ਪੰਜਾਬ ਨੇ ਆਪਣੀਆਂ ਇਤਿਹਾਸਕ ਸੀਮਾਵਾਂ ਅੰਦਰ ਲੋਕ ਹਿਤ ਦੇ ਪੈਂਤੜੇ ਵਾਲੇ, ਲੁੱਟ-ਖਸੁਟ ਅਤੇ ਜ਼ਬਰ ਵਿਰੋਧੀ, ਸੰਗਠਤ, ਸਮਾਜਕ ਅਤੇ ਰਾਜਸੀ ਜਦੋ-ਜਹਿਦ, ਅਧਿਆਤਮਕਤਾ, ਸਰਬ-ਸਾਂਝੀਵਾਲਤਾ, ਨਿਆਪੁਰਣ ਮਨੁੱਖੀ ਸਮਾਨਤਾ ਅਤੇ ਮਨੁੱਖੀ ਆਚਰਣ ਦੀ ਉੱਚਤਾ ਤੇ ਕਿਰਤ ਦੀ ਮਹਿਮਾ ਵਿੱਚ ਉਠੀਆਂ ਲਹਿਰਾਂ ਵਿੱਚ ਬਾ-ਦਸਤੂਰ ਹਿਸਾ ਪਾਇਆ ਹੈ। ਪੰਜਾਬ ਲੋਕ-ਚੇਤਨਾ ਦਾ ਰੂਪਾਂਤਰਣ ਸਭਿਆਚਾਰਕ ਇਨਕਲਾਬ ਜਿਸ ਅਧੀਨ ਅਨੇਕਾਂ ਘੱਲੂ ਘਾਰਿਆ ਅਤੇ ਸੰਘਰਸ਼ਾਂ ਰਾਹੀ ਨਿਤ-ਨਵੀਆ ਵੰਗਾਰਾਂ ਨੂੰ ਆਪਣੇ ਸਰੀਰਾਂ ‘ਤੇ ਹੰਢਾਉਦਿਆਂ ਪਿਆਰ ਦਾ ਹੀ ਉਪਦੇਸ਼ ਦਿੱਤਾ। ਸਿੱਖ-ਗੁਰੂਆਂ ਦੁਆਰਾ ਨਿਰੰਤਰ ਗੁਣਾਤਮਕ ਰੂਪਾਂਤਰਣ ਕਰਦੇ ਰਹਿ ਕੇ ਧਰਮ ਦੀ ਕਿਰਤ, ਵੰਡ ਕੇ ਛੱਕਣ ਅਤੇ ਨਿਆ ਤੇ ਸੱਚ ਲਈ ਪੈਹਰਾ ਦਿੰਦੇ ਰਹਿਣ ਦਾ ਅਮਲੀ ਉਪਦੇਸ਼ ਦੇ ਕੇ ਜਾਤ-ਪਾਤ ਦਾ ਖੰਡਨ ਅਤੇ ਸਹਿਣਸ਼ੀਲਤਾ ਦਾ ਢੰਡੋਰਾ ਪਿਟਿਆ। ਇਹੀ ਕਾਰਨ ਹੈ ਕਿ ਇਥੋਂ ਦੇ ਗੁਰੂਆਂ, ਸੂਫੀਆਂ, ਨਾਥਾਂ, ਸੰਤਾਂ ਤੇ ਫਕੀਰਾਂ ਨੇ ਮਿਲ ਕੇ ਪੰਜਾਬ ਦੇ ਪੰਜ ਦਰਿਆਵਾਂ ਅੰਦਰ ਮਾਂ ਬੋਲੀ ਪੰਜਾਬੀ ਰਾਹੀਂ ਮਿਸ਼ਰੀ ਘੋਲ ਕੇ ਸਾਡੇ ਪੰਜਾਬੀ ਵਿਰਸੇ, ਧਾਰਮਿਕ, ਰਾਜਨੀਤਕ ਅਤੇ ਸਾਹਿਤਕ ਸੱਭਿਆਚਾਰ ਨੂੰ ਇਕ ਇਤਿਹਾਸਕ ਵਿਲੱਖਣਤਾ ਦਾ ਧਾਰਣੀ ਬਣਾ ਦਿੱਤਾ।
ਸਦੀਆਂ ਤੋਂ ਪੰਜਾਬ ਅੰਦਰ ਲੋਕ-ਪ੍ਰੇਮੀ ਨਾਇਕਾਵਾਂ ਹੀਰ, ਸੋਹਣੀ, ਸਾਹਿਬਾ, ਸੱਸੀ ਅਤੇ ਹੋਰਨਾਂ ਦੀਆ ਪਿਆਰ ਕਥਾਵਾਂ ਨੂੰ ਅੱਜ ਵੀ ਯਾਦ ਕਰਦਿਆਂ ਅਸੀਂ ਪੀੜ੍ਹੀ ਦਰ ਪੀੜ੍ਹੀ ਇਕ ਵਿਰਸੇ ਵੱਜੋ ਇਤਿਹਾਸ ਦੇ ਜਿਊਂਦੇ-ਜਾਗਦੇ, ਅੰਗ ਮਹਿਸੂਸ ਕਰ ਰਹੇ ਹਾਂ। ਕਿਉਂਕਿ ਇਨ੍ਹਾਂ ਨਾਇਕਾਵਾਂ ਨੇ ਇਤਿਹਾਸ ਅੰਦਰ ਜਿਸਮਾਨੀ ਜਾਂ ਆਤਮਿਕ ਮੋਹ ਦੀ ਥਾਂ ਇਸ਼ਕ-ਹਕੀਕੀ (ਪਿਆਰ) ਲਈ ਸਭ ਕੁਝ ਕੁਰਬਾਨ ਕਰ ਦਿੱਤਾ।ਇਸ ਕਰਕੇ ਇਹ ਪ੍ਰੇਮ ਕਥਾਵਾਂ ਦਾ ਵਿਰਸਾ ਪੰਜਾਬ ਦੇ ਸਾਹਿਤ ਅੰਦਰ ਲੋਕ ਕਥਾਵਾਂ ਦਾ ਇਤਿਹਾਸ ਬਣ ਗਿਆ। ਇਹ ਕੋਈ ਅਤਿ-ਕਥਨੀ ਨਹੀਂ ਕਿ ਇਕ ਇਸਤਰੀ ਦੇ ਮਨ ਵਿੱਚੋ ਨਿਕਲੀ ਭਾਵਨਾ ਲੋਕ ਗੀਤਾਂ ਦੇ ਰੂਪ ਵਿੱਚ ਜਾਂ ਕਿੱਸਾਕਾਰਾਂ ਦੀਆਂ ਰਚਨਾਵਾਂ ਅੰਦਰ ਵਰਣਨ ਕੀਤੇ ਚਿੱਤਰਾਂ ਵਿੱਚ ਪੇਸ਼ ਕੀਤੇ ਸੀਨ ਅਮਰ ਹੋ ਗਏ ਹਨ। ਸੱਸੀ-ਪੁੰਨੂ ਕਿੱਸਾ ਪੰਰਪਰਾ ਅੰਦਰ ਇਹ ਪ੍ਰੀਤ-ਕਥਾ ਪੰਜਾਬੀ ਕਿੱਸਾ ਕਾਵਿ ਦੀ ਮਹੱਤਵਪੂਰਨ ਕਾਵਿ-ਕ੍ਰਿਤੀ ਹੈ ਜਿਹੜੀ ਪੰਜਾਬ ਜਨ-ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣ ਗਈ ਹੈ।
ਸੱਸੀ-ਪੁੰਨੂ ਦੀ ਪ੍ਰੀਤ ਕਥਾ ਪੰਜਾਬੀ ਕਿੱਸਾ ਕਾਵਿ ਦੀ ਇਕ ਮਹੱਤਵਪੂਰਨ ਕਾਵਿ-ਕ੍ਰਿਤੀ ਹੈ।ਇਹ ਪ੍ਰੀਤ ਕਹਾਣੀ ਚਾਹੇ ਕੱਛ (ਗੁਜਰਾਤ) ਦੇ ਇਲਾਕੇ ਵਿੱਚ ਪੁੰਗਰੀ ਅਤੇ ਪ੍ਰਵਾਨ ਚੜੀ ਪਰ ਇਸ ਪ੍ਰੀਤ ਕਹਾਣੀ ਦੀ ਮਹਿਕ ਸਿੰਧ ਦੇ ਇਲਾਕੇ ਰਾਹੀਂ ਪੰਜਾਬ ਵਿੱਚ ਪਹੰੁਚੀ ਅਤੇ ਪੰਜਾਬੀ ਸੱਭਿਆਚਾਰ ਦਾ ਅੰਗ ਬਣ ਗਈ। 1592 ਈ. ਵਿੱਚ ਅਕਬਰ ਬਾਦਸ਼ਾਹ ਨੇ ਠੱਟੇ ਦੇ ਰਾਜਾ ਮਿਰਜਾ ਬੇਗ ਨੂੰ ਹਰਾਇਆ ਤੇ ਸਿੰਧ ‘ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਮੁਲਤਾਨ ਸੂਬੇ ਦਾ ਹਿੱਸਾ ਬਣਾ ਦਿੱਤਾ, ਉਸ ਸਮੇਂ ਸੱਸੀ-ਪੁੰਨੂ ਦੀ ਪਿਆਰ ਕਹਾਣੀ ਸੰਬੰਧੀ ਬਹੁਤ ਸਾਰੇ ਲੇਖਕਾਂ ਤੇ ਕਿੱਸਾਕਾਰਾਂ ਨੇ ਉਰਦੂ, ਫਾਰਸੀ, ਸਿੰਧੀ, ਬਲੋਚਸਤਾਨੀ ਅਤੇ ਰਾਜਸਥਾਨੀ ਭਾਸ਼ਾਵਾਂ ਵਿੱਚ ਇਸ ਨੂੰ ਉਕਰਿਆ ਹੈ। ਪੰਜਾਬੀ ਵਿੱਚ ਇਹ ਕਿੱਸਾ ਕਦੋਂ ਤੇ ਕਿਥੇ ਲਿਖਿਆ ਗਿਆ ਇਸ ਬਾਰੇ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੈ ? ਡਾ.ਹਰਨਾਮ ਸਿੰਘ ਸ਼ਾਨ ਮੁਤਾਬਕ ‘‘ਸੱਸੀ ਹਾਸ਼ਮ“ ਵਿੱਚ ਸੱਸੀ-ਪੁੰਨੂ ਦੇ ਕਿੱਸੇ ਦਾ ਪਹਿਲਾ ਪੰਜਾਬੀ ਕਿੱਸਾਕਾਰ ਹਾਫ਼ਿਜ਼ ਬਰਖੁਰਦਾਰ ਨੂੰ ਮੰਨਿਆ ਹੈ। ਡਾ.ਮੋਹਨ ਸਿੰਘ ਦੀਵਾਨਾ ਨੇ ਪੁਸ਼ਯ ਨੂੰ ਪੰਜਾਬੀ ਦਾ ਪਹਿਲਾ ਕਿੱਸਾਕਾਰ ਦਰਸਾਇਆ ਹੈ ਜਿਸ ਨੇ ਸੱਸੀ-ਪੁੰਨੂ ਦਾ ਕਿੱਸਾ 770 ਬਿ-ਸੰਮਤ ਵਿੱਚ ਲਿਖਿਆ ਅਤੇ ਕਿੱਸਾਕਾਰ ਮਸਊਦ ਨੇ 1180 ਬਿ.-ਸੰਮਤ ਵਿੱਚ ਹਿੰਦਵੀ ਕਾਵਿ ਵਿੱਚ ਲਿਖਿਆ ਦੱਸਿਆ, ਪਰ ਕੋਈ ਲਿਖਤ ਨਹੀਂ ਮਿਲਦੀ ਹੈ।
ਸੰਸੀ-ਪੁੰਨੂ ਦੀ ਪੀ੍ਰਤ ਬਾਰੇ ਸਭ ਤੋਂ ਪਹਿਲਾ ਲਿਖਤੀ ਰੂਪ ਵਿੱਚ ਸੰਕੇਤ ਭਾਈ ਗੁਰਦਾਸ ਜੀ ਦੁਆਰਾ ਰਚਿਤ 27-ਵੀਂ ਵਾਰ ਦੀ ਪਹਿਲੀ ਪਉੜੀ ਵਿੱਚ ਮਿਲਦਾ ਹੈ;-
‘‘ਲੈਲਾ ਮਜਨੂੰ ਆਸ਼ਕੀ ਚਹੁੰ ਚੱਕੀ ਜਾਤੀ। ਸੋਰਠ ਬੀਜਾ ਗਾਵੀਐ ਜਸ ਸੁਘੜਾ ਵਾਤੀ।
ਸੱਸੀ ਪੁੰਨੂ ਦੋਸਤੀ ਹੋਇ ਜਾਤ ਅਜਾਤੀ। ਮਹੀਵਾਲ ਨੇ ਸੋਹਣੀ ਨੈ ਤਰਦੀ ਰਾਤੀ।“
ਰਾਂਝਾ ਹੀਰ ਵਖਾਦੀਐ ਉਹ ਪਿਰਮ ਪਰਾਤੀ। ਪੀਰ ਮੁਰੀਦਾਂ ਪਿਰਹੜੀ ਗਾਵਨ ਪਾਰ ਭਾਤੀ।
ਪੰਜਾਬੀ ਦੇ ਸਭ ਤੋਂ ਪਹਿਲੇ ਕਿੱਸਾਕਾਰ ਦਮੋਦਰ ਦੁਆਰਾ ਰਚਿਤ ਕਿੱਸਾ ਹੀਰ ਵਿੱਚ ਸੱਸੀ ਪੁੰਨੂ ਦੀ ਪ੍ਰੀਤ ਕਥਾ ਬਾਰੇ ਸੰਕੇਤ ਕੁੁਝ ਮਿਲਦੇ ਹਨ-
‘‘ਕੇ-ਤਕਸੀਰ ਮੈਂ ਬਖਤੋਂ ਤੱਤੀ, ਪਲਿਰ ਨਹੀਂ ਨਿਤੋਈ, ਔਂਸੀ ਨਿੱਤ ਪਈ ਆਰੀ ਕੇਚ ਮਿਲਾਵੇ ਕੋਈ“।।
ਦੰਦ-ਕਥਾਵਾਂ ਮੁਤਾਬਿਕ ਬੁਰਹਿਮਨਾਬਾਦ ਵਿੱਚ ‘ਨਾਬੀਨਾ ਬ੍ਰਾਹਮਣ` ਦੇ ਘਰ ਉਸ ਦੇ ਵਿਆਹ ਦੇ ਚਾਰ ਸਾਲਾਂ ਬਾਅਦ ਇਕ ਲੜਕੀ ਨੇ ਜਨਮ ਲਿਆ। ਜੋਤਸ਼ੀਆਂ ਨੇ ਨਾਬੀਨਾ ਬ੍ਰਾਹਮਣ ਨੂੰ ਦੱਸਿਆ ਕਿ ਇਹ ਬੱਚੀ ਵੱਡੀ ਹੋ ਕੇ ਕਿਸੇ ਮੁਸਲਮਾਨ ਨਾਲ ਵਿਆਹ ਕਰਵਾਏਗੀ! ਨਾਬੀਨਾ ਬ੍ਰਾਹਮਣ ਨੇ ਡਰਦਿਆਂ ਉਸ ਬੱਚੀ ਨੂੰ ਸੰਦੂਕ ਵਿੱਚ ਬੰਦ ਕਰਕੇ ਦਰਿਆ ਸਿੰਧ ਵਿੱਚ ਰੁੜ੍ਹਵਾ ਦਿੱਤਾ। ਘਾਟ ‘ਤੇ ਕਪੜੇ ਧੋਂਦੇ ਧੋਬੀ ਦੀ ਨਜ਼ਰੀ ਰੁੜਦਾ ਉਹ ਸੰਦੂਕ ਨਜ਼ਰੀ ਆਇਆ। ਉਸ ਨੇ ਸੰਦੂਕ ਫੜ ਲਿਆ ਤੇ ਦੇਖਿਆ ਕਿ ਉਸ ਵਿੱਚ ਇਕ ਛੋਟੀ ਬੱਚੀ ਸੀ। ਧੋਬੀ ਨੇ ਉਹ ਬੱਚੀ ਚੌਧਰੀ ਮੁਹੰਮਦ ਦੇ ਹਵਾਲੇ ਕਰ ਦਿੱਤੀ। ਨਿਰ-ਸੰਤਾਨ, ਚੌਧਰੀ ਨੂੰ ਉਹ ਬੱਚੀ ਚੰਗੀ ਲੱਗੀ ਤੇ ਉਨ੍ਹਾਂ ਨੇ ਬੱਚੀ ਦਾ ਨਾਂ ਸੱਸੀ ਰੱਖ ਕੇ ਉਸ ਦੀ ਬੜੀ ਚਾਵਾਂ-ਮਲ੍ਹਾਰਾਂ ਨਾਲ ਪਾਲਣਾ ਪੋਸ਼ਣਾ ਸ਼ੁਰੂ ਕਰ ਦਿੱਤੀ। ਵੱਡੀ ਹੋ ਕੇ ਸੱਸੀ ਇਕ ਗੁਲਾਬ ਦੇ ਫੁੱਲ ਵਾਂਗ ਖਿੜ ਗਈ। ਉਸ ਦੀ ਸੁੰਦਰਤਾ ਦੀ ਮਹਿਕ ਦੀਆਂ ਧੰੁਮਾਂ ਇਲਾਕੇ ਵਿੱਚ ਪੈ ਗਈਆਂ। ਮੁਹੰਮਦ ਦੇ ਸ਼ਹਿਰ ‘ਭੰਬੋਰ` ਥਾਂਣੀ ਬਹੁਤ ਸਾਰੇ ਕਾਫ਼ਲੇ ‘ਠੱਟੇ` ਨੂੰ ਜਾਂਦੇ ਹੁੰਦੇ ਸਨ। ਸੱਸੀ ਦੀ ਸੁੰਦਰਤਾ ਇਨ੍ਹਾਂ ਕਾਫਲਿਆਂ ਦੇ ਲੋਕਾਂ ਰਾਹੀ ਇਲਾਕਾ ਹੀ ਨਹੀਂ ਦੇਸ਼-ਵਿਦੇਸ਼ ਵਿੱਚ ਵੀ ਫੈਲ ਗਈ। ਮੁਨਸ਼ੀ ਸੁੰਦਰ ਦਾਸ ਆਰਾਮ ਨੇ 1758 ਈ. ਨੂੰ ਸੱਸੀ-ਪੁੰਨੂ ਕਿਸੇ ਵਿੱਚ ਲਿਖਿਆ ਹੈ-
ਸੱਸੀ ਦੇ ਅਹਿਵਾਲ ਨੂੰ ਕਹਿੰਦੇ ਨੇ ਸਭ ਗੁਣੀ, ਤੇਰਾ ਹੀ ਮੈਂ ਲਿਖਸਾਂ, ਜੇਹੀ ਇਕ ਗਲ ਸੁਣੀ।
ਇਸੇ ਤਰ੍ਹਾਂ ਹੀ ਮਿਲਖੀ ਰਾਮ ਨੇ ਬੈਂਤ ਛੰਦ ਵਿੱਚ ਸੰਸੀ-ਪੁੰਨੂੰ ਕਿੱਸੇ ਵਿੱਚ ਲਿਖਿਆ ਹੈ-
ਵਾਰਸ ਸ਼ਾਹ ਦੀ ‘ਹੀਰ` ਤੇ ਫਜ਼ਲ ਸੋਹਣੀ; ਮਿਲਖੀ ਰਾਮ ਦੀ ਸੱਸੀ ਮਸ਼ਹੂਰ ਤਿੰਨੇ।
ਲੋਕੀ ਇਹਨਾਂ ਦੇ ਨਾਮ ਨੂੰ ਜਾਣਦੇ ਨੇ, ਰੌਸ਼ਨ ਚੰਦ ਵਾਂਗ ਦੂਰ ਦੂਰ ਤਿੰਨੇ।
ਕੇਚ ਮਕਰਾਨ ਦੇ ਰਾਜੇ ਦਾ ਸ਼ਹਿਜ਼ਾਦਾ ‘ਪੁੰਨੂੰ ਵੀ ਆਪਣੀ ਸੁੰਦਰਤਾ ਅਤੇ ਹੁੰਦਲ ਹੇਲਤਾ ਕਾਰਨ ਪ੍ਰਸਿੱਧ ਸੀ। ਉਸ ਨੂੰ ਵੀ ‘ਸੱਸੀ` ਦੀ ਸੁੰਦਰਤਾ ਬਾਰੇ ਜਦ ਕਨਸੋਆ ਮਿਲੀਆ ਤਾਂ ਉਹ ਸੱਸੀ ਨੂੰ ਪਾਉਣ ਲਈ ਵਿਆਕੁਲ ਹੋਇਆ। ਉਹ ਸੁਗੰਧੀਆ ਦਾ ਸੌਦਾਗਰ ਬਣ ਕੇ ਭੰਬੋਰ ਪਹੰੁਚ ਗਿਆ। ਉਸ ਦੀ ਖਬਰ ਵੀ ਸਭ ਪਾਸੇ ਪਹੰੁਚ ਗਈ।ਸੱਸੀ ਵੀ ਸੁਗੰਧੀਆਂ ਖਰੀਦਣ ਲਈ ਪਹੰੁਚੀ ਅਤੇ ਪੁੰਨੂ ਨੂੰ ਵੇਖ ਕੇ ਇਕ ਦਮ ਉਸ ਵੱਲ ਮਿਕਨਾਤੀਸੀ ਕਸ਼ਿਸ਼ ਵਾਂਗ ਖਿੱਚੀ ਗਈ। ਸੱਸੀ ਦੀ ਇਸ ਸਥਿਤੀ ਬਾਰੇ ਸੱਸੀ ਦੀ ਇਕ ਸਹੇਲੀ ਨੇ ਉਸ ਦੇ ਬਾਪ ਮੁਹੰਮਦ ਨੂੰ ਜਾ ਦੱਸਿਆ। ਸੱਸੀ-ਪੁੰਨੂ ਦੀਆਂ ਇਨ੍ਹਾਂ ਨਵੀਆਂ ਪਿਆਰ ਗੰਢਾਂ ਅੰਦਰ ਕਈ ਕਹਾਣੀਆ ਲੁਕੀਆਂ ਹੋਈਆਂ ਹਨ। ਆਖਰ ਪਿਆਰ ਦੇ ਕਈ ਵਲ-ਵਲੇਵਿਆਂ ਬਾਦ ਮੁਹੰਮਦ ਧੋਬੀ ਨੇ ਸੱਸੀ ਦਾ ਪੁੰਨੂ ਨਾਲ ਨਿਕਾਹ ਕਰ ਦਿੱਤਾ। ਪੰੁਨੂ ਕੇਚ ਵਾਪਸ ਜਾਣ ਲਈ ਭੁਲ ਗਿਆ ਤਾਂ ਬਾਦਸ਼ਾਹ ਨੂੰ ਬਹੁਤ ਫਿਕਰ ਲੱਗੀ। ਕਈ ਸੁਨੇਹੇ ਭੇਜਣ ਬਾਅਦ ਪੁੰਨੂ ਕੇਚਮ ਵਾਪਿਸ ਨਾ ਆਇਆ ਤੇ ਉਸ ਦੇ ਬਾਪ ਨੇ ਦੁੱਖੀ ਹੋ ਕੇ ਪੁੰਨੂ ਦੇ ਤਿੰਨ ਸਕੇ ਭਰਾਵਾਂ ਨੂੰ ਭੰਬੋਰ ਭੇਜਿਆ। ਭੰਬੋਰ ਪੁੱਜ ਕੇ ਉਨ੍ਹਾਂ ਨੇ ਦੇਖਿਆ ਕਿ ਪੁੰਨੂ ਨੇ ਖੁਸ਼ੀ ‘ਚ ਇਕ ਮਹਿਫ਼ਲ ਲਵਾਈ ‘ਤੇ ਗੀਤ-ਸੰਗੀਤ ਚਲ ਰਿਹਾ ਸੀ। ਪੰੁਨੂ ਸ਼ਰਾਬ ‘ਚ ਗੁਟ ਹੋਇਆ ਸੀ। ਉਸ ਦੇ ਭਰਾ ‘ਚਨਰੇ` ਨੇ ਉਸ ਨੂੰ ਊਂਠ ਤੇ ਬੈਠਾਇਆ ਤੇ ਕੇਚ ਮਕਰਾਨ ਵੱਲ ਤੋਰੇ ਪਾ ਦਿੱਤੇ।
ਸਵੇਰ ਹੋਣ ‘ਤੇ ਜਦੋਂ ਸੱਸੀ ਜਾਗੀ ਤਾਂ ਪੰੁਨੂ ਨੂੰ ਨਾ ਦੇਖ ਕੇ ਬਹੁਤ ਰੋਈ ਤੇ ਕੁਰਲਾਈ। ਪਰ ਉਸ ਦੀ ਸਹਾਇਤਾ ਲਈ ਕੋਈ ਨਾ ਬਹੁੜਿਆ। ਸੱਸੀ ਦੀ ਮਾਂ ਨੇ ਵੀ ਉਸ ਨੂੰ ਪੁੰਨੂ ਦਾ ਪਿਛਾ ਕਰਨ ਤੋਂ ਰੋਕਿਆ, ਪਰ ਉਹ ਬਾਉਲੀ ਹੋਈ ਪੰੁਨੂ-ਪੁੰਨੂ ਕਰਦੀ ਰੇਗਿਸਤਾਨ ਨੂੰ ਚੀਰਦੀ ਪਿਆਰ ਦੇ ਸਿਦਕ ਪਿਛੇ ਚਾਲੇ ਪੈ ਗਈ। ਉਸ ਦੇ ਮਲੂਕ ਪੈਰਾਂ ਵਿੱਚ ਛਾਲੇ ਪੈ ਗਏ। ਉਸ ਨੇ ਹੌਸਲਾ ਨਾ ਹਾਰਿਆ, ਤੱਪਦਿਆਂ ਥਲਾਂ ਵਿੱਚ ਉਹ ਪੰੁਨੂ ਨੂੰ ਪਾਉਣ ਲਈ ਵਾਹੋਦਾਹੀ ਅੱਗੇ ਹੀ ਅੱਗੇ ਤੁਰਦੀ ਗਈੇ। ਸ਼ਾਮ ਪੈਣ ‘ਤੇ ਉਸ ਨੂੰ ਇਕ-ਵੱਗ ਦਿਸਿਆ। ਸੱਸੀ ਨੇ ਵੱਗ ਦੇ ਆਜੜੀ ਕੋਲੋਂ ਪੰੁਨੂ ਦੇ ਕਾਫਲੇ ਬਾਰੇ ਪੁਛਿਆ ਤੇ ਪਿਆਸੀ ਸੱਸੀ ਨੇ ਪਾਣੀ ਦੀ ਮੰਗ ਕੀਤੀ। ਆਜੜੀ ਦੀਆਂ ਅੱਖਾਂ ਇਕ ਨੌਜਵਾਨ ਲੜਕੀ ਨੂੰ ਦੇਖ ਕੇ ਲਲਚਾ ਗਈਆਂ। ਜਦੋਂ ਆਜੜੀ ਪਾਣੀ ਲੈਣ ਗਿਆ ਤਾਂ ਸੱਸੀ ਨੇ ਆਪਣੇ ਪਿਆਰ ਦੀ ਖਾਤਰ ਉਸ ਤੱਪੇ ਥਲ ਵਿੱਚ ਆਪਣੀ ਇੱਜਤ ਲਈ ਪ੍ਰਾਣ ਤਿਆਗ ਦਿੱਤੇ। ਜਦੋਂ ਆਜੜੀ ਵਾਪਸ ਆਇਆ ਸੱਸੀ ਆਪਣੇ ਪਿਆਰੇ ਪੁੰਨੂ ਦੀ ਖਾਤਰ ਦੁਨੀਆਂ ਤੋਂ ਜਾ ਚੁਕੀ ਸੀ।
ਦਸਮ ਗ੍ਰੰਥ ਦੇ ਚਰਿਤ 108 ਵਿੱਚ ਸੱਸੀ-ਪੁੰਨੂ ਦੇ ਪਿਆਰ ਦੀ ਕਹਾਣੀ ਅੰਦਰ ਰੰਭਾ ਦੀ ਕੁੱਖੋਂ ਪੈਦਾ ਹੋਈ ਲੜਕੀ ਦੀ ਵਰਤਾ ਅੰਦਰ ਇਹ ਲਿਖਿਆ ਹੈ, ਕਿ-
ਮਰਨ ਸਭਨ ਕੇ ਮੁੰਡ ਪੇ ਸਫਲ ਮਰਨ ਤੈ ਤਾਹਿ, ਤਨਕ ਬਿਖੈ ਤਨ ਕੋ ਤਜੈ ਪ੍ਰਿਯ ਸੋ ਪ੍ਰੀਤ ਬਨਾਇ।
ਹਾਫਿਜ਼ ਬਰਖੁਰਦਾਰ ਨੇ ਸੱਸੀ-ਪੁੰਨੂ ਕਿੱਸੇ ਅੰਦਰ ਸੱਸੀ ਦੇ ਬਿਰਹਾ ਵਿੱਚ ਪੁੰਨੂ ਆਜੜੀ ਕੋਲੋ ਪੁੱਛਦਾ ਹੈ, ਲਿਖਿਆ ਹੈ-
ਪੁੰਨੂ ਪੁਛੇ ਭਾਈ ਆਜੜੀ ਦਸ ਅਸਾਂ ਇਹ ਗਲ, ਇਹ ਗ਼ੋਰ ਨਵੀਂ ਇਸ ਰਾਹ ਤੇ ਅੱਜ ਹੋਈ ਕਿ ਕੱਲ।
ਆਜੜੀ ਪੁੰਨੂ ਨੂੰ ਉਤਰ ਦੇਂਦਾ ਹੈ-
ਮੀਆਂ ਉਚੀ ਲੰਮੀ ਪਤਲੀ ਨਿੱਕੇ ਲੱਕ ਜਵਾਨ, ਨਾਮ ਸੱਸੀ ਧੀ ਜਾਮ ਦੀ ਬ੍ਰਿਹੋ ਦੇ ਮਾਨ।
ਇਹ ਪੁੰਨੂ ਪੁੰਨੂ ਕਰ ਮਰ ਗਈ। ਅਸਾਂ ਖਲਿਆ ਦਿਤੀ ਜਾਨ।
ਹਾਫ਼ਿਜ ਬਰਖੁਰਦਾਰ ਨੇ ਸੱਸੀ ਨੂੰ ਥਲਾਂ ਵਿੱਚ ਪੁੰਨੂ ਦੇ ਵਿਯੋਗ ਵਿੱਚ ਪ੍ਰਾਣ ਦੇਂਦੀ ਵਿਖਾਇਆ ਹੈ ਅਤੇ ਆਜੜੀ ਨੇ ਉਸ ਦੀ ਕਬਰ ਬਣਵਾਈ ਦਰਸਾਈ ਹੈ। ਕਿੱਸੇ ਵਿਚਲੀ ਬੋਲੀ ਲਹਿੰਦੀ ਪੰਜਾਬੀ ਹੈ। ਕਈ ਥਾਵਾਂ ‘ਤੇ ਫਾਰਸੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਸੱਸੀ-ਪੁੰਨੂ ਦੀ ਪ੍ਰੀਤ-ਕਥਾ ਨੂੰ ਪੰਜਾਬੀ ਵਿੱਚ ਬਹੁਤ ਸਾਰੇ ਕਵੀਆਂ ਨੇ ਸਮੇਂ ਸਮੇਂ ਆਪੋ ਆਪਣੇ ਸਾਹਿਤਕ ਲਹਿਜੇ ਨਾਲ ਵਰਣਨ ਕਰਣ ਦੇ ਯਤਨ ਕੀਤੇ ਹਨ। ਇਨ੍ਹਾਂ ਕਵੀਆਂ ਵਿੱਚ ਹਾਫ਼ਿਜ਼ ਬਰਖੁਰਦਾਰ, ਫਕੀਰ ਮੁਹੰਮਦ, ਸੁੰਦਰ ਦਾਸ, ਬੇਹਬਲ, ਹਾਸ਼ਮਸ਼ਾਹ ਅਹਿਮਦ ਯਾਰ, ਸ਼ਾਹ ਮੁਹੰਮਦ, ਸਾਧੂ ਸਦਾ ਰਾਮ, ਮੀਰ ਹੁਸੈਨ, ਪੰ:ਮੋਹਨ ਲਾਲ, ਕਰੀਮ ਬਖ਼ਸ਼, ਸ.ਹਰਨਾਮ ਸਿੰਘ, ਇੰਦਰ ਸਿੰਘ, ਚੰਨਣ ਸਿੰਘ, ਭਾਈ ਕਾਹਨ ਸਿੰਘ ਆਦਿ, ਆਦਿ 80-ਤੋਂ ਵੀ ਵੱਧ ਕਵੀ (ਡਾ.ਹਰਨਾਮ ਸਿੰਘ ਸ਼ਾਨ), ਜਿਨ੍ਹਾਂ ਰਚਿਤ ਸੱਸੀ-ਪੁੰਨੂ ਦੀ ਪ੍ਰੀਤ ਕਹਾਣੀ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਅੰਦਰ ਅੱਜ ਵੀ ਪੰਜਾਬੀ ਜਨ-ਜੀਵਨ ਦਾ ਇਹ ਇਕ ਅਨਿੱਖੜਵਾਂ ਅੰਗ ਬਣ ਗਈ ਹੈ।
ਪੰਜਾਬੀ ਅਤੇ ਪੰਜਾਬੀ ਸਾਹਿਤ ਅੰਦਰ ਸੱਸੀ-ਪੁੰਨੂ ਦੇ ਪਿਆਰ ਦੇ ਕਿੱਸੇ ਅਤੇ ਕਹਾਣੀਆਂ ਅਨੇਕਾਂ ਲੋਕ ਗੀਤਾਂ ਅੰਦਰ ਗਾਈਆਂ ਜਾਂਦੀਆਂ ਹਨ। ਪੰਜਾਬੀ ਔਰਤਾਂ ਇਹ ਗੀਤ ਬੜੇ ਲੈਅ ਤੇ ਮਨੋਵੇਗ ਅਤੇ ਭਾਵਨਾ ਭਰਪੂਰ ਰੋਂਅ ਵਿੱਚ ਗਾਉਂਦੀਆਂ ਹਨ। ਭਾਵੇ ਇਸ ਕਿੱਸੇ ਦੀ ਨਾਇਕ ਸੱਸੀ ਤੇ ਪੁੰਨੂ ਸਿੰਧ ਖੇਤਰ (ਕੱਛ) ਨਾਲ ਤੁਅੱਲਕ ਰੱਖਦੇ ਹਨ, ਪਰ ਪੰਜਾਬੀਆਂ ਨੇ ਉਸ ਨੂੰ ਅਪਣਾ ਕੇ ਆਪਣਾ ਹੀ ਬਣਾ ਲਿਆ ਹੈ। ‘ਆਡਤ` ਨੇ ਸੱਸੀ-ਪੁੰਨੂ ਦਾ ਕਿੱਸਾ ਮਾਝਾਂ ਵਿੱਚ ਲਿਖਿਆ ਪਰ ਇਸ ਨੂੰ ਉਸ ਨੇ ਪੰਜਾਬੀ ਸੱਭਿਆਚਾਰ ਅੰਦਰ ਪੇਸ਼ ਕੀਤਾ।
ਫੁੱਲਾਂ ਸੇਜ ਵਿਛਾਈ ਸੱਸੀ, ਹੋਤ ਪਿਆਲੇ ਪੀਤੇ, ਅਹਿਮਦ ਯਾਰ ਨੇ
ਹਾਸ਼ਮ ਸੱਸੀ ਸੋਹਣੀ ਜੋੜੀ, ਸਦ ਰਹਿਮਤ ਉਸਤਾਦੋਂ ਕਹਿ ਕੇ ਵੱਡਿਆਇਆ।
ਜੇ ਜ਼ੋਰ ਕਰੇਂ ਸਗੋਂ ਸ਼ੋਰ ਪਾਵੇ; ਵਿੱਚ ਸ਼ਹਿਰ ਭੰਬੋਰ ਨਾ ਕਦੀ ਰਹਿਸਾਂ (ਸ਼ਾਹ ਮੁਹੰਮਦ)
80 ਤੋਂ ਵੱਧ ਕਿੱਸਾਕਾਰਾਂ ਨੇ ਸੱਸੀ-ਪੰੁਨੂ ਦੀ ਪਿਆਰ-ਕਹਾਣੀ ਦੀਆਂ ਪੰਜਾਬੀ ਵਿੱਚ ਰਚਨਾ ਕੀਤੀਆਂ ਹਨ। ਪਰ ਹਾਸ਼ਮ ਵਰਗਾ ਸੋਜ਼, ਦਰਦ, ਬਿਰਹਾ ਕੋਈ ਵੀ ਕਿੱਸਾਕਾਰ ਆਪਣੇ ਕਿੱਸੇ ਵਿੱਚ ਨਹੀਂ ਪੇਸ਼ ਕਰ ਸੱਕਿਆ। ਇਸ ਤੋਂ ਬਿਨਾਂ ਇਨ੍ਹਾਂ ਨਾਇਕਾ ਦੀ ਪ੍ਰੀਤ-ਕਥਾ ਬਾਰੇ ਸੰਕਤੇ ਪੰਜਾਬੀ ਲੋਕ ਗੀਤਾਂ ਵਿੱਚ ਵੀ ਮਿਲਦੇ ਹਨ-
ਉਠਾਂ ਵਾਲਿਆ ਰਾਹ ਰੋਕ ਲਏ, ਕੁੜੀਆਂ ਜੂਹਾ ਮਲੀਆਂ।
ਮੇਲੇ ਜੈਤੋਂ ਦੇ, ਸੋਹਣੀਆਂ ਤੇ ਸੱਸੀਆਂ ਚੱਲੀਆਂ।
ਸੱਸੀ ਤੇ ਪੁੰਨੂੰ ਦੋਵੇ ਰਲ ਸੁੱਤੇ, ਮੁਖ ਪਰ ਲੈ ਕੇ ਰੁਮਾਲ, ਮਾਹੀਆਂ ਹਾਣੀਆਂ ਵੇ !
ਸੱਸੀ ਨੇ ਪਾਸਾ ਮੋੜਿਆ, ਪੁੰਨੂ ਤੇ ਹੈ ਨਹੀਂ ਨਾਲ, ਮਾਹੀਆਂ ਹਾਣੀਆਂ ਵੇ।
ਸੱਸੀ-ਪੁੰਨੂ ਦੇ ਪਿਆਰ ਅੰਦਰ ਅੱਜ ਵੀ ਇਸਤਰੀਆਂ ਸੱਸੀ ਦੇ ਮਜ਼ਾਰ ਤੇ ਦੀਵੇ ਬਾਲ ਕੇ ਉਸ ਨੂੰ ਸ਼ਰਧਾ ਭੇਂਟ ਕਰ ਰਹੀਆਂ ਹੋਣ ਜਿਹੜਾ ਇਨ੍ਹਾਂ ਪ੍ਰੇਮੀਆਂ ਦੇ ਦਿਲਾਂ ਅੰਦਰ ਦ੍ਰਿੜਤਾ ਦਾ ਪ੍ਰਗਟਾਵਾ ਕਿਹਾ ਜਾ ਸਕਦਾ ਹੈ। ਇਹ ਪੰਜਾਬ ਦੀ ਧਰਤੀ ਨੂੰ ਪਿਆਰ ਦੀ ਬਖਸ਼ਿਸ਼ ਹੈ, ਜੋ ਪੰਜਾਬੀ ਸੱਭਿਆਚਾਰ ਦੀ ਇਕ ਉਚਮ ਪ੍ਰਕਿਰਿਆ ਹੈ। ਭਾਵੇ ਉਨ੍ਹਾਂ ਦੇ ਜੀਵਨ ਦਾ ਅੰਤ ਹੋ ਗਿਆ ਪਰ ਉਨ੍ਹਾਂ ਦੀ ਮੌਤ ਵੀ ਇਕ ਤਰ੍ਹਾਂ ਨਾਲ ਮਿਹਰ ਸਾਬਤ ਹੋਈ ਹੈ ਜਿਸ ਨੇ ਉਨ੍ਹਾਂ ਦੇ ਪਿਆਰ ਨੂੰ ਅਮਰ ਕਰ ਦਿੱਤਾ ਹੈ।
ਸੱਸੀ-ਪੁੰਨੂ ਦੀ ਪ੍ਰੀਤ ਕਹਾਣੀ ਨੂੰ ਬਹੁਤ ਸਾਰੇ ਕਿੱਸਾਕਾਰਾਂ ਨੇ ਆਪੋ-ਆਪਣੇ ਢੰਗ ਨਾਲ ਪੇਸ਼ ਕੀਤਾ ਹੈ। ਕਈ ਪੇਸ਼ਕਾਰਾ ਨੇ ਸੱਸੀ ਦੀ ਤਰਸਮਈ ਸਥਿਤੀ ਦਾ ਵਰਣਨ ਕੀਤਾ ਹੈ ਤੇ ਕਈਆਂ ਨੇ ਪਿਆਰ, ਤਾਂਘਾ, ਸੱਸੀ ਦੇ ਕੀਰਣੇ, ਇਸ਼ਕ ਦਾ ਵਿਛੋੜਾ, ਬਿਰਹੋਂ ਵੇਦਨਾ, ਆਸ਼ਕਾ ਦੇ ਹਾੜੇ ਅਤੇ ‘ਲੱਖੂ` ਨੇ ਬੈਂਤ ਛੰਦ ਵਿੱਚ ਸੱਸੀ-ਪੁੰਨੂ ਸਬੰਧੀ ਪਹਿਲੀ ਸੀਹਰਫ਼ੀ ਵਿੱਚ ਲਿਖਿਆ ਹੈ-
ਅਲਫ਼ ਅਜ ਗਏ, ਹੌਤ ਭਜ ਮੈਥੋਂ, ਕੋਈ ਰੱਜ ਨਹੀਂ; ਕੀਕੂੰ ਜੀਵਸਾਂ ਮੈਂ।
ਸੁੰਣੀ ਸੇਜ ਡਰਾਂਵਦੀ ਖਾਂਵਦੀ ਹੈ, ਦਿਲ ਆਂਵਦੀ ਜ਼ਹਿਰ ਲੈ ਪੀਵਸਾਂ ਮੈ।
ਸੱਸੀ-ਪੁੰਨੂ ਬਾਰੇ ਆਧੁਨਿਕ ਪੰਜਾਬੀ ਕਵੀਆਂ ਨੇ ਆਪਣੀਆਂ ਕਾਵਿ-ਰਚਨਾਵਾਂ ਵਿੱਚ ਵੀ ਸੰਕੇਤ ਦਿੱਤੇ ਹਨ। ਕੁਝ ਵੀ ਹੋਵੇ ਪਰ ਇਸ ਪੇ੍ਰਮ-ਕਥਾ ਅੰਦਰ ਭੂਤ ਤੇ ਵਰਤਮਾਨ ਕਿੱਸਾਕਾਰਾਂ, ਲੇਖਕਾਂ ਅਤੇ ਕਵੀਆਂ ਨੇ ਮਾਂ ਬੋਲੀ ਪੰਜਾਬੀ ਨੂੰ ਜਿਥੇ ਪ੍ਰਫੁਲਤ ਕੀਤਾ ਉਥੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਜਨ-ਜੀਵਨ ਨੂੰ ਇਸ ਦੇ ਗਾਇਨ ਰਾਹੀ ਇਕ ਸਦੀਵੀ ਮਨੋਰੰਜਨ ਵੀ ਦਿੱਤਾ। ਸੱਸੀ ਦਾ ਅੰਤਰ ਕੂਕਨੁਸ ਵਾਂਗ ਸੀ, ਜਿਵੇਂ ਕੂਕਨੁਸ ਅੱਗ ਵਿੱਚ ਦਮਨ ਹੋ ਜਾਂਦਾ ਹੈ, ਉਸੇ ਤਰ੍ਹਾਂ ਸੱਸੀ ਵੀ ਪੁੰਨੂ ਦੇ ਇਸ਼ਕ ਵਿੱਚ ਥਲਾਂ ਦੀ ਸੜਦੀ ਬਲਦੀ ਰੇਤਾਂ ਵਿੱਚ ਸੜ-ਭੁੱਜ ਕੇ ਮਰਕੇ ਅਮਰ ਹੋ ਗਈ ! ਸੱਸੀ-ਪੁੰਨੂ ਪ੍ਰੀਤ ਕਹਾਣੀ ਪੰਜਾਬੀ ਸੱਭਿਆਚਾਰ ‘ਚ ਇਕ ਸ਼ਾਹਕਾਰ ਪ੍ਰੇਮ ਕਥਾ ਹੈ।
ਸੱਸੀ ਰੂਹ ਇਨਸਾਨ ਇਹੀ, ਜੋ ਗੋਹਰੂ ਹੈ ਨੂਰਾਨੀ।
ਦੁਨੀਆ ਹੈ ਦਰਿਆ; ਜਿਹਦੇ ਵਿੱਚ ਠਾਠ ਵਗੇ ਜ਼ੁਲਮਾਨੀ।
(ਬਾਗੇ ਮੁਹੱਬਤ-ਸੱਯਦ ਮੀਰ ਹੂਸੈਨ)
ਜਗਦੀਸ਼ ਸਿੰਘ ਚੋਹਕਾ, ਕੈਲਗਰੀ (ਕੈਨੇਡਾ)
91-9217997445
001-403-285-4208
Email-jagdishchohka@gmail.com