ਅੰਮ੍ਰਿਤਸਰ, 18 ਦਸੰਬਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲਾ ਜੰਗਲਾ ਟੱਪ ਕੇ ਅੰਦਰ ਦਾਖ਼ਲ ਹੋ ਕੇ ਬੇਅਦਬੀ ਕਰਨ ਦਾ ਯਤਨ ਕੀਤਾ ਪਰ ਵਿਅਕਤੀ ਨੂੰ ਮੌਕੇ ‘ਤੇ ਮੌਜੂਦ ਸੇਵਾਦਾਰਾਂ ਵੱਲੋਂ ਕਾਬੂ ਕਰ ਲਿਆ ਗਿਆ।ੇ ਕਾਬੂ ਕਰਨ ਮਗਰੋਂ ਰੋਹ ਵਿੱਚ ਆਈ ਸੰਗਤ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਹੈ। ਫ਼ਿਲਹਾਲ ਇਸ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਖ਼ਬਰਾਂ ਮੁਤਾਬਿਕ ਇਹ ਘਟਨਾ ਲਗਪਗ ਛੇ ਵਜੇ ਵਾਪਰੀ। ਉਸ ਵੇਲੇ ਰਹਿਰਾਸ ਦਾ ਪਾਠ ਚੱਲ ਰਿਹਾ ਸੀ ਤੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ। ਅਚਨਚੇਤੀ ਇਕ ਵਿਅਕਤੀ ਜੰਗਲਾ ਟੱਪ ਕੇ ਪ੍ਰਕਾਸ਼ ਅਸਥਾਨ ‘ਤੇ ਦਾਖਲ ਹੋਇਆ ਅਤੇ ਉਸ ਨੇ ਸਰੂਪ ਦੇ ਸਾਹਮਣੇ ਪਈ ਕਿਰਪਾਨ ਨੂੰ ਚੁੱਕ ਲਿਆ। ਇਸ ਦੌਰਾਨ ਪਾਠ ਕਰ ਰਹੇ ਗ੍ਰੰਥੀ ਸਿੰਘ ਦੇ ਨਾਲ ਬੈਠੇ ਸਹਾਇਕ ਕਰਮਚਾਰੀ ਅਤੇ ਜੰਗਲੇ ਦੇ ਅੰਦਰ ਬੈਠੇ ਹੋਰ ਕਰਮਚਾਰੀਆਂ ਨੇ ਇਸ ਵਿਅਕਤੀ ਨੂੰ ਤੁਰੰਤ ਕਾਬੂ ਕਰ ਲਿਆ। ਇਹ ਸਾਰੀ ਘਟਨਾ ਲਾਈਵ ਚੱਲ ਰਹੇ ਕੈਮਰੇ ਵਿੱਚ ਕੈਦ ਹੋ ਗਈ।
ਘਟਨਾ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਵਿਅਕਤੀ ਸੱਚਖੰਡ ਦੇ ਅੰਦਰ ਜੰਗਲਾ ਟੱਪ ਕੇ ਪ੍ਰਕਾਸ਼ ਵਾਲੇ ਅਸਥਾਨ ‘ਤੇ ਚਲਾ ਗਿਆ ਸੀ ਅਤੇ ਉਸ ਵੱਲੋਂ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਗਤ ਨੇ ਉਸ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਸੀ। ਰੋਹ ਵਿੱਚ ਆਈ ਸੰਗਤ ਨੇ ਉਸ ਨੂੰ ਮਾਰ ਦਿੱਤਾ ਹੈ। ਇਸ ਵਿਅਕਤੀ ਦੀ ਸ਼ਨਾਖ਼ਤ ਬਾਰੇ ਉਨ੍ਹਾਂ ਕਿਹਾ ਕਿ ਉਸ ਦੀ ਸ਼ਨਾਖ਼ਤ ਦਾ ਕੰਮ ਪੁਲੀਸ ਵੱਲੋਂ ਕੀਤਾ ਜਾਵੇਗਾ।
ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਿਅਕਤੀ ਨੇ ਬੇਅਦਬੀ ਕਰਨ ਦਾ ਯਤਨ ਕੀਤਾ ਸੀ ਅਤੇ ਸੰਗਤ ਵੱਲੋਂ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਇਸ ਸਬੰਧ ਵਿੱਚ ਕਾਨੂੰਨ ਮੁਤਾਬਿਕ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਵਿਅਕਤੀ ਦੀ ਸ਼ਨਾਖ਼ਤ ਬਾਰੇ ਫ਼ਿਲਹਾਲ ਕੁੱਝ ਵੀ ਪਤਾ ਨਹੀਂ ਲੱਗਾ ਹੈ।
Home Page ਹਰਿਮੰਦਰ ਸਾਹਿਬ ‘ਚ ਇੱਕ ਵਿਅਕਤੀ ਵੱਲੋਂ ਮੁੱਖ ਅਸਥਾਨ ‘ਚ ਬੇਅਦਬੀ ਦੀ ਕੋਸ਼ਿਸ਼