ਹਿਊਸਟਨ, ਟੈਕਸਸ, 30 ਸਤੰਬਰ (ਹੁਸਨ ਲੜੋਆ ਬੰਗਾ) – ਹਿਊਸਟਨ ‘ਚ ਪੈਂਦੀ ਹੈਰਿਸ ਕਾਊਂਟੀ ‘ਚ 28 ਸਤੰਬਰ ਨੂੰ ਇੱਕ ਸਿੱਖ ਪੁਲਿਸ ਅਫ਼ਸਰ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਉਸ ਦੀ ਡਿਊਟੀ ਦੌਰਾਨ ਇਕ ਸਿਰ-ਫਿਰੇ ਵੱਲੋਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ। ਇਸ ਘਟਨਾ ਨੇ ਸਿਰਫ਼ ਸਿੱਖ ਭਾਈਚਾਰੇ ਨੂੰ ਹੀ ਸੁੰਨ ਕਰ ਕੇ ਨਹੀਂ ਰੱਖ ਦਿੱਤਾ ਸਗੋਂ ਸਥਾਨਕ ਸਾਰੇ ਫ਼ਿਰਕਿਆਂ ਦੇ ਲੋਕ ਉਸ ਦੀ ਦੁਖਦਾਈ ਮੌਤ ‘ਤੇ ਭੁੱਬਾਂ ਮਾਰਦੇ ਰੋਂਦੇ ਦੇਖੇ ਗਏ।
42 ਸਾਲਾ ਸੰਦੀਪ ਧਾਲੀਵਾਲ ਨੇ ਟ੍ਰੈਫਿਕ ਦੀ ਉਲੰਘਣਾ ਕਰਨ ‘ਤੇ ਇਕ ਕਾਰ ਨੂੰ ਰੋਕਿਆ, ਤੇ ਉਸ ਨੂੰ ਜਾਣ ਦਿੱਤਾ ਪਰ ਉਸੇ ਕਾਰ ਦੇ ਚਾਲਕ ਵੱਲੋਂ ਸੰਦੀਪ ਧਾਲੀਵਾਲ ਨੂੰ ਉਸ ਦੇ ਵਾਪਸ ਮੁੜਨ ‘ਤੇ ਪਿੱਛੋਂ ਗਰਦਨ ਉੱਤੇ ਗੋਲੀਆਂ ਮਾਰੀਆਂ ਜਿਸ ਨਾਲ ਉਹ ਥਾਂ ਹੀ ਡਿੱਗ ਗਿਆ। ਇਸ ਮੌਕੇ ਉਸ ਨੂੰ ਹੈਲੀਕਾਪਟਰ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਮ੍ਰਿਤਕ ਪਾਇਆ ਗਿਆ। ਇਹ ਘਟਨਾ ਹੈਰਿਸ ਕਾਊਂਟੀ ‘ਚ 14800 ਬਲਾਕ ਦੇ ਵਲੈਂਸੀ ਕੋਰਟ ਨੇੜੇ ਵੈਸਟ ਰੋਡ ‘ਤੇ ਵਾਪਰੀ ਜਦੋਂ ਉਹ ਟ੍ਰੈਫਿਕ ਨੂੰ ਕੰਟਰੋਲ ਕਰ ਰਿਹਾ ਸੀ। ਹੈਰਿਸ ਕਾਊਂਟੀ ਸ਼ੈਰਿਫ ਨੇ ਕਿਹਾ ਕਿ ਸੰਦੀਪ ਸਿੰਘ ਇੱਕ ਵਧੀਆ ਇਨਸਾਨ ਸੀ ਅਤੇ ਆਪਣੀ ਡਿਊਟੀ ਪੂਰੀ ਜ਼ਿਮੇਂਦਾਰੀ ਨਾਲ ਨਿਭਾਉਂਦਾ ਸੀ। ਉਸ ਦੀ ਮੌਤ ਪੁਲਿਸ ਵਿਭਾਗ ਲਈ ਇਕ ਮੰਦਭਾਗੀ ਖ਼ਬਰ ਹੈ। ਸਥਾਨਕ ਲੋਕਾਂ ਨੇ ਸਿੱਖ ਪੁਲਿਸ ਅਫ਼ਸਰ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀਆਂ ਸਿਫ਼ਤਾਂ ਕੀਤੀਆਂ ਕਿ ਉਹ ਸਮਾਜਿਕ ਕੰਮਾਂ ਲਈ ਅੱਗੇ ਰਹਿੰਦਾ ਸੀ। ਕੁੱਝ ਲੋਕਾਂ ਨੇ ਕਿਹਾ ਕਿ ਉਹ ਕ੍ਰਿਸਮਿਸ ‘ਤੇ ਗ਼ਰੀਬ ਬੱਚਿਆਂ ਨੂੰ ਤੋਹਫ਼ੇ ਦਿੰਦਾ ਸੀ।
ਹਿਊਸਟਨ, ਟੈਕਸਾਸ ਵਿਖੇ ਪੁਲਿਸ ਵਿਭਾਗ ਵਿੱਚ ਸੰਦੀਪ ਸਿੰਘ ਧਾਲੀਵਾਲ ਪਹਿਲਾ ਦਸਤਾਰਧਾਰੀ ਪੁਲਿਸ ਅਫ਼ਸਰ ਸੀ ਜੋ ਹੁਣੇ ਜਿਹੇ ਹੀ ਪੁਰਤੋ ਰੀਕੋ ਤੋਂ ਕਿਸੇ ਮਿਸ਼ਨ ਤਹਿਤ ਵਾਪਿਸ ਆਇਆ ਸੀ। ਇਸ ਮੌਕੇ ਸਿੱਖ ਭਾਈਚਾਰਾ ਇਸ ਘਟਨਾ ਤੋਂ ਬਾਅਦ ਸੁੰਨ ਹੋ ਕੇ ਰਹਿ ਗਿਆ। ਹੈਰਿਸ ਕਾਊਂਟੀ ਦੇ ਕਮਿਸ਼ਨਰ ਐਡਰੀਅਨ ਗਰਸੀਆ ਨੇ ਕਿਹਾ ਕਿ ਸੰਦੀਪ ਧਾਲੀਵਾਲ ਮੈਨੂੰ ਭਰਾ ਵਾਂਗ ਸੀ, ਇਸ ਘਟਨਾ ਦੇ ਦੋਸ਼ੀ ਗੋਰੇ ਰੋਬਰਟ ਸੋਲਿਸ 47 ਸਾਲਾ ਨੂੰ ਕਰੀਬ ਇਕ ਮੀਲ ਤੋਂ ਇੱਕ ਸ਼ਾਪਿੰਗ ਕੰਪਲੈਕਸ ‘ਚੋਂ ਉਸ ਦੀ ਗਰਲ ਫਰੈਂਡ ਨਾਲ ਫੜ ਲਿਆ ਗਿਆ ਜੋ ਘਟਨਾ ਵੇਲੇ ਉਸ ਦੇ ਨਾਲ ਦੱਸੀ ਜਾਂਦੀ ਹੈ, ਇਸ ਦੇ ਨਾਲ ਹੀ ਜਿਸ ਗੰਨ ਨਾਲ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਉਹ ਵੀ ਬਰਾਮਦ ਕਰ ਲਈ ਗਈ ਹੈ। ਜਿਸ ਕਾਰ ਨਿਸ਼ਾਨ ਅਲਟੀਮਾ ਵਿੱਚ ਉਹ ਸਵਾਰ ਸੀ ਉਸ ਨੂੰ ਵੀ ਕਬਜ਼ੇ ‘ਚ ਲੈ ਕੇ ਤਫ਼ਤੀਸ਼ ਕੀਤੀ ਗਈ। ਅੱਜ ਸਾਰੇ ਸੀਨੀਅਰ ਅਫ਼ਸਰਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਸਲੂਟ ਦਿੱਤਾ ਗਿਆ, ਤੇ ਸਥਾਨਕ ਲੋਕਾਂ ਵੱਲੋਂ ਮੋਮਬਤੀਆਂ ਜਗਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਲੋਕ ਭੁੱਬੀਂ ਰੋਂਦੇ ਦੇਖੇ ਗਏ। ਸੰਦੀਪ ਸਿੰਘ ਧਾਲੀਵਾਲ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ।
Home Page ਹਿਊਸਟਨ ਅਮਰੀਕਾ ‘ਚ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਗੋਲੀਆਂ ਮਾਰ ਕੇ...