ਹਾਕੀ ਵਰਲਡ ਕੱਪ 2023: ਜਰਮਨੀ ਤੀਜੀ ਵਾਰ ਬਣਿਆ ਵਰਲਡ ਚੈਂਪੀਅਨ, ‘ਸਡਨ ਡੈੱਥ ਸ਼ੂਟ-ਆਊਟ’ ‘ਚ ਬੈਲਜੀਅਮ ਨੂੰ 5-4 ਨਾਲ ਹਰਾਇਆ

ਭੁਬਨੇਸ਼ਵਰ, 29 ਜਨਵਰੀ – ਇੱਥੇ ਖੇਡੇ ਗਏ ਹਾਕੀ ਵਰਲਡ ਕੱਪ ਦੇ ਫਾਈਨਲ ‘ਚ ਜਰਮਨੀ ਨੇ ‘ਸਡਨ ਡੈੱਥ ਸ਼ੂਟ-ਆਊਟ’ ‘ਚ ਬੈਲਜੀਅਮ ਨੂੰ 5-4 ਨਾਲ ਹਰਾ ਕੇ ਵਰਲਡ ਕੱਪ ’ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਨਿਯਮਿਤ ਸਮੇਂ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ ਉਤੇ ਸਨ। ਜਰਮਨੀ ਲਈ ਨਿੱਕਲਸ ਵੇਲਨ (29ਵੇਂ), ਗੋਂਜ਼ਾਲੋ ਪੇਇਲਟ (41ਵੇਂ) ਅਤੇ ਕਪਤਾਨ ਮੈਟਸ ਗਰੇਮਬੁਸ਼ (48ਵੇਂ) ਨੇ ਨਿਯਮਤ ਸਮੇਂ ਵਿੱਚ ਗੋਲ ਕੀਤੇ।
ਪਿਛਲੇ ਚੈਂਪੀਅਨ ਬੈਲਜੀਅਮ ਲਈ ਫਲੋਰੇਂਟ ਵੈਨ ਓਬੇਲ (10ਵੇਂ ਮਿੰਟ), ਟੇਂਗਸ ਕੋਸਿਨਸ (11ਵੇਂ ਮਿੰਟ) ਅਤੇ ਟਾਮ ਬੂਨ (59ਵੇਂ ਮਿੰਟ) ਨੇ ਗੋਲ ਕੀਤੇ। ਵਰਲਡ ਕੱਪ 2023 ‘ਚ ਇਹ ਤੀਜੀ ਵਾਰ ਹੈ ਜਦੋਂ ਜਰਮਨੀ 0-2 ਨਾਲ ਪਛੜਨ ਤੋਂ ਬਾਅਦ ਜਿੱਤ ਹਾਸਲ ਕੀਤੀ। ਹਾਫ਼ ਟਾਈਮ ਤੱਕ ਬੈਲਜੀਅਮ ਦੀ ਟੀਮ 2-1 ਨਾਲ ਅੱਗੇ ਸੀ।
ਜਰਮਨੀ ਨੇ ਤੀਜੀ ਵਾਰ ਵਰਲਡ ਕੱਪ ਖ਼ਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ 2002 ਤੇ 2006 ‘ਚ ਵਰਲਡ ਚੈਂਪੀਅਨ ਬਣ ਚੁੱਕਾ ਹੈ।