ਨਾਪਾ ਦੇ ਚੇਅਰਮੈਨ ਸ. ਬਹਾਦਰ ਸਿੰਘ ਦੇ ਯਤਨਾਂ ਨੂੰ ਬੂਰ ਪਿਆ
ਪੋਰਟਲੈਂਡ (ਔਰੀਗਨ ਸਟੇਟ), 11 ਜੁਲਾਈ – ਪਿਛਲੇ ਕਾਫ਼ੀ ਦਿਨਾਂ ਤੋਂ ਸਥਾਨਕ ਸ਼ੇਰੀਦਨ ਜੇਲ੍ਹ ਵਿੱਚ ਨਜ਼ਰਬੰਦ ਭਾਰਤੀਆਂ ਨੂੰ ਹਰ ਕਾਨੂੰਨੀ ਸਹਾਇਤਾ ਦਿਵਾਉਣ ਦੇ ਲਈ ਸ. ਬਹਾਦਰ ਸਿੰਘ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਯਤਨਾਂ ਨੂੰ ਉਸ ਵਕਤ ਬੂਰ ਪਿਆ ਜਦੋਂ 10 ਜੁਲਾਈ ਨੂੰ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿੱਚ ਨਜ਼ਰਬੰਦ ਪੰਜਾਬੀਆਂ ਤੇ ਗ਼ੈਰ ਪੰਜਾਬੀ ਭਾਰਤੀਆਂ ਦੇ ਨਾਲ ਉਨ੍ਹਾਂ ਦੇ ਵਕੀਲਾਂ ਨੂੰ ਜਿੱਥੇ ਮਿਲਣ ਜਾਂ ਕੇਸ ਦਰਜ ਕਰਨ ਦੀ ਆਗਿਆ ਦੇ ਦਿੱਤੀ ਉੱਥੇ ਇਨ੍ਹਾਂ ਸਾਰੇ ਹੀ ਨਜ਼ਰਬੰਦ ਭਾਰਤੀਆਂ ਨੂੰ ਕਾਨੂੰਨ ਅਨੁਸਾਰ ਮਿਲਣ ਵਾਲੀਆਂ ਹੋਰ ਸਾਰੀਆਂ ਸਹੂਲਤਾਂ ਦੇਣ ਦਾ ਐਲਾਨ ਵੀ ਕਰ ਦਿੱਤਾ। ਇਸ ਮੌਕੇ ‘ਤੇ ਜੇਲ੍ਹ ਦੇ ਦੇ ਬਾਹਰ ਵੱਖ ਵੱਖ ਧਰਮਾਂ ਨਾਲ ਸਬੰਧਿਤ ਲੋਕਾਂ ਦੇ ਪ੍ਰਤੀਨਿਧਾਂ ਦਾ ਇਕ ਇਕੱਠ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਲੂਥਰਨ ਚਰਚ ਅਤੇ ਔਰੀਗਨ ਦੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਸਾਰੇ ਧਰਮਾਂ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਸਿੱਖਾਂ ਨੇ ਕੀਰਤਨ ਤੇ ਅਰਦਾਸ ਕੀਤੀ। ਸ. ਬਹਾਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਵਕੀਲਾਂ ਨੂੰ ਕੈਦੀਆਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਜਾਣ ਦੇ ਕਾਰਣ ਹੁਣ ਵਕੀਲ ਸਬੰਧਿਤ ਕੈਦੀਆਂ ਕੋਲੋਂ ਅਰਜ਼ੀਆਂ ਅਦਾਲਤ ਵਿੱਚ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜਿਨ੍ਹਾਂ ਦਰਖਾਸਤਾਂ ਉੱਪਰ ਜਲਦੀ ਹੀ ਜੱਜ ਇਨ੍ਹਾਂ ਕੈਦੀਆਂ ਦੀ ਸੁਣਵਾਈ ਸ਼ੁਰੂ ਕਰਨਗੇ। ਸ. ਬਹਾਦਰ ਸਿੰਘ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸੇਲਮ ਦੇ ਤਿੰਨ ਸਿੰਘਾਂ ਵੱਲੋਂ ਜੇਲ੍ਹ ਅੰਦਰ ਜਾਣ ਵਾਸਤੇ ਵੀ ਅਰਜ਼ੀ ਪਾਈ ਹੈ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਜਾ ਕੇ ਸਿੱਖ ਕੈਦੀਆਂ ਨੂੰ ਪਾਠ ਸੁਣਾਉਣ ਤੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੇ ਨਾਲ ਹੀ ਸਿੱਖ ਕੈਦੀਆਂ ਲਈ ਜੇਲ੍ਹ ਵਿੱਚ ਗੁਟਕਾ ਸਾਹਿਬ ਅਤੇ ਸਿਰ ਢੱਕਣ ਵਾਸਤੇ ਛੋਟੀ ਦਸਤਾਰ ਰੱਖਣ ਦੀ ਇਜਾਜ਼ਤ ਵੀ ਮੰਗੀ ਗਈ ਹੈ। ਇਸ ਮੌਕੇ ਸਿੱਖ ਸੇਵਾ ਫਾਊਂਡੇਸ਼ਨ ਦੇ ਪ੍ਰਤੀਨਿਧਾਂ ਤੋਂ ਇਲਾਵਾ ਪਰਵਿੰਦਰ ਕੌਰ, ਸੋਨੀ ਸਿੰਘ, ਅਮ੍ਰਿਤ ਸਿੰਘ, ਦਲਬੀਰ ਸਿੰਘ, ਰਿੰਪੀ ਸਿੰਘ, ਤਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਕੌਰ, ਨਵਨੀਤ ਕੌਰ, ਜਗਤਾਰ ਸਿੰਘ ਅਤੇ ਗੁਰਪ੍ਰੀਤ ਕੋਰ ਆਦਿ ਵੀ ਸ਼ਾਮਲ ਹੋਏ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਜੇਲ੍ਹ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਜਿੱਥੇ ੪੦ ਦੇ ਕਰੀਬ ਪੰਜਾਬੀ ਨਜ਼ਰਬੰਦ ਹਨ ਉੱਥੇ ੧੫ ਗ਼ੈਰ ਪੰਜਾਬੀ ਭਾਰਤੀ ਵੀ ਨਜ਼ਰਬੰਦ ਹਨ।
Home Page ਹੁਣ ਜੇਲ੍ਹ ਵਿੱਚ ਨਜ਼ਰਬੰਦ ਭਾਰਤੀਆਂ ਨੂੰ ਉਨ੍ਹਾਂ ਦੇ ਵਕੀਲ ਮਿਲ ਸਕਣਗੇ