ਜਦੋਂ ਗੱਲ ਖੇਡਾਂ ਦੀ ਆਉਂਦੀ ਹੈ ਤਾਂ ਹਮੇਸ਼ਾ ਮਨ ਵਿੱਚ ਇੱਕ ਚੰਗੀ ਸਿਹਤ ਦਾ ਖ਼ਿਆਲ ਆਉਂਦਾ ਹੈ। ਹਮੇਸ਼ਾ ਮੰਨਿਆ ਜਾਂਦਾ ਹੈ ਕਿ ਸਰੀਰਕ ਪੱਖੋਂ ਬਲਵਾਨ ਵਿਅਕਤੀ ਨੂੰ ਖੇਡਾਂ ਵਿੱਚ ਆਪਣੇ ਆਪ ਨੂੰ ਅਜ਼ਮਾਉਣਾ ਚਾਹੀਦਾ ਹੈ। ਆਮ ਹੀ ਸਕੂਲਾਂ ਵਿੱਚ ਪੜਾਈ ਵਿੱਚ ਘੱਟ ਦਿਲਚਸਪੀ ਰੱਖਣ ਵਾਲੇ ਪਰ ਸਰੀਰਕ ਪੱਖੋਂ ਸਡੌਲ ਸਰੀਰ ਵਾਲੇ ਬੱਚੇ ਨੂੰ ਅਧਿਆਪਕ ਅਕਸਰ ਕਹਿ ਦਿੰਦੇ ਹਨ ਕਿ ਪੜਾਈ ਵਿੱਚ ਤੇ ਪਤਾ ਨਹੀਂ ਪਰ ਖੇਡਾਂ ਵਿੱਚ ਤੂੰ ਜ਼ਰੂਰ ਕਾਮਯਾਬ ਹੋ ਸਕਦਾ। ਕਹਿਣ ਤੋਂ ਭਾਵ ਇੱਕ ਚੰਗੇ ਰਿਸ਼ਟ ਪੁਸ਼ਟ ਤੰਦਰੁਸਤ ਸਰੀਰ ਨੂੰ ਖੇਡਾਂ ਲਈ ਉਚਿੱਤ ਮੰਨਿਆ ਜਾਂਦਾ ਹੈ । ਪਰ ਜਦੋਂ ਅਸੀਂ ਪੈਰਾ ਉਲੰਪਿਕ ਖਿਡਾਰੀਆਂ ਨੂੰ ਦੇਖਦੇ ਹਾਂ ਤਾਂ ਸਾਡੇ ਸਾਰਿਆਂ ਦੀਆਂ ਇਹ ਧਾਰਨਾਵਾਂ ਫਿੱਕੀਆਂ ਪੈ ਜਾਂਦੀਆਂ ਹਨ। ਕਿਤੇ ਨਾ ਕਿਤੇ ਮਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਸਰੀਰਕ ਰਿਸ਼ਟ ਪੁਸ਼ਟਤਾ ਤੋਂ ਇਲਾਵਾ ਜੇਕਰ ਹੌਸਲਿਆਂ ਵਿੱਚ ਦਮ ਹੋਵੇ, ਜੇ ਕੁਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਕਹਿਣ ਨੂੰ ਸਰੀਰਕ ਪੱਖੋਂ ਵਿਕਲਾਂਗ ਇਨਸਾਨ ਵੀ ਦੇਸ਼ ਦਾ ਸਰਵਉੱਚ ਸਨਮਾਨ ਹਾਸਿਲ ਕਰ ਸਕਦਾ ਹੈ।
ਜੇਕਰ ਪੈਰਾ ਉਲੰਪਿਕ ਖੇਡਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸੰਨ 1944 ਵਿੱਚ ਪਹਿਲੀ ਵਾਰ ਬ੍ਰਿਟੇਨ ਦੇ ਇੱਕ ਹਸਪਤਾਲ ਵਿੱਚ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਦਾ ਕੇਂਦਰ (Spinal Injuries Center) ਖੋਲ੍ਹਿਆ ਗਿਆ। ਜਿੱਥੇ ਮਰੀਜ਼ਾਂ ਦੀ ਕਸਰਤ ਅਤੇ ਸਰੀਰਕ ਹਿਲਜੁਲ ਦੇ ਮਨੋਰਥ ਅਧੀਨ ਡਾਕਟਰਾਂ ਦੁਆਰਾ ਵੀਲ ਚੇਅਰ ਤੇ ਬੈਠੇ ਮਰੀਜ਼ਾਂ ਦਾ ਦੋੜ ਦਾ ਮੁਕਾਬਲਾ ਕਰਵਾਇਆ ਗਿਆ, ਇਸੇ ਹੀ ਮੁਕਾਬਲੇ ਨੇ ਅੱਗੇ ਜਾ ਕੇ ਵਿਸ਼ਵ ਪੱਧਰ ਦੀਆਂ ਪੈਰਾ ਖੇਡਾਂ ਦਾ ਰੂਪ ਧਾਰਨ ਕਰ ਲਿਆ।
ਹੁਣ ਵੀ 2 ਦਸੰਬਰ ਤੋਂ 6 ਦਸੰਬਰ 2021 ਤੱਕ ਬਹਿਰੀਨ ਵਿੱਚ ਏਸ਼ੀਆਈ ਪੈਰਾ ਯੁਵਾ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਦੇ 90 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।
ਭਾਰਤੀ ਮਿਸ਼ਨ ਦੇ ਵਰਿੰਦਰ ਕੁਮਾਰ ਡਬਾਸ ਨੇ ਦੱਸਿਆ ਕਿ ਖੇਡਾਂ ਦੇ ਪਹਿਲੇ ਤੇ ਦੂਜੇ ਦਿਨ ਭਾਰਤ ਦੇ 19 ਐਥਲੀਟਾਂ ਨੇ 5 ਸੋਨ, 6 ਚਾਂਦੀ ਤੇ 8 ਕਾਂਸੀ ਤਗਮੇ ਜਿੱਤੇ ਹਨ। ਪੰਜਾਬ ਦੀ ਅਨਨਿਆ ਬੰਸਲ ਨੇ ਸ਼ਾਟਪੁੱਟ ਥ੍ਰੋਅ ‘ਚ ਚਾਂਦੀ ਦਾ ਤਮਗ਼ਾ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਹਿਲਾ ਮੈਡਲ ਪਾਇਆ। ਜਦੋਂ ਕਿ ਪ੍ਰਵੀਨ ਕੁਮਾਰ ਨੇ ਹਾਈ ਜੰਪ ‘ਚ ਸੋਨ, ਦਰਸ਼ ਨੇ 100 ਮੀਟਰ ‘ਚ ਕਾਂਸੀ ਤੇ ਲਕਸ਼ਿਤ ਨੇ ਸ਼ਾਟਪੁੱਟ ‘ਚ ਕਾਂਸੀ ਤਗਮੇ ਜਿੱਤੇ। ਇਸ ਤੋਂ ਇਲਾਵਾ ਖਿਡਾਰੀ ਸਵਿਮਿੰਗ ਤੇ ਪੈਰਾ ਬੈਡਮਿੰਟਨ ‘ਚ ਮੈਡਲ ਜਿੱਤ ਚੁੱਕੇ ਹਨ।
ਪੈਰਾ ਅਥਲੀਟ ਸਾਹਸ, ਹਿੰਮਤ ਦੀ ਇੱਕ ਜਿਊਂਦੀ ਜਾਗਦੀ ਉਦਹਾਰਣ ਹਨ। ਜ਼ਿੰਦਗੀ ਤੋਂ ਅੱਕੇ ਥੱਕੇ ਤੇ ਨਿਰਾਸ਼ ਹੋਏ ਵਿਅਕਤੀ ਲਈ ਇਹ ਖਿਡਾਰੀ ਪ੍ਰੇਰਨਾ ਸਰੋਤ ਹਨ ਕਿ ਇਸ ਦੁਨੀਆ ਵਿੱਚ ਕੁਝ ਵੀ ਨਾਮੁਮਕਨ ਨਹੀਂ ਹੈ। ਜੇ ਬੁਲੰਦੀਆਂ ਨੂੰ ਛੂਹਣ ਦੀ ਤਮੰਨਾ ਦਿਲ ਵਿੱਚ ਹੋਵੇ ਤਾਂ ਬਿਨਾਂ ਪੈਰਾਂ ਤੋਂ ਵੀ ਦੌੜਿਆ ਜਾ ਸਕਦਾ ਹੈ ।
ਇਹ ਖਿਡਾਰੀ ਸਾਡੇ ਦੇਸ਼ ਦਾ ਮਾਣ ਹਨ। ਸਾਡੇ ਦੇਸ਼ ਦੇ ਖੇਡ ਪ੍ਰਬੰਧਨ ਵਿੱਚ ਇਹਨਾਂ ਖਿਡਾਰੀਆਂ ਲਈ ਵਿਸ਼ੇਸ਼ ਸਹੂਲਤਾਂ ਅਤੇ ਸਨਮਾਨ ਹੋਣੇ ਚਾਹੀਦੇ ਹਨ ਤਾਂ ਜੋ ਸਰੀਰਕ ਪੱਖੋਂ ਵਿਕਲਾਂਗ ਪਰ ਮਜ਼ਬੂਤ ਹੌਸਲੇ ਰੱਖਣ ਵਾਲੇ ਹੋਰ ਲੋਕ ਵੀ ਦੂਸਰਿਆਂ ਲਈ ਮਿਸਾਲ ਬਣ ਸਕਣ।
Columns ਹਿੰਮਤ ਅਤੇ ਸਾਹਸ ਦੀ ਮਿਸਾਲ ਹਨ ਪੈਰਾ ਅਥਲੀਟ