ਯੂਰੋਪ ਦਾ ਵਜੂਦ ਸਿੱਖਾਂ ਦੀ ਕੁਰਬਾਨੀਆਂ ਕਰਕੇ ਹੈ – ਪ੍ਰਧਾਨ ਜੀ.ਕੇ.
ਸਿੱਖ ਗੁਰੂਆਂ ਅਤੇ ਜਰਨੈਲਾਂ ਨੇ ਗ਼ੁਲਾਮੀ ਦੀਆਂ ਬੇੜੀਆਂ ਨੂੰ ਤੋੜ ਕੇ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ ਦੀ ਖ਼ੁਸ਼ਬੂ ਦਿੱਤੀ ਸੀ
ਨਵੀਂ ਦਿੱਲੀ, 22 ਮਾਰਚ – ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਫ਼ੌਜੀਆਂ ਵੱਲੋਂ ਫਰਾਂਸ ਨੂੰ ਜਰਮਨੀ ਦੇ ਹੱਥ ਜਾਣ ਤੋਂ ਬਚਾਉਣ ਦੀ ਕਹਾਣੀ ‘ਤੇ ਬਣੀ ਪੰਜਾਬੀ ਫਿਲਮ ”ਸੱਜਣ ਸਿੰਘ ਰੰਗਰੂਟ” ਸਿੱਖ ਇਤਿਹਾਸ ਦੇ ਪ੍ਰਚਾਰ ਦੀ ਦਿਸ਼ਾ ‘ਚ ਵੱਡੀ ਭੂਮਿਕਾ ਨਿਭਾਏਗੀ। 20 ਮਾਰਚ ਨੂੰ ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉੱਘੇ ਫਿਲਮ ਕਲਾਕਾਰ ਦਲਜੀਤ ਦੋਸ਼ਾਂਝ ਨਾਲ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਇਸ ਤੋਂ ਪਹਿਲਾਂ ਫਿਲਮ ਦੀ ਪੂਰੀ ਟੀਮ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ 1984 ਸਿੱਖ ਕਤਲੇਆਮ ਦਾ ਦਰਦ ਬਿਆਨ ਕਰਦੀ ”ਸੱਚ ਦੀ ਕੰਧ” ਯਾਦਗਾਰ ਨੂੰ ਦੇਖਿਆ।
ਪ੍ਰਧਾਨ ਜੀ.ਕੇ. ਨੇ ਕਿਹਾ ਕਿ ਦੇਸ਼ ਸਿਰਫ਼ ਅੰਗਰੇਜ਼ਾਂ ਦੀ ਗ਼ੁਲਾਮੀ ਨੂੰ ਤਾਂ ਆਪਣੇ ਇਤਿਹਾਸ ਦਾ ਹਿੱਸਾ ਮੰਨਦਾ ਹੈ ਪਰ 900 ਸਾਲ ਤੋਂ ਵੱਧ ਦੀ ਮੁਗ਼ਲਾਂ ਦੀ ਗ਼ੁਲਾਮੀ ਬਾਰੇ ਮੌਨ ਹੋ ਜਾਂਦਾ ਹੈ। ਜਦੋਂ ਕਿ ਸਿੱਖ ਗੁਰੂਆਂ ਅਤੇ ਜਰਨੈਲਾਂ ਨੇ ਗ਼ੁਲਾਮੀ ਦੀਆਂ ਬੇੜੀਆਂ ਨੂੰ ਤੋੜ ਕੇ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ ਦੀ ਖ਼ੁਸ਼ਬੂ ਦਿੱਤੀ ਸੀ। ਪ੍ਰਧਾਨ ਜੀ.ਕੇ. ਨੇ ਪਹਿਲੇ ਵਿਸ਼ਵ ਯੁੱਧ ‘ਚ ਸਿੱਖ ਫ਼ੌਜੀਆਂ ਵੱਲੋਂ ਅੰਗਰੇਜ਼ ਹਕੂਮਤ ਦੇ ਫ਼ੌਜੀਆਂ ਵਜੋਂ ਲੜੀਆਂ ਗਈਆਂ ਲੜਾਈਆਂ ਨੂੰ ਸਿੱਖ ਇਤਿਹਾਸ ਦੇ ਮਹਾਨ ਸਫ਼ਰ ਦਾ ਹਿੱਸਾ ਦੱਸਿਆ।
ਜਰਮਨੀ ਵੱਲੋਂ ਫਰਾਂਸ ‘ਤੇ ਕਬਜ਼ਾ ਕਰਨ ਵਾਸਤੇ ਕੀਤੇ ਗਏ ਹਮਲੇ ਦਾ ਜਵਾਬ 100 ਸਾਲ ਪਹਿਲੇ ਸਿੱਖ ਫ਼ੌਜੀਆਂ ਵੱਲੋਂ ਕੀਤੇ ਜਾਣ ਦਾ ਵਿਖਾਵਾ ਕਰਨ ਵਾਲੀ ਸੱਜਣ ਸਿੰਘ ਰੰਗਰੂਟ ਫਿਲਮ ਨੂੰ ਬਣਾਉਣ ਵਾਲੀ ਪੂਰੀ ਟੀਮ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਜੀ.ਕੇ. ਨੇ ਕਿਹਾ ਕਿ ਵੱਡੇ ਫਿਲਮਕਾਰ ਅਜਿਹੇ ਮਸਲਿਆਂ ‘ਤੇ ਫਿਲਮ ਬਣਾਉਣ ਤੋਂ ਕਿਨਾਰਾ ਕਰਦੇ ਹਨ। ਇਸ ਲਈ ਇਸ ਫਿਲਮ ਨੂੰ ਬਣਾਉਣ ਵਾਲਿਆਂ ਦੀ ਭਾਵਨਾਵਾਂ ਨੂੰ ਉਹ ਸਲਾਮ ਕਰਦੇ ਹਨ। ਸਿੱਖ ਫ਼ੌਜੀਆਂ ਨੇ 303 ਰਾਈਫ਼ਲ ਅਤੇ ਸੂਤੀ ਕੱਪੜਿਆਂ ਦੇ ਸਹਾਰੇ ਆਪਣੀ ਬਹਾਦਰੀ ਨਾਲ ਜਰਮਨੀ ਨੂੰ ਫਰਾਂਸ ‘ਤੇ ਕਬਜ਼ਾ ਨਹੀਂ ਕਰਨ ਦਿੱਤਾ ਸੀ। ਮਤਲਬ ਪਗੜੀ ਵਾਲੇ ਸਿੱਖਾਂ ਨੇ ਫਰਾਂਸ ਦੀ ਆਜ਼ਾਦੀ ਨੂੰ ਬਹਾਲ ਰੱਖਣ ਵਾਸਤੇ ਆਪਣਾ ਖ਼ੂਨ ਡੋਲਿਆ ਸੀ। ਪਰ ਅਫ਼ਸੋਸ ਫਰਾਂਸ ‘ਚ ਅੱਜ ਸਾਨੂੰ ਦਸਤਾਰ ‘ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਧਾਨ ਜੀ.ਕੇ. ਨੇ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਕਿਹਾ ਕਿ ਜੇਕਰ ਯੂਰੋਪ ਦਾ ਵਜੂਦ ਅੱਜ ਕਾਇਮ ਹੈ ਤਾਂ ਸਿੱਖਾਂ ਦੀ ਕੁਰਬਾਨੀਆਂ ਕਰਕੇ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਵਾਇਸਰਾਏ ਦੇ ਆਦੇਸ਼ ‘ਤੇ ਢਾਹੇ ਜਾਣ ਦਾ ਫ਼ੁਰਮਾਨ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਰਣਧੀਰ ਸਿੰਘ ਅਤੇ ਸਿੱਖ ਫ਼ੌਜੀਆਂ ਦੇ ਜਜ਼ਬੇ ਕਰਕੇ ਅੰਗਰੇਜ਼ ਹਕੂਮਤ ਵੱਲੋਂ ਵਾਪਸ ਲਏ ਜਾਣ ਦਾ ਪ੍ਰਧਾਨ ਜੀ.ਕੇ. ਨੇ ਖ਼ੁਲਾਸਾ ਕੀਤਾ। ਪ੍ਰਧਾਨ ਜੀ.ਕੇ. ਨੇ ਦੱਸਿਆ ਕਿ ਸਿੱਖ ਰੈਜੀਮੈਂਟ ਨੇ ਅੰਗਰੇਜ਼ਾਂ ਨੂੰ ਸਾਫ਼ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹੀ ਗਈ ਤਾਂ ਅਸੀਂ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਖੇਮੇ ਪਾਸੋਂ ਲੜਾਈ ਨਹੀਂ ਲੜਾਂਗੇ।
ਪ੍ਰਧਾਨ ਜੀ.ਕੇ. ਨੇ ਇਟਾਲੀਅਨ ਇਤਿਹਾਸਕਾਰ ਦੀ ਇੱਕ ਕਿਤਾਬ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿੱਖ ਫ਼ੌਜੀਆਂ ਨੇ ਇਟਾਲੀਅਨ ਫੌਜੀਆਂ ਨੂੰ ਯੁੱਧ ਬੰਦੀ ਬਣਾਉਣ ਦੇ ਬਾਵਜੂਦ ਜਿਸ ਚੰਗੇ ਢੰਗ ਨਾਲ ਉਨ੍ਹਾਂ ਦੀ ਸੇਵਾ ਕੀਤੀ, ਉਸ ਦੇ ਇਟਾਲੀਅਨ ਅੱਜ ਵੀ ਕਾਇਲ ਹਨ। ਦਿਲਜੀਤ ਨੇ ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਹੈ ਅਤੇ ਸਿੱਖ ਇਤਿਹਾਸ ਬਾਰੇ ਉਨ੍ਹਾਂ ਦੀ ਜਾਣਕਾਰੀ ‘ਚ ਵੀ ਵਾਧਾ ਹੋਇਆ ਹੈ। ਦਿੱਲੀ ਕਮੇਟੀ ਵੱਲੋਂ ਇਸ ਮੌਕੇ ਫਿਲਮ ਦੀ ਟੀਮ ਨੂੰ ਸ਼ਾਲ, ਨਾਨਕਸ਼ਾਹੀ ਸਿੱਕਾ ਅਤੇ ਇਤਿਹਾਸ ਦੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।
- Entertainment
- Bollywood News
- Home Page
- News
- Indian News
- Kuk Samachar Slider
- Latest Issue
- Punjabi Movies & Songs