ਐਡੀਲੇਡ, 4 ਦਸੰਬਰ – ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੇ ਬਾਵਜੂਦ ਭਾਰਤ ਨੂੰ ਅੱਜ ਇੱਥੇ ਲੜੀ ਦੇ 5ਵੇਂ ਅਤੇ ਆਖਰੀ ਹਾਕੀ ਮੁਕਾਬਲੇ ਵਿੱਚ ਆਸਟਰੇਲੀਆ ਤੋਂ 5-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਦੁਨੀਆਂ ਦੀ ਪਹਿਲੇ ਦਰਜੇ ਦੀ ਟੀਮ ਨੇ ਇਹ 5 ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਂ ਕਰ ਲਈ।
ਆਸਟਰੇਲੀਆ ਲਈ ਟੌਮ ਵਿਕਹੈਮ ਨੇ ਦੂਜੇ ਅਤੇ 17ਵੇਂ ਮਿੰਟ ਵਿੱਚ ਦੋ ਗੋਲ ਕੀਤੇ ਜਦਕਿ ਐਰਨ ਜ਼ਾਲੇਵਸਕੀ ਨੇ 30ਵੇਂ ਮਿੰਟ, ਜੈਕਬ ਐਂਡਰਸਨ ਨੇ 40ਵੇਂ ਅਤੇ ਜੇਕ ਵੇਟਨ ਨੇ 54ਵੇਂ ਮਿੰਟ ਵਿੱਚ ਇੱਕ-ਇੱਕ ਗੋਲ ਕੀਤਾ। ਇਸੇ ਤਰ੍ਹਾਂ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 24ਵੇਂ ਅਤੇ 60ਵੇਂ ਮਿੰਟ ਵਿੱਚ ਦੋ ਗੋਲ ਕੀਤੇ ਜਦਕਿ ਅਮਿਤ ਰੋਹੀਦਾਸ ਨੇ 34ਵੇਂ ਅਤੇ ਸੁਖਜੀਤ ਸਿੰਘ ਨੇ 55ਵੇਂ ਮਿੰਟ ਵਿੱਚ ਇੱਕ-ਇੱਕ ਗੋਲ ਕੀਤਾ।
ਅੱਜ ਆਸਟਰੇਲੀਆ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਵਿਕਹੈਮ ਦੇ ਗੋਲ ਦੀ ਬਦੌਲਤ ਦੂਜੇ ਮਿੰਟ ਵਿੱਚ ਹੀ ਲੀਡ ਲੈ ਲਈ। ਭਾਰਤੀ ਖਿਡਾਰੀ ਆਸਟਰੇਲੀਆ ਦੇ ਡਿਫੈਂਸ ’ਤੇ ਦਬਾਅ ਬਣਾਉਣ ’ਚ ਨਾਕਾਮ ਰਹੇ ਅਤੇ ਪਹਿਲੇ ਕੁਆਰਟਰ ’ਚ ਕੋਈ ਮੌਕਾ ਨਹੀਂ ਬਣਾ ਸਕੇ। ਇਸ ਮਗਰੋਂ ਵਿਕਹੈਮ ਨੇ 17ਵੇਂ ਮਿੰਟ ਵਿੱਚ ਮੁੜ ਗੋਲ ਕਰ ਕੇ ਆਸਟਰੇਲੀਆ ਦੀ ਲੀਡ ਦੁੱਗਣੀ ਕਰ ਦਿੱਤੀ। ਭਾਰਤੀ ਕਪਤਾਨ ਹਰਮਨਪ੍ਰੀਤ ਨੇ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਲੀਡ ਦਾ ਫਰਕ ਘਟਾਇਆ ਪਰ ਕੁੱਝ ਮਿੰਟਾਂ ਬਾਅਦ ਹੀ ਜ਼ਾਲੇਵਸਕੀ ਨੇ ਗੋਲ ਕਰ ਕੇ ਸਕੋਰ 3-1 ਕਰ ਦਿੱਤਾ।
ਦੂਜੇ ਹਾਫ ਵਿੱਚ ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਰੋਹੀਦਾਸ ਨੇ ਗੋਲ ਕਰ ਕੇ ਸਕੋਰ 3-2 ਕਰ ਦਿੱਤਾ। ਇਸ ਦੌਰਾਨ ਆਸਟਰੇਲੀਆ ਨੇ ਦਬਾਅ ਬਣਾਈ ਰੱਖਿਆ ਅਤੇ 40ਵੇਂ ਮਿੰਟ ’ਚ ਐਂਡਰਸਨ ਅਤੇ 54ਵੇਂ ਮਿੰਟ ਵਿੱਚ ਵੇਟਨ ਨੇ ਗੋਲ ਕਰ ਕੇ ਟੀਮ ਨੂੰ 5-2 ਨਾਲ ਅੱਗੇ ਕੀਤਾ। ਇਸ ਮਗਰੋਂ ਸੁਖਜੀਤ ਨੇ 55ਵੇਂ ਅਤੇ ਹਰਮਨਪ੍ਰੀਤ ਨੇ ਆਖਰੀ ਮਿੰਟ ਵਿੱਚ ਇੱਕ-ਇੱਕ ਗੋਲ ਕੀਤਾ ਪਰ ਉਹ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ।
Hockey ਹਾਕੀ: ਆਸਟਰੇਲੀਆ ਨੇ ਭਾਰਤ ਨੂੰ 5ਵਾਂ ਤੇ ਆਖ਼ਰੀ ਮੈਚ 5-4 ਨਾਲ ਹਰਾ...