ਸੌਦਾਗਰ ਸਿੰਘ ਬਾੜੀਆਂ
ਧਰਮ ਤੇ ਕਰਮ ਇਨਸਾਨ ਦੀ ਜਿੰਦਗੀ ਦੇ ਦੋ ਅਜਿਹੇ ਮਹੱਤਵ ਪੂਰਨ ਪਹਿਲੂ ਹਨ, ਜਿਨ੍ਹਾਂ ਤੋਂ ਬਿਨਾਂ ਇਨਸਾਨ ਅਧੂਰਾ ਮੰਨਿਆ ਜਾਦਾ ਹੈ। ਸਮਾਜ ਵਿੱਚ ਵਿਚਰਨ ਲਈ ਇਨਸਾਨ ਲਈ ਧਰਮ ਦੀ ਮੋਹਰ ਲੱਗੀ ਹੋਣੀ ਬਹੁਤ ਜਰੂਰੀ ਮੰਨੀ ਜਾਦੀ ਹੈ। ਜਿਹੜਾ ਸਮਾਜ ਨੇ ਇਨਸਾਨ ਦੇ ਲਈ ਬਹੁਤ ਹੀ ਅਤੀ ਜ਼ਰੂਰੀ ਕੀਤਾ ਹੋਇਆ ਹੈ ਅਸਲ ਵਿੱਚ ਉਹ ਧਰਮ ਕੀ ਹੈ। ਅਸੀ ਧਰਮ ਦੇ ਅਰਥ ਆਪਣੀ ਲੋੜ ਮੁਤਾਬਿਕ ਹੀ ਕਰ ਲੈਂਦੇ ਹਾ ਜਾਂ ਸਾਫ਼ ਜਿਹੇ ਸ਼ਬਦਾਂ ਵਿੱਚ ਕਹਿ ਲਈਏ ਕਿ ਹਵਾ ਦੇਖ ਹੀ ਛੱਜ ਲਾ ਛੱਡੀ ਦਾ ਆ। ਪਿਛਲੇ ਦਿਨੀਂ ਆਪਣੇ ਆਪ ਨੂੰ ਸਿੱਖ ਧਰਮ ਦਾ ਉੱਚ ਕੋਟੀ ਦਾ ਵਿਦਵਾਨ, ਅਖਵਾਉਣ ਵਾਲੇ ਕਥਾਕਾਰ ਨਾਲ ਵਾਰਤਾਲਾਪ ਕਰਨ ‘ਤੇ ਸੁਣਨ ਦਾ ਮੌਕਾ ਮਿਲਿਆ। ਇਸ ਵਿਦਵਾਨ ਨੂੰ ਕੁਝ ਵੀਰਾ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਸਿੱਖਾ ਨੂੰ ਮੀਟ ਖਾਣ ਬਾਰੇ ਪੁਛਿਆ ਤਾ ਉਸ ਕਥਾਕਾਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਆਖਿਆ ਸਿੱਖਾ ਲਈ ਮੀਟ ਖਾਣਾ ਜਾਇਜ਼ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮੀਟ ਖਾਣ ਦੀ ਮਨਾਹੀ ਕਿਤੇ ਵੀ ਨਹੀਂ ਕੀਤੀ ਹੋਈ। ਉਸ ਦੇ ਵਿਚਾਰਾ ਨਾਲ ਵੀਰ ਸਹਿਮਤ ਨਾ ਹੋਏ ਤਦ ਉਨ੍ਹਾਂ ਵਲੋਂ ਗੁਰੂ ਗ੍ਰੰਥ ਸਾਹਿਬ…….. ਵਿੱਚ ਦਰਜ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੀ ਪੰਗਤੀ ਬੋਲੀ ‘ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਹਿ’………..ਤਾ ਪੰਥ ਦੇ ਮਹਾਨ ਕਥਾਕਾਰ ਸਾਹਿਬ ਹੁਣੀ ਮਾਛੁਲੀ ਦੇ ਅਰਥ ਕਰਦੇ ਹੋਏ ਦੱਸਿਆ ਕਬੀਰ ਸਾਹਿਬ ਇੱਥੇ ਮੱਛੀ ਦੀ ਗੱਲ ਨਹੀਂ ਕਰਦੇ ਸਗੋਂ ਕਬੀਰ ਸਾਹਿਬ ਉੱਤਰ ਪ੍ਰਦੇਸ ਵਿੱਚ ਮਾਛੁਲੀ ਨਾਮੀ ਇੱਕ ਨਸ਼ੇ ਦੀ ਗੱਲ ਕਰਦੇ ਹਨ। ਇਸ ਤਰਾ ਹੀ ਅਸੀਂ ਧਰਮ ਦੇ ਅਰਥ ਕਰੀ ਬੈਠੇ ਹਾ। ਜਿੱਥੇ ਧਰਮ ਆ ਗਿਆ, ਬਸ ਉੱਥੇ ਇਹ ਸਿੱਖ ਹੈ, ਇਹ ਮੁਸਲਮਾਨ ਹੈ, ਇਹ ਹਿੰਦੂ ਹੈ ਆਦਿ। ਇੱਕ ਨਿਰਪੱਖ ਨਜ਼ਰੀਏ ਨਾਲ ਵੇਖੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਧਰਮ ਦਾ ਕੋਈ ਸਵਰੂਪ ਨਹੀਂ, ਧਰਮ ਕੁਝ ਲੋਕਾ ਤੱਕ ਸੀਮਤ ਨਹੀਂ, ਧਰਮ ਕੋਈ ਸੰਸਥਾ ਨਹੀਂ। ਧਰਮ ਪਾਣੀ ਵਾਂਗ ਨਿਰਮਲ ਤੇ ਹਵਾ ਵਾਂਗ ਸ਼ੀਤਲ ਹੈ। ਅਸੀਂ ਇਨ੍ਹਾਂ ਦੁਨੀਆਵੀ ਧਰਮਾ ਤੋਂ ਉੱਚੇ ਉੱਠ ਕੇ ਦੇਖੀਏ ਤਾਂ ਧਰਮ ਦੀ ਅਸਲ ਪਰਿਭਾਸ਼ਾ ਨਜ਼ਰੀ ਆਵੇਗੀ। ਸਮਾਜ ਦੇ ਵਿੱਚ ਜਿਉਣ ਲਈ ਧਰਮ ਇਨਸਾਨ ਲਈ ਇੱਕ ਸੀਮਾ ਨਿਰਧਾਰਿਤ ਕਰਦਾ ਹੈ, ਇਨਸਾਨ ‘ਤੇ ਕੁਝ ਬੰਦਸ਼ਾਂ ਲਾਗੂ ਕਰਦਾ ਹੈ। ਧਰਮ ਦੁਆਰਾ ਬਣਾਏ ਦਾਇਰੇ ਵਿੱਚ ਰਹਿ ਕੇ ਇਨਸਾਨ ਆਪਣਾ ਜੀਵਨ ਜਿਉਂਦਾ ਹੈ। ਜੋ ਇਨਸਾਨ ਧਰਮ ਦੁਆਰਾ ਬਣਾਏ ਦਾਇਰੇ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਹੈ, ਅਸੀਂ ਉਸ ਨੂੰ ਧਾਰਮਿਕ ਇਨਸਾਨ ਕਹਿੰਦੇ ਹਾ। ਜੋ ਇਸ ਦਾਇਰੇ ਤੋਂ ਬਾਹਰ ਹੋ ਜਾਂਦਾ ਹੈ, ਸਮਾਜ ਉਸ ਨੂੰ ਅਧਰਮੀ ਦੇ ਨਾਮ ਨਾਲ ਸੰਬੋਧਿਤ ਕਰਦਾ ਹੈ। ਦੁਨੀਆ ਦੇ ਹਰੇਕ ਧਰਮ ਦੇ ਧਾਰਮਿਕ ਗੰ੍ਰਥਾਂ ਵਿੱਚ ਇਨਸਾਨ ਲਈ ਇੱਕ ਦਾਇਰਾ, ਇੱਕ ਸੀਮਾ ਨਿਰਧਾਰਿਤ ਕੀਤੀ ਗਈ ਹੈ ਤੇ ਕੁਝ ਅਸੂਲ ਤਿਆਰ ਕੀਤੇ ਗਏ ਹਨ। ਜਿਸ ਅਨੁਸਾਰ ਇਨਸਾਨ ਨੇ ਆਪਣਾ ਜੀਵਨ ਬਤੀਤ ਕਰਨਾ ਹੈ। ਇਨਸਾਨ ਦੇ ਪੂਰੇ ਜੀਵਨ ਕਾਲ ਦੀ ਪ੍ਰਕਿਰਿਆ ਨੂੰ ਅਸੀਂ ਕਰਮ ਕਹਿੰਦੇ ਹਾ। ਅਸੀਂ ਸਧਾਰਨ ਸ਼ਬਦਾਂ ਵਿੱਚ ਕਹਿ ਲਈਏ ਇਨਸਾਨ ਸਮਾਜ ਵਿੱਚ ਵਿਚਰ ਦੇ ਹੋਏ ਜੋ ਵੀ ਪ੍ਰਕਿਰਿਆ (ਕਾਰ-ਵਿਹਾਰ) ਕਰਦਾ ਹੈ ਉਸ ਨੂੰ ਕਰਮ ਕਹਿੰਦੇ ਹਾ। ਕਰਮ ਕਰਨ ਦੇ ਸਿਧਾਂਤ ਜੋ ਇਨਸਾਨ ਨੂੰ ਮਿਲੇ ਹਨ ਉਹ ਧਰਮ ਨੇ ਦਿੱਤੇ ਹਨ। ਉਹ ਕਰਮ ਜੋ ਇਨਸਾਨ ਦੀ ਸ਼ਖਸੀਅਤ ਨੂੰ ਉਭਾਰਦੇ ਹਨ। ਸਮਾਜ ਇਨਸਾਨ ਵਲੋਂ ਕੀਤੇ ਕਰਮਾ ਅਨੁਸਾਰ ਹੀ ਇਨਸਾਨ ਨੂੰ ਚੰਗੇ ਜਾਂ ਬੁਰੇ ਦੀ ਉਪਾਧੀ ਨਾਲ ਨਿਵਾਜਦਾ ਹੈ। ਅਸੀਂ ਦੁਨੀਆ ਵੀ ਧਰਮਾ ਦੇ ਗੇੜ ਵਿੱਚ ਹੀ ਫਸੇ ਹੋਏ ਹਾ। ਧਰਮ ਦੀ ਗੱਲ ਆਉਂਦਿਆਂ ਹੀ ਡਾਂਗਾਂ ਚੁੱਕੀਆਂ ਹੀ ਹੁੰਦੀਆਂ ਹਨ। ਇਹ ਦੁਨੀਆ ਵੀ ਧਰਮਾ ਤੋਂ ਉਪਰ ਜੋ ਧਰਮ ਹੈ ਉਹ ਹੈ ਇਨਸਾਨੀਅਤ ਦਾ ਧਰਮ। ਅਸੀਂ ਆਪਣੇ ਜੀਵਨ ਵਿੱਚ ਇਨਸਾਨੀਅਤ ਦੇ ਧਰਮ ਨੂੰ ਅਜੇ ਤੱਕ ਨਹੀਂ ਅਪਣਾ ਸਕੇ। ਪਰ ਸਾਨੂੰ ਸਮਾਜ ਨੇ ਵੀ ਦੁਨੀਆ ਵੀ ਧਰਮਾ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਪ੍ਰਮਾਤਮਾ ਨੇ ਇੱਕ ਇਨਸਾਨ ਪੈਦਾ ਕੀਤਾ ਏ ਪਰ ਇਹ ਧਰਮਾਂ ਦੀਆਂ ਵੰਡੀਆਂ ਜੋ ਪਾਈਆਂ ਹਨ ਉਹ ਇਨਸਾਨ ਨੇ ਖੁਦ ਪਾਈਆਂ ਹਨ। ਅੱਜ ਸਮਾਜ ਵਿੱਚ ਅਸ਼ਾਂਤੀ ਦਾ ਮੁੱਖ ਕਾਰਨ ਹੀ ਸਾਡੇ ਵਲੋਂ ਪਾਈਆਂ ਧਰਮ ਦੇ ਨਾਮ ‘ਤੇ ਇਹ ਵੰਡੀਆਂ ਹਨ। ਅਸੀਂ ਅੱਜ ਨਾ ਧਰਮੀ ਹਾ ਤੇ ਨਾ ਹੀ ਕਰਮੀ। ਆਪਣੇ ਮਤਲਬ ਲਈ ਹੀ ਧਰਮੀ ਹੋਣ ਦਾ ਢੌਂਗ ਰਚਦੇ ਹਾ। ਇਨਸਾਨ ਨਾ ਤਾਂ ਪਹਿਰਾਵੇ ਨਾਲ ਧਰਮੀ ਹੁੰਦਾ ਹੈ ਤੇ ਨਾ ਹੀ ਦਿਖਾਵੇ ਨਾਲ। ਧਰਮ ਨੇ ਸਾਡੇ ਲਈ ਇੱਕ ਸੀਮਾ ਨਿਰਧਾਰਿਤ ਕਰ ਕੇ ਕੁਝ ਅਸੂਲ ਦਿੱਤੇ ਹਨ। ਅਸੀਂ ਉਸ ਸੀਮਾ ਦੇ ਦਾਇਰੇ ਵਿੱਚ ਰਹਿ ਕੇ ਕਰਮੀ ਬਣਨਾ ਹੈ। ਪਰ ਸਾਡੇ ਸਮਾਜ ਨੇ ਸਾਨੂੰ ਧਰਮੀ ਹੋਣ ‘ਤੇ ਹੀ ਜ਼ੋਰ ਦਿੱਤਾ ਹੋਇਆ ਹੈ। ਧਰਮ ਦੀ ਤਖਤੀ ਤਾਂ ਸਾਡੇ ਜਨਮ ਵੇਲੇ ਹੀ ਸਾਡੇ ਗੱਲੇ ਵਿੱਚ ਪਾ ਦਿੱਤੀ ਜਾਂਦੀ ਹੈ। ਪਰ ਅਸੀਂ ਧਰਮ ਦੇ ਰਾਹ ਤੇ ਚੱਲ ਕੇ ਕਰਮੀ ਬਣਨਾ ਹੈ। ਸਾਡੇ ਪਹਿਰਾਵੇ ਨੇ ਸਾਨੂੰ ਧਰਮੀ ਨਹੀਂ ਬਣਾਉਣਾ ਸਗੋਂ ਸਾਡੇ ਕਰਮਾਂ ਨੇ ਸਾਨੂੰ ਧਰਮੀ ਬਣਾਉਣਾ ਹੈ। ਸਾਡੇ ਇਤਿਹਾਸ ਵਿੱਚ ਬੜੀ ਹੀ ਖੂਬਸੂਰਤ ਮਿਸਾਲ ਮਿਲਦੀ ਹੈ ਭਾਈ ਘਨ੍ਹਈਆ ਜੀ ਦੀ। ਭਾਈ ਸਾਹਿਬ ਜੀ ਨੇ ਯੁੱਧ ਦੇ ਮੈਦਾਨ ਵਿੱਚ ਜ਼ਖ਼ਮੀਆਂ ਨੂੰ ਧਰਮਾਂ ਦੀ ਵਲਗਣ ਦੇ ਦਾਇਰੇ ਤੌਰ ਬਾਹਰ ਨਿਕਲ ਕੇ ਪਾਣੀ ਪਿਲਾਉਣ ਦਾ ਕਰਮ ਕੀਤਾ। ਸਮਾਜ ਨੇ ਭਾਈ ਸਾਹਿਬ ਜੀ ਨੂੰ ਧਰਮੀ ਇਨਸਾਨ ਦਾ ਰੁਤਬਾ ਦਿੱਤਾ। ਭਾਈ ਸਾਹਿਬ ਜੀ ਨੇ ਕਰਮ ਕੀਤਾ ਸੀ ਉਸ ਕਰਮ ਦੀ ਬਦੌਲਤ ਅਸੀਂ ਭਾਈ ਸਾਹਿਬ ਦਾ ਮਾਣ ਸਤਿਕਾਰ ਕਰਦੇ ਹੋਏ ਅੱਜ ਵੀ ਯਾਦ ਕਰਦੇ ਹਾ। ਇੱਕ ਹੋਰ ਛੋਟੀ ਜਿਹੀ ਮਿਸਾਲ ਆ ਹਾੜ ਦਾ ਮਹੀਨਾ ਆਪਣੇ ਪੂਰੇ ਜੋਬਨ ‘ਤੇ ਆ। ਇੱਕ ਇਨਸਾਨ ਖੇਤਾਂ ਵਿੱਚ ਕੰਮ ਕਰ ਰਿਹਾ ਸੀ, ਦੁਪਹਿਰ ਦਾ ਵੇਲਾ, ਉਸ ਇਨਸਾਨ ਨੂੰ ਭੁੱਖ ਤੇ ਪਿਆਸ ਲੱਗੀ ਹੋਈ ਸੀ। ਇੱਕ ਰਾਹੀ ਦੁੱਧ ਦਾ ਡੋਲੂ ਲੈ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ। ਉਸ ਕੰਮ ਕਰਨ ਵਾਲੇ ਇਨਸਾਨ ਨੇ ਦੇਖਿਆ ਕਿ ਇਸ ਰਸਤੇ ਵਿੱਚ ਕੋਈ ਆ ਰਿਹਾ ਹੈ। ਉਸ ਨੇ ਰਾਹ ਦੇ ਲਾਗੇ ਆ ਕੇ ਉਸ ਰਾਹਗੀਰ ਨੂੰ ਰੋਕਿਆ ਤੇ ਆਖਣ ਲੱਗਾ ਵੀਰ ਡੋਲੂ ਵਿੱਚ ਪਾਣੀ ਆ ਤਾ ਘੁੱਟ ਪਿਲਾ ਦੇ। ਅੱਗੋਂ ਰਾਹਗੀਰ ਆਖਣ ਲੱਗਾ ਡੋਲੂ ਵਿੱਚ ਦੁੱਧ ਆ। ਉਸ ਇਨਸਾਨ ਨੇ ਆਖਿਆ ਦੁੱਧ ਦਾ ਘੁੱਟ ਹੀ ਪਿਲਾ ਦੇ ਪਿਆਸ ਨਾਲ ਜਾਨ ਨਿਕਲਦੀ ਜਾਂਦੀ ਆ। ਉਸ ਰਾਹਗੀਰ ਨੇ ਉਸ ਇਨਸਾਨ ਦੀ ਬੇਨਤੀ ਨੂੰ ਨਕਾਰ ਦੇ ਹੋਏ ਪੈਂਤੀ ਕੁ ਕੱਢੀਆਂ ਗਾਲ੍ਹਾਂ ਤੇ ਅੱਗੇ ਹੋ ਤੁਰਿਆ। ਉਹ ਰਾਹਗੀਰ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਦੁੱਧ ਦਾ ਡੋਲੂ ਚਾੜ ਕੇ ਆਪਣੇ ਧਰਮੀ ਹੋਣ ਦਾ ਪ੍ਰਗਟਾਵਾ ਕੀਤਾ। ਇਹ ਗੱਲ ਕਿਸੇ ਇੱਕ ਦੀ ਨਹੀਂ ਸਗੋਂ ਸਾਡੇ ਸਾਰਿਆ ਦੀ ਹੈ। ਅਸੀਂ ਸਾਰੇ ਹੀ ਇਸ ਨੂੰ ਧਰਮ ਸਮਝਦੇ ਹਾ। ਅਸੀਂ ਖੁਦ ਨੂੰ ਇੱਕ ਸਵਾਲ ਕਰੀਏ ਕਿ ਇਹ ਦੁੱਧ ਸਾਡਾ ਪ੍ਰਮਾਤਮਾ ਦੇ ਘਰ ਪ੍ਰਵਾਨ ਹੋਵੇਗਾ। ਜਿਸ ਤਰ੍ਹਾਂ ਗੁਰੂ ਸਾਹਿਬ ਦੇ ਵਚਨ ਹਨ ‘ਗੁਰੂ ਦੀ ਗੋਲਕ ਗਰੀਬ ਦਾ ਮੂੰਹ’। ਅਸੀਂ ਧਰਮੀ ਤਾਂ ਬਣਦੇ ਹਾ ਪਰ ਜੋ ਧਰਮ ਕਹਿੰਦਾ ਅਸੀਂ ਉਹ ਨੀ ਕਰਦੇ। ਧਰਮ ਕਹਿੰਦਾ ਕਰਮ ਕਰ ਪਰ ਮੇਰੇ ਦਾਇਰੇ ਵਿੱਚ ਰਹਿ ਕੇ ਕਰ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਮੰਨਦੇ ਆ ਪਰ ਗੁਰੂ ਦੀ ਨੀ ਮੰਨਦੇ। ਅਸੀਂ ਪਹਿਰਾਵੇ ਤੇ ਦਿਖਾਵੇ ਨਾਲ ਧਰਮੀ ਬਣ ਰਹੇ ਹਾ। ਅੱਜ ਇਨਸਾਨ ਨੂੰ ਧਰਮ ਦੀ ਨਹੀਂ ਕਰਮ ਦੀ ਲੋੜ ਹੈ। ਸਾਡੇ ਪ੍ਰਚਾਰਕ ਵਰਗ ਨੇ ਵੀ ਸਾਨੂੰ ਦੁਨੀਆ ਵੀ ਧਰਮਾਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਜਿਸ ਤਰ੍ਹਾਂ ਕਹਿੰਦੇ ਨੇ ਕਰਮ ਇਨਸਾਨ ਦੇ ਨਾਲ ਜਾਂਦੇ ਨੇ ਤੇ ਉਪਰ ਵੀ ਲੇਖਾ ਜੋਖਾਂ ਕਰਮਾ ਦਾ ਹੀ ਹੁੰਦਾ ਹੈ। ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਕੇ ਕਰਮ ਕਮਾਉਣ ਦੀ ਲੋੜ ਹੈ। ਜੇ ਅਸੀ ਅੱਜ ਕਰਮ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਲਿਆ, ਫਿਰ ਸਾਨੂੰ ਆਪਣੀਆਂ ਕਮੀਜ਼ਾਂ ਤੇ ਟੀ-ਸ਼ਰਟਾਂ ਪਿੱਛੇ ਵੱਡੇ-ਵੱਡੇ ਖੰਡੇ, ਸਿੱਖ ਤੇ ਖਾਲਸਾ ਲਿਖਵਾ ਕੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਕਿ ਅਸੀਂ ਕੋਣ ਹਾਂ। ਪਹਿਲਾਂ ਵੀ ਸਾਡੀ ਕੌਮ ਦੀ ਪਹਿਚਾਣ ਸਾਡੇ ਕਰਮ ਸਨ ਤੇ ਭਵਿੱਖ ਵਿੱਚ ਵੀ ਸਾਡੀ ਪਹਿਚਾਣ ਸਾਡੇ ਕਰਮ ਹੀ ਹੋਣਗੇ।
Cultural ‘ਸੱਚ ਹੈ ਪਰ ਕੌੜਾ’