੈ।’’ ਸ਼ਿਵ ਸੈਨਾ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਤਨਜ਼ ਕਸਦਿਆਂ ਕਿਹਾ,‘‘ਕਰੀਏ ਤਾਂ ਕੀ ਕਰੀਏ, ਬੋਲੀਏ ਤਾਂ ਕੀ ਬੋਲੀਏ? ਸਿਰਫ਼ ਵਾਹ ਮੋਦੀ ਜੀ ਵਾਹ! ਇਹ ਪਾਪੂਲਰ ਮੀਮ ਹੁਣ ਸਚਾਈ ਬਣਦਾ ਨਜ਼ਰ ਆ ਰਿਹਾ ਹੈ।’’ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੇ ਲੋਕ ਸਭਾ ’ਚ ਚਰਚਾ ’ਚ ਹਿੱਸਾ ਲੈਣ ਦਾ ਆਪਣਾ ਇਕ ਵੀਡੀਓ ਸਾਂਝਾ ਕਰਦਿਆਂ ਕਿਹਾ,‘‘ਸੰਸਦ ਦੇ ਨਵੇਂ ਨਿਯਮਾਂ ਮੁਤਾਬਕ ਅੰਦੋਲਨਜੀਵੀ ਸੰਸਦੀ ਭਾਸ਼ਾ ਹੈ ਪਰ ਜੁਮਲਾਜੀਵੀ ਗ਼ੈਰ ਸੰਸਦੀ। ਕਿਉਂਕਿ ਪ੍ਰਧਾਨ ਮੰਤਰੀ ਜੀ ਦੇ ਅੰਦੋਲਨਜੀਵੀ ਸ਼ਬਦ ਦੇ ਜਵਾਬ ’ਚ ਮੈਂ ਉਸੇ ਦਿਨ ਜੁਮਲਾਜੀਵੀ ਸ਼ਬਦ ਦੀ ਵਰਤੋਂ ਕੀਤੀ ਸੀ।’’ ਉਨ੍ਹਾਂ ਸਵਾਲ ਕੀਤਾ ਕੀ ਇਸ ਲਈ ਹੀ ਨਿਯਮਾਂ ’ਚ ਬਦਲਾਅ ਕੀਤਾ ਜਾ ਰਿਹਾ ਹੈ।