ਹਰੀਸ਼ ਵਰਮਾ ਦੀ ਰੁਮਾਂਟਿਕ ਫ਼ਿਲਮ ‘ਤੇਰੇ ਲਈ ਦੀ ਨਾਇਕਾ ਬਣੀ ਸਵਿਤਾਜ ਬਰਾੜ

ਰਾਜ ਬਰਾੜ ਪੰਜਾਬੀ ਸੰਗੀਤ ਦਾ ਨਾਮੀ ਕਲਾਕਾਰ ਸੀ ਜਿਸ ਨੇ ਬੜੇ ਹੀ ਖ਼ੂਬਸੂਰਤ ਗੀਤਾਂ ਦੀ ਸਿਰਜਣਾ ਕਰਕੇ ਸੁਰੀਲੀ ਆਵਾਜ਼ ਦਿੱਤੀ। ਉਸ ਦਾ ਬੇਵਕਤੇ ਤੁਰ ਜਾਣਾ ਪੰਜਾਬੀ ਸੰਗੀਤ ‘ਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਰਾਜ ਬਰਾੜ ਜਿੰਨਾ ਵਧੀਆ ਗਾਇਕ ਤੇ ਗੀਤਕਾਰ ਸੀ ਉਨ੍ਹਾਂ ਹੀ ਵਧੀਆ ਅਦਾਕਾਰ ਵੀ। ਗਾਇਕੀ ਤੋਂ ਬਾਅਦ ਉਸ ਦੇ ਕਦਮ ਫ਼ਿਲਮਾਂ ਵੱਲ ਵਧ ਰਹੇ ਸੀ। ਉਸ ਨੇ ‘ਪੁਲਿਸ ਇੰਨ ਪੌਲੀਵੁੱਡ’ ਅਤੇ ‘ਜਵਾਨੀ ਜ਼ਿੰਦਾਬਾਦ’ ਫ਼ਿਲਮਾਂ ਕੀਤੀਆਂ। ਕਈ ਫ਼ਿਲਮਾਂ ਦਾ ਕੰਮ ਅਜੇ ਬਾਕੀ ਸੀ ਜੋ ਹੋਣੀ ਨੇ ਪੂਰਾ ਨਾ ਹੋਣ ਦਿੱਤਾ।
ਜ਼ਿਕਰਯੋਗ ਹੈ ਕਿ ਹੁਣ ਉਸ ਦੀ ਹੋਣਹਾਰ ਧੀ ਸਵਿਤਾਜ ਬਰਾੜ ਆਪਣੇ ਪਿਤਾ ਦੇ ਸੁਪਨੇ ਪੂਰੇ ਕਰਨ ਦੀ ਸੋਚ ਨਾਲ ਗਾਇਕੀ ਦੇ ਨਾਲ ਨਾਲ ਪੰਜਾਬੀ ਸਿਨਮੇ ਲਈ ਵੀ ਸਰਗਰਮ ਹੈ। ਕਈ ਨਾਮੀ ਗਾਇਕਾਂ ਨਾਲ ਉਸ ਦੇ ਗੀਤ ਦਰਸ਼ਕਾਂ ਦੀ ਪਸੰਦ ਬਣੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਸਿੱਧੂ ਮੂਸੇ ਵਾਲੇ ਨਾਲ ਆਈ ਫਿਲਮ ‘ਮੂਸਾ ਜੱਟ’ ਵਿੱਚ ਵੀ ਉਸ ਦੀ ਅਦਾਕਾਰੀ ਵੇਖਣ ਨੂੰ ਮਿਲੀ। ਭਾਵੇਂ ਕਿ ‘ਮੂਸਾ ਜੱਟ’ ਸਵਿਤਾਜ ਦੀ ਪਹਿਲੀ ਫਿਲਮ ਸੀ ਪਰ ਉਸ ਨੇ ਸ਼ੂਟਿੰਗ ਦੌਰਾਨ ਸੀਨੀਅਰ ਕਲਾਕਾਰਾਂ ਤੋਂ ਵੀ ਬਹੁਤ ਕੁੱਝ ਸਿੱਖਿਆ। ਭਾਵੇਂ ਕਿ ਪਹਿਲੀ ਫਿਲਮ ਨੇ ਉਸ ਨੂੰ ਖ਼ਾਸ ਪਹਿਚਾਣ ਨਾ ਦਿੱਤੀ ਪਰ ਦਰਸ਼ਕਾਂ ਨੇ ਉਸ ਦੀ ਆਮਦ ਨੂੰ ਖਿੜੇ ਮੱਥੇ ਜੀ ਆਇਆ ਕਿਹਾ।
ਸਵਿਤਾਜ ਨੇ ਆਪਣੀਆਂ ਕਮੀਆਂ ਨੂੰ ਦੂਰ ਲਈ ਹੋਰ ਮਿਹਨਤ ਕੀਤੀ ਅਤੇ ਬਹੁਤ ਜਲਦ ਉਸ ਦੀ ਹਰੀਸ਼ ਵਰਮਾ ਨਾਲ ਇੱਕ ਰੁਮਾਂਟਿਕ ਫਿਲਮ ‘ਤੇਰੇ ਲਈ’ ਆ ਰਹੀ ਹੈ। ਸਵਿਤਾਜ ਬਰਾੜ ਮੁਤਾਬਿਕ ਇਹ ਫਿਲਮ ਉਸ ਦੀ ਜ਼ਿੰਦਗੀ ਦੀ ਅਹਿਮ ਫਿਲਮ ਹੈ ਜੋ ਉਸ ਦੇ ਫ਼ਿਲਮੀ ਖੇਤਰ ਵਿੱਚ ਪੈਰ ਮਜ਼ਬੂਤ ਕਰੇਗੀ। ਇਸ ਵਿੱਚ ਉਹ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੀ ਜ਼ਿੰਦਗੀ ਆਪਣੇ ਅਸੂਲਾਂ ‘ਤੇ ਜਿਊਂਦੀ ਹੈ। ਘਰ ਤੋਂ ਦੂਰ ਰਹਿ ਕੇ ਨੌਕਰੀ ਕਰ ਰਹੀ ਉੁਸ ਕੁੜੀ ਦੀ ਜ਼ਿੰਦਗੀ ਇੱਕ ਦਮ ਉਦੋਂ ਪਲਟਦੀ ਹੈ ਜਦੋਂ ਉਸ ਦਾ ਪਰਿਵਾਰ ਉਸ ਦੀ ਬਿਨਾਂ ਕਿਸੇ ਰਜ਼ਾਮੰਦੀ ਤੋਂ ਉਸ ਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ। ਉਸ ਦਾ ਇਹ ਕਿਰਦਾਰ ਅਜੋਕੀ ਨੌਜਵਾਨ ਪੀੜ੍ਹੀ ਤੋਂ ਪ੍ਰੇਰਿਤ ਹੈ। ਇਹ ਫਿਲਮ ਮਨੋਰੰਜਨ ਦੇ ਨਾਲ ਨਾਲ ਅਜੋਕੀ ਨੌਜਵਾਨ ਪੀੜੀ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ। ਫ਼ਿਲਮਾਂ ਤੋਂ ਇਲਾਵਾ ਦਰਸ਼ਕ ਸਵਿਤਾਜ ਨੂੰ ਐਮੀ ਵਿਰਕ ਤੇ ਗੀਤ ‘ਜੱਟ ਖੱਬੀ ਸੀਟ ‘ਤੇ ਬੰਦੂਕ ਰੱਖਦਾ..’ ਜੌਰਡਨ ਸੰਧੂ ਦੇ ਗੀਤ ‘ਮੁੰਡਾ ਸਰਦਾਰਾਂ ਦਾ..’ ਵਿੱਚ ਵੀ ਬੇਹੱਦ ਪਸੰਦ ਕਰ ਚੁੱਕੇ ਹਨ। ਸਵਿਤਾਜ ਬਰਾੜ ਕੋਲ ਭਵਿੱਖ ਵਿੱਚ ਕਈ ਚੰਗੀਆਂ ਫ਼ਿਲਮਾਂ ਹਨ ਜੋ ਉਸ ਦੇ ਫ਼ਿਲਮੀ ਕੈਰੀਅਰ ਮਜ਼ਬੂਤ ਕਰਨਗੀਆਂ।
ਹਰਜਿੰਦਰ ਸਿੰਘ ਜਵੰਦਾ 94638 28000