ਜਲੰਧਰ – ਇੱਥੋਂ ਦੀ ਥੜਾ ਦੂਰ ਮਕਸੂਦਾਂ ਵਿਖੇ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਫਿੱਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਆਧੁਨਿਕ ਕ੍ਰਿਕਟ ਅਕੈਡਮੀ ‘ਹਰਭਜਨ ਸਿੰਘ ਕ੍ਰਿਕਟ ਇੰਸਟੀਚਿਊਟ’ ਸ਼ੁਰੂ ਕਰ ਦਿੱਤਾ ਹੈ। ਇਹ ਕ੍ਰਿਕਟ ਅਕੈਡਮੀ ਸ਼ੁਰੂ ਕਰਨ ਮੌਕੇ ਉਨ੍ਹਾਂ ਦੀ ਮਾਂ ਅਵਤਾਰ ਕੌਰ ਅਤੇ ਕੋਚ ਦਵਿੰਦਰ ਅਰੋੜਾ ਵੀ ਹਾਜ਼ਰ ਸਨ।
ਫਿੱਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੈਸਾ ਕਮਾਉਣਾ ਨਹੀਂ, ਸਗੋਂ ਦੇਸ਼ ਲਈ ਕੌਮਾਂਤਰੀ ਪੱਧਰ ਦੇ ਕ੍ਰਿਕਟਰ ਤਿਆਰ ਕਰਨਾ ਹੈ। ਗੇਂਦਬਾਜ਼ੀ, ਬੱਲੇਬਾਜ਼ੀ ਤੇ ਫੀਲਡਿੰਗ ਸਾਰੇ ਖੇਤਾਂ ਵਿੱਚ ਖਿਡਾਰੀਆਂ ਨੂੰ ਮਾਹਰ ਬਣਾਉਣਾ ਹੈ। ਫਿੱਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਤੋਂ ਭਰੋਸਾ ਮਿਲਣ ਦੇ ਬਾਵਜੂਦ ਕੋਈ ਮਦਦ ਨਹੀਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਇਸ ਅਕੈਡਮੀ ਵਿੱਚ ਕਈ ਚੰਗੀਆਂ ਪਿੱਚਾਂ ਹਨ। ਇਸ ਵਿੱਚ ਅੱਠ ਪ੍ਰੈਕਟਿਸ ਪਿੱਚਾਂ ਅਤੇ ਚਾਰ ਮੈਚ ਪਿੱਚ ਹਨ। ਗੇਂਦਬਾਜ਼ਾਂ ਲਈ ਵੱਖਰੇ ਤੌਰ ‘ਤੇ ਦਸ ਪਿੱਚਾਂ ਤਿਆਰ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਪਿੱਚਾਂ ਅੰਤਰਰਾਸ਼ਟਰੀ ਪੱਧਰ ਦੀਆਂ ਬਣਾਈਆਂ ਦੀ ਕੌਸ਼ਿਸ਼ ਕੀਤੀ ਗਈ ਹੈ, ਕੁੱਝ ਪਿੱਚਾਂ ਘਾਹ ਵਾਲੀਆਂ ਅਤੇ ਕੁੱਝ ਸੀਮਿੰਟ ਵਾਲੀਆਂ ਹਨ। ਸ਼ੁਰੂ-ਸ਼ੁਰੂ ‘ਚ ਅਕੈਡਮੀ ਵਿੱਚ 150 ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਸ ਲਈ ਟਰਾਇਲ ਜਲਦੀ ਸ਼ੁਰੂ ਕੀਤੇ ਜਾਣਗੇ। ਬਾਕੀ ਤਾਂ ਸਮਾਂ ਹੀ ਦੱਸੇਗਾ ਕਿ ਫਿੱਰਕੀ ਗੇਂਦਬਾਜ਼ ਹਰਭਜਨ ਸਿੰਘ ਦੀ ਮਿਹਨਤ ਕਿਥੋਂ ਤੱਕ ਰੰਗ ਲਿਆਉਂਦੀ ਹੈ।
Sports ਹਰਭਜਨ ਨੇ ਜਲੰਧਰ ‘ਚ ਕ੍ਰਿਕਟ ਅਕੈਡਮੀ ਖੋਲ੍ਹੀ