ਸੰਸਦ ਵਿਸ਼ੇਸ਼ ਸੈਸ਼ਨ: ਦੇਸ਼ ਦੇ ਨਿਰਮਾਣ ’ਚ ਨਹਿਰੂ, ਸ਼ਾਸਤਰੀ, ਮਨਮੋਹਨ ਸਿੰਘ ਤੇ ਵਾਜਪਾਈ ਦਾ ਅਹਿਮ ਯੋਗਦਾਨ – ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 18 ਸਤੰਬਰ – ਅੱਜ ਸ਼ੁਰੂ ਹੋਏ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਿਹਾ ਕਿ ਨਵੇਂ ਕੰਪਲੈਕਸ ਵਿੱਚ ਜਾਣ ਤੋਂ ਪਹਿਲਾਂ ਇਸ ਸੰਸਦ ਭਵਨ ਨਾਲ ਜੁੜੇ ਪ੍ਰੇਰਨਾਦਾਇਕ ਪਲਾਂ ਨੂੰ ਯਾਦ ਕਰਨ ਦਾ ਸਮਾਂ ਆ ਗਿਆ ਹੈ। ਇਹ ਪੁਰਾਣਾ ਸੰਸਦ ਭਵਨ ਸਾਡੇ ਦੇਸ਼ ਵਾਸੀਆਂ ਦੇ ਪਸੀਨੇ, ਮਿਹਨਤ ਅਤੇ ਪੈਸੇ ਨਾਲ ਬਣਿਆ ਹੈ। ਜੀ-20 ਸੰਮੇਲਨ ਦੀ ਸਫਲਤਾ ਕਿਸੇ ਇਕ ਵਿਅਕਤੀ ਜਾਂ ਕਿਸੇ ਇਕ ਪਾਰਟੀ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਸਫਲਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇਸ਼ ਦੇ ਨਿਰਮਾਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਪੀਵੀ ਨਰਸਿਮਹਾ ਰਾਓ, ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਇਹ ਭਾਰਤੀ ਲੋਕਤੰਤਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸੰਸਦ ‘ਚ ਆਮ ਲੋਕਾਂ ਦਾ ਭਰੋਸਾ ਵਧਿਆ ਹੈ।