ਵਲੈਂਸੀਆ, 18 ਦਸੰਬਰ – ਭਾਰਤ ਨੇ ਐੱਫਆਈਐੱਚ ਮਹਿਲਾ ਨੇਸ਼ਨਜ਼ ਕੱਪ ਦੇ ਫਾਈਨਲ ਮੈਚ ਵਿੱਚ ਸ਼ਨਿਚਰਵਾਰ ਨੂੰ ਇੱਥੇ ਸਪੇਨ ਨੂੰ 1-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ। ਪਹਿਲੀ ਵਾਰ ਕਰਵਾਏ ਗਏ ਇਸ ਹਾਕੀ ਟੂਰਨਾਮੈਂਟ ਨੂੰ ਜਿੱਤ ਕੇ ਭਾਰਤੀ ਮਹਿਲਾ ਟੀਮ ਨੇ 2023-24 ਪ੍ਰੋ-ਲੀਗ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਗੁਰਜੀਤ ਕੌਰ ਨੇ 6ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ। ਇਹ ਮੈਚ ਦਾ ਇਕਲੌਤਾ ਗੋਲ ਸੀ, ਜੋ ਭਾਰਤ ਨੂੰ ਖ਼ਿਤਾਬ ਜਿਤਾਉਣ ‘ਚ ਫ਼ੈਸਲਾਕੁਨ ਸਾਬਿਤ ਹੋਇਆ। ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਗਮਾ ਜੇਤੂ ਭਾਰਤੀ ਟੀਮ ਨੇ 8 ਦੇਸ਼ਾਂ ਦੇ ਇਸ ਟੂਰਨਾਮੈਂਟ ਵਿੱਚ ਆਪਣੀ ਚੁਣੌਤੀ ਦਾ ਅੰਤ ਲਗਾਤਾਰ 5 ਜਿੱਤਾਂ ਨਾਲ ਕੀਤਾ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਟੀਮ ਨੇ ਇੱਥੇ ਸੈਮੀ ਫਾਈਨਲ ਮੈਚ ਵਿੱਚ ਆਇਰਲੈਂਡ ਨੂੰ ਸ਼ੂਟ-ਆਊਟ ਵਿੱਚ 2-1 ਨਾਲ ਹਰਾਇਆ ਸੀ। ਮੈਚ ਵਿੱਚ ਸਪੇਨ ਨੇ ਪਹਿਲਾਂ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਕਪਤਾਨ ਤੇ ਗੋਲ-ਕੀਪਰ ਸਵਿਤਾ ਪੂਨੀਆ ਨੇ ਬਹੁਤ ਵਧੀਆ ਬਚਾਅ ਕਰ ਕੇ ਸਪੇਨ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ। ਉਪਰੰਤ ਭਾਰਤ ਨੇ 6ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ। ਡਰੈਗ-ਫਲਿੱਕਰ ਗੁਰਜੀਤ ਕੌਰ ਨੇ ਸਪੇਨ ਦੇ ਗੋਲ-ਕੀਪਰ ਕਲਾਰਾ ਪੈਰੇਜ਼ ਦੇ ਖੱਬੇ ਪਾਸੇ ਗੇਂਦ ਮਾਰੀ ਤੇ ਉਸ ਨੂੰ ਚਕਮਾ ਦੇ ਕੇ ਗੋਲ ਕਰਨ ਵਿੱਚ ਸਫਲ ਰਹੀ।
Hockey ਹਾਕੀ: ਭਾਰਤ ਨੇ ਪਹਿਲੇ ਮਹਿਲਾ ਨੇਸ਼ਨਜ਼ ਕੱਪ ਦਾ ਖ਼ਿਤਾਬ ਜਿੱਤਿਆ