ਕੁਆਲਾਲੰਪੁਰ, 24 ਮਈ – ਮਲੇਸ਼ੀਆ ਵਿੱਚ ਭਾਰਤੀ ਮੂਲ ਦੇ ਉੱਘੇ ਵਕੀਲ ਤੇ ਸਿਆਸਤਦਾਨ ਸ. ਗੋਬਿੰਦ ਸਿੰਘ ਦਿਓ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਮੁਸਲਿਮ ਬਹੁਗਿਣਤੀ ਦੇਸ਼ ਦੇ ਇਤਿਹਾਸ ਵਿੱਚ ਮੰਤਰੀ ਦੇ ਰੂਪ ਵਿੱਚ ਨਿਯੁਕਤ ਕੀਤੇ ਜਾਣ ਵਾਲੇ ਉਹ ਘੱਟ ਗਿਣਤੀ ਭਾਈਚਾਰੇ ਦੇ ਪਹਿਲੇ ਵਿਅਕਤੀਆਂ ਹਨ। ਸ. ਗੋਬਿੰਦ ਸਿੰਘ ਦਿਓ (45) ਨੂੰ ਸੰਚਾਰ ਤੇ ਮਲਟੀਮੀਡੀਆ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸ. ਦਿਓ ਪਾਕਤਨ ਹਰਪਨ ਗਠਜੋੜ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਦੋ ਭਾਰਤਵਾਸੀਆਂ ਵਿੱਚੋਂ ਇੱਕ ਹਨ।
ਉਨ੍ਹਾਂ ਦੇ ਇਲਾਵਾ ਡੈਮੋਕਰੈਟਿਕ ਐਕਸ਼ਨ ਪਾਰਟੀ ਦੇ ਭਾਰਤੀ ਮੂਲ ਦੇ ਵਕੀਲ ਤੇ ਸਾਂਸਦ ਐਮ. ਕੁਲਾਸੇਗਰਾਨ ਨੂੰ ਮਨੁੱਖੀ ਸਰੋਤ ਮੰਤਰੀ ਬਣਾਇਆ ਗਿਆ ਹੈ। 61 ਸਾਲਾ ਕੁਲਾਸੇਗਰਾਨ ਡੀਏਪੀ ਦੇ ਕੌਮੀ ਮੀਤ ਪ੍ਰਧਾਨ ਹਨ ਤੇ ਪੇਰਾਕ ਵਿੱਚ ਇਪੋਹ ਬਾਰਾਤ ਹਲਕੇ ਤੋਂ ਨੁਮਾਇੰਦਗੀ ਕਰਦੇ ਹਨ। ਜਦੋਂ ਕਿ ਸ. ਦਿਓ ਮਲੇਸ਼ੀਆਈ ਪਾਰਲੀਮੈਂਟ ਵਿੱਚ ਪੁਚੌਂਗ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਤੇ ਮਲੇਸ਼ੀਆ ਦੇ ਵਕੀਲ ਤੇ ਸਿਆਸਤਦਾਨ ਮਰਹੂਮ ਕਰਪਾਲ ਸਿੰਘ ਦੇ ਪੁੱਤਰ ਹਨ। ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਉਨ੍ਹਾਂ ਨੂੰ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ, ਜਿਸ ਦੇ ਬਾਅਦ 21 ਮਈ ਦਿਨ ਸੋਮਵਾਰ ਨੂੰ ਨੈਸ਼ਨਲ ਪੈਲੇਸ ਵਿੱਚ ਆਯੋਜਿਤ ਇੱਕ ਸਮਾਰੋਹ ਦੇ ਦੌਰਾਨ ਉਨ੍ਹਾਂ ਨੇ ਅਹੁਦੇ ਦੀ ਸਹੁੰ ਚੁੱਕੀ। ਦੇਸ਼ ਵਿਚਲੇ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ। ਉਹ ਪਹਿਲੀ ਵਾਰ 2008 ਵਿੱਚ ਪਾਰਲੀਮੈਂਟ ਲਈ ਚੁਣੇ ਗਏ ਸਨ ਤੇ 2013 ਵਿੱਚ ਪਾਰਲੀਮੈਂਟ ਦੇ ਹੇਠਲੇ ਸਦਨ ਲਈ ਦੁਬਾਰਾ ਚੁਣੇ ਗਏ ਸਨ। ਇਸ ਵਾਰ ਉਨ੍ਹਾਂ 47635 ਵੋਟਾਂ ਦੇ ਫ਼ਰਕ ਨਾਲ ਸੀਟ ਜਿੱਤੀ ਹੈ।
‘ਬੋਰਨੀਓ ਪੋਸਟ’ ਨੇ ‘ਮੀਰੀ ਇੰਡੀਅਨ ਐਸੋਸੀਏਸ਼ਨ’ ਦੇ ਪ੍ਰਧਾਨ, ਕਾਊਂਸਲਰ ਕਰਮਬੀਰ ਸਿੰਘ ਦੇ ਹਵਾਲੇ ਤੋਂ ਕਿਹਾ ਕਿ, ‘ਮੰਤਰੀ ਮੰਡਲ ਵਿੱਚ ਪੰਜਾਬੀ ਭਾਈਚਾਰੇ ਦੇ ਇੱਕ ਮੈਂਬਰ ਦੇ ਤੌਰ ‘ਤੇ ਸ. ਗੋਬਿੰਦ ਸਿੰਘ ਨੂੰ ਵੇਖ ਕੇ ਅਸੀਂ ਖ਼ੁਸ਼ ਹਾਂ। ਸਾਡੇ ਭਾਈਚਾਰੇ ਲਈ ਇਹ ਇੱਕ ਮਾਣ ਅਤੇ ਖ਼ੁਸ਼ੀ ਦਾ ਮੌਕੇ ਹੈ। ਉਨ੍ਹਾਂ ਦੀ ਕਾਬਲੀਅਤ ਨੂੰ ਪਹਿਚਾਣ ਮਿਲਣ ਦੇ ਇਲਾਵਾ ਇਹ ਮਲੇਸ਼ੀਆ ਵਿੱਚ ਲੰਬੇ ਸਮਾਂ ਤੋਂ ਵਸੇ ਪੰਜਾਬੀ ਭਾਈਚਾਰੇ ਨੂੰ ਪਛਾਣ ਮਿਲਣਾ ਵੀ ਹੈ’। ਜ਼ਿਕਰਯੋਗ ਹੈ ਕਿ ਮਲੇਸ਼ੀਆ ਵਿੱਚ ਸਿੱਖਾਂ ਦੀ ਆਬਾਦੀ ਲਗਭਗ ਇੱਕ ਲੱਖ ਹੈ। ਦੇਸ਼ ਦੇ ਬਾਦਸ਼ਾਹ ਸੁਲਤਾਨ ਮੁਹੰਮਦ ਦੀ ਪ੍ਰਧਾਨਗੀ ਹੇਠ ਸ਼ਾਹੀ ਮਹਿਲ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਕੁੱਲ 13 ਫੈਡਰਲ ਮੰਤਰੀਆਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਗਿਆ।
Home Page ਸ. ਗੋਬਿੰਦ ਸਿੰਘ ਦਿਓ ਮਲੇਸ਼ੀਆ ‘ਚ ਪਹਿਲੇ ਸਿੱਖ ਕੈਬਨਿਟ ਮੰਤਰੀ ਬਣੇ