-ਜਸਵੰਤ ਸਿੰਘ ‘ਅਜੀਤ’
ਪ੍ਰਿੰਸੀਪਲ ਹਰਭਜਨ ਸਿੰਘ ਨੇ ਆਪਣੀ ‘ਧਰਮਸਾਲ (ਗੁਰਦੁਆਰਾ)’ ਰਚਨਾ ਵਿੱਚ ਧਰਮਸਾਲ ਜਾਂ ਗੁਰਦੁਆਰੇ ਦੀ ਪਰਿਭਾਸ਼ਾ ਦਾ ਵਰਣਨ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ, “ਸਤਿਗੁਰ ਨਾਨਕ ਦੇਵ ਜੀ ਜਦੋਂ ਪ੍ਰਭੂ ਨਾਲ ਇਕਸੁਰ ਹੋਏ ਤਾਂ ਉਨ੍ਹਾਂ ਮਨੁੱਖ ਦੀ ਸੁੱਖ-ਸ਼ਾਂਤੀ ਤੇ ਉਸ ਦੇ ਕਲਿਆਣ ਲਈ ‘ਸਗਲੀ ਚਿੰਤਾ’ ਮਿਟਾ ਦੇਣ ਵਾਲੀ ‘ਧੁਰ ਕੀ ਬਾਣੀ’ ਰਚੀ। ਇਸ ਬਾਣੀ ਦੇ ਪਠਨ-ਪਾਠ ਅਤੇ ਵਿਚਾਰ ਲਈ ਸੰਗਤਾਂ ਕਾਇਮ ਕੀਤੀਆਂ ਗਈਆਂ। ਇਨ੍ਹਾਂ ਸੰਗਤਾਂ ਦੇ ਮਿਲ-ਬੈਠਣ ਲਈ ਕਿਸੇ ਸਾਂਝੇ ਅਸਥਾਨ ਦੀ ਸਥਾਪਨਾ ਕਰਨ ਦੀ ਲੋੜ ਪਈ, ਅਜਿਹੇ ਅਸਥਾਨਾਂ ਨੂੰ ਧਰਮਸਾਲ, ਅਰਥਾਤ ਗੁਰਦੁਆਰੇ, ਦੀ ਸੰਗਿਆ ਦਿੱਤੀ ਗਈ।
“ਸੋ ਇਸ ਤਰ੍ਹਾਂ ਗੁਰਬਾਣੀ, ਸੰਗਤ ਤੇ ਧਰਮਸਾਲ (ਗੁਰਦੁਆਰਾ) ਆਪੋ ਵਿੱਚ ਅਨਿੱਖੜ ਵਸਤਾਂ ਬਣ ਗਈਆਂ ਅਤੇ ਇਨ੍ਹਾਂ ਤਿੰਨਾਂ ਦੀ ਸਹੀ ਵਰਤੋਂ-ਵਿਹਾਰ ਵਿੱਚ ਹੀ ਸਿੱਖ ਅਥਵਾ ਪ੍ਰਾਣੀ ਮਾਤਰ ਦੇ ਕਲਿਆਣ ਦਾ ਭੇਦ ਭਰ ਦਿੱਤਾ ਗਿਆ”।
ਉਨ੍ਹਾਂ ਵੱਲੋਂ ਕੀਤੀ ਗਈ ਇਹ ਪਰਿਭਾਸ਼ਾ ਇਸ ਗਲ ਦੀ ਪ੍ਰਤੀਕ ਹੈ ਕਿ ‘ਧਰਮਸਾਲ’, ਜਿਸ ਨੂੰ ਬਾਅਦ ਵਿੱਚ ‘ਗੁਰਦੁਆਰੇ’ ਦਾ ਨਾਂ ਦੇ ਦਿੱਤਾ ਗਿਆ, ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇੱਥੇ ਸੰਗਤਾਂ ਇਕੱਤਰ ਹੋ, ‘ਧੁਰ ਕੀ ਬਾਣੀ’ ਦਾ ਗਾਇਣ ਅਤੇ ਸਰਵਣ ਕਰਨਗੀਆਂ ਅਤੇ ਉਸ ‘ਤੇ ਵਿਚਾਰ ਕਰ ਆਪਣਾ ਜੀਵਨ ਸਫਲਾ ਕਰ ਲੈਣਗੀਆਂ।
ਸਮੇਂ ਨੇ ਕਰਵੱਟ ਲਈ! ਸਿੱਖਾਂ ਨੂੰ ਆਪਣੀ ਹੋਂਦ, ਧਰਮ, ਗ਼ਰੀਬ-ਮਜ਼ਲੂਮ ਅਤੇ ਨਿਆਂ ਦੀ ਰੱਖਿਆ ਅਤੇ ਜਬਰ ਤੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਲੰਮਾ ਤੇ ਲਗਾਤਾਰ ਸੰਘਰਸ਼ ਕਰਨਾ ਪਿਆ। ਇਸ ਕਾਰਣ ਉਨ੍ਹਾਂ ਨੂੰ ਆਪਣੇ ਘਰ-ਘਾਟ ਛੱਡ ਜੰਗਲਾਂ-ਬੇਲਿਆਂ ਵਿੱਚ ਵਿਚਰਨ ਤੇ ਮਜਬੂਰ ਹੋਣਾ ਪੈ ਗਿਆ। ਜਿਸ ਦੇ ਫਲਸਰੂਪ ਉਹ ਆਪਣੇ ਪਵਿੱਤਰ ਗੁਰਧਾਮਾਂ ਦੀ ਸੇਵਾ-ਸੰਭਾਲ ਵਲ ਪੂਰਾ ਧਿਆਨ ਨਾ ਦੇ ਸਕੇ। ਮਹੰਤਾਂ ਨੇ ਅੱਗੇ ਆ ਕੇ ਹੌਲੀ-ਹੌਲੀ ਇਹ ਜ਼ਿਮੇਂਦਾਰੀ ਸੰਭਾਲਣ ਲਈ।
ਸਿੱਖਾਂ ਦੇ ਇਸ ਤਰ੍ਹਾਂ ਜੂਝਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ ‘ਤੇ ਪੰਜਾਬੀਆਂ ਦੇ ਸਾਂਝੇ ‘ਖਾਲਸਾ ਰਾਜ’ ਦੀ ਸਥਾਪਨਾ ਕਰ ਲਈ। ਜਿੱਥੇ ਉਸ ਨੇ ਇਕ ਪਾਸੇ ਆਪਣੇ ਰਾਜ ਨੂੰ ਮਜ਼ਬੂਤ ਕਰਨ ‘ਤੇ ਉਸ ਦਾ ਵਿਸਥਾਰ ਕਰਨ ਵੱਲ ਧਿਆਨ ਦਿੱਤਾ, ਉੱਥੇ ਹੀ ਦੂਜੇ ਪਾਸੇ ਉਸ ਨੇ ਇਸ ਉਦੇਸ਼ ਨਾਲ ਧਾਰਮਕ ਅਸਥਾਨਾਂ ਦੇ ਨਾਂ ਤੇ ਜ਼ਮੀਨਾਂ-ਜਾਇਦਾਦਾਂ ਲਗਵਾਈਆਂ, ਤਾਂ ਜੋ ਇਨ੍ਹਾਂ ਦੀ ਆਮਦਨ ਨਾਲ ਇਨ੍ਹ ਅਸਥਾਨਾਂ ਤੋਂ ਧਰਮ-ਪ੍ਰਚਾਰ ਦੀ ਲਹਿਰ ਬਿਨਾਂ ਕਿਸੇ ਰੋਕ-ਰੁਕਾਵਟ ਦੇ ਨਿਰਵਿਘਨ ਚਲਦੀ ਰਹਿ ਸਕੇ।
ਜਦੋਂ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਸਿੱਖਾਂ ਦੇ ਉਨ੍ਹਾਂ ਸ਼ਕਤੀ-ਸੋਮਿਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਣ ਵੱਲ ਧਿਆਨ ਦਿੱਤਾ, ਜਿਨ੍ਹਾਂ ਤੋਂ ਸ਼ਕਤੀ ਪ੍ਰਾਪਤ ਕਰ, ਸਿੱਖਾਂ ਨੇ ਅੰਗਰੇਜ਼ਾਂ ਨੂੰ ਲੋਹੇ ਦੇ ਚੰਨੇ ਚਬਵਾ ਦਿੱਤੇ ਸਨ। ਅੰਗਰੇਜ਼ਾਂ ਨੇ ਬਾਕੀ ਹਿੰਦੁਸਤਾਨ ਪੁਰ ਜਿਸ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ, ਉਸ ਨੇ ਉੱਤੋਂ ਇਹ ਸਮਝ ਲਿਆ ਸੀ, ਕਿ ਪੰਜਾਬ ਪੁਰ ਕਬਜ਼ਾ ਕਰਨਾ ਉਨ੍ਹਾਂ ਲਈ ਕੋਈ ਮੁਸ਼ਕਲ ਨਹੀਂ ਹੋਵੇਗਾ। ਪਰ ਉਨ੍ਹਾਂ ਨੂੰ ਆਪਣੇ ਇਸ ਉਦੇਸ਼ ਵਿੱਚ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਤੋਂ ਉਨ੍ਹਾਂ ਨੂੰ ਸਮਝ ਆ ਗਈ ਕਿ ਜੇ ਆਸਤੀਨ ਦੇ ਸੱਪ ਸਿੱਖਾਂ ਨੂੰ ਧੋਖਾ ਨਾ ਦਿੰਦੇ ਤਾਂ, ਸਿੱਖਾਂ ਨੇ ਉਨ੍ਹਾਂ ਦਾ ਹਿੰਦੁਸਤਾਨ ਵਿੱਚ ਟਿੱਕੇ ਰਹਿਣਾ ਮੁਹਾਲ ਕਰ ਦੇਣਾ ਸੀ।
ਖ਼ੈਰ, ਕਿਸੇ ਵੀ ਤਰ੍ਹਾਂ ਅੰਗਰੇਜ਼ ਪੰਜਾਬ ਪੁਰ ਕਾਬਜ਼ ਹੋ ਗਏ। ਉਨ੍ਹਾਂ ਸਿੱਖਾਂ ਦੇ ਸ਼ਕਤੀ-ਸੋਮਿਆਂ, ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲੀ ਬੈਠੇ ਗੱਦੀਦਾਰ ਮਹੰਤਾਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦਾ ਨਤੀਜਾ ਇਹ ਹੋਇਆ ਕਿ ਮਹੰਤ ਹੌਲੀ-ਹੌਲੀ ਸਿੱਖਾਂ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਅਤੇ ਅੰਗਰੇਜ਼ਾਂ ਦੀ ਸਰਪ੍ਰਸਤੀ ਸਵੀਕਾਰ ਕਰਦੇ ਚਲੇ ਗਏ। ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਮਹੰਤ ਦੀ ਚੋਣ ਕਰਨ ਦਾ ਅਧਿਕਾਰ ਸਿੱਖਾਂ ਪਾਸੋਂ ਖੋਹ ਕੇ ਆਪਣੇ ਪ੍ਰਭਾਵ ਹੇਠ ਬਣਾਈਆਂ ਕਮੇਟੀਆਂ ਨੂੰ ਦੇ ਦਿੱਤਾ। ਫਲਸਰੂਪ ਮਹੰਤਾਂ ਨੇ ਅੰਗਰੇਜ਼ਾਂ ਦੀ ਇੱਛਾ ਅਤੇ ਉਨ੍ਹਾਂ ਤੇ ਆਪਣੇ ਹਿਤਾਂ ਅਨੁਸਾਰ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਗੁਰਧਾਮਾਂ ਨਾਲ ਲੱਗੀਆਂ ਜ਼ਮੀਨਾਂ-ਜਾਇਦਾਦਾਂ ਕਾਰਣ, ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਣ ਦਾ ਜੋ ਸਿਲਸਿਲਾ ਅਰੰਭ ਹੋਇਆ, ਉਸ ਨੇ ਮਹੰਤਾਂ ਦੀਆਂ ਅੱਖਾਂ ਹੀ ਬਦਲ ਕੇ ਰੱਖ ਦਿੱਤੀਆਂ। ਉਨ੍ਹਾਂ ਦਾ ਆਚਰਣ ਗਿਰਾਵਟ ਵੱਲ ਵਧਣ ਲਗਾ। ਦੁਰਾਚਾਰ, ਬਦਕਾਰੀ ਅਤੇ ਭ੍ਰਿਸ਼ਟਾਚਾਰ ਉਨ੍ਹਾਂ ਦੇ ਜੀਵਨ ਦੇ ਅਨਿੱਖੜ ਅੰਗ ਬਣ ਗਏ। ਆਪਣੀ ਰੱਖਿਆ ਅਤੇ ਆਪਣੇ ਕੁਕਰਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦਬਾਉਣ ਲਈ, ਉਨ੍ਹਾਂ ਗੁੰਡਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ। ਇਨ੍ਹਾਂ ਗੁੰਡਿਆਂ ਨੇ ਗੁਰਧਾਮਾਂ ਅਤੇ ਉਨ੍ਹਾਂ ਦੇ ਕੰਪਲੈਕਸਾਂ ਦੀ ਪਵਿੱਤਰਤਾ ਰੋਲ ਕੇ ਰੱਖ ਦਿੱਤੀ।
ਗੁਰਧਾਮਾਂ ਦੀ ਪਵਿੱਤਰਤਾ ਭੰਗ ਹੋਣ ਅਤੇ ਉੱਥੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਦੇ ਬੇ-ਪਤ ਹੋਣ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਣ ਲੱਗੀਆਂ, ਤਾਂ ਗੁਰਧਾਮਾਂ ਨੂੰ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਸ਼ਰਧਾਵਾਨ ਸਿੱਖ ਉਤੇਜਿਤ ਹੋਣ ਲੱਗੇ। ਕੁਝ ਜੋਸ਼ੀਲੇ ਨੌਜਵਾਨਾਂ ਨੇ ਹਿੰਮਤ ਕਰਕੇ ਜ਼ਾਬਤੇ ਵਿੱਚ ਰਹਿੰਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਸ਼ਾਂਤਮਈ ਜੱਦੋਜਹਿਦ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਇਕ ਤੋਂ ਬਾਅਦ ਇਕ ਕਰਕੇ ਗੁਰਧਾਮ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਹੁੰਦੇ ਚਲੇ ਗਏ। ਆਜ਼ਾਦ ਹੋਏ ਗੁਰਧਾਮਾਂ ਦੇ ਪ੍ਰਬੰਧ ਲਈ ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ।
ਇਸ ਜੱਦੋਜਹਿਦ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਹੋਏ ਸਿੱਖਾਂ ਨੂੰ ਜਥੇਬੰਦ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਅਕਾਲੀ ਜੱਥੇ ਕਾਇਮ ਕੀਤੇ ਗਏ। ਇਨ੍ਹਾਂ ਜਥਿਆਂ ਦੇ ਮੁੱਖੀਆਂ ਨੇ ਸ੍ਰੀ ਅਕਾਲ ਤਖ਼ਤ ‘ਤੇ ਇਕ ਸਾਂਝੀ ਇਕੱਤਰਤਾ ਕਰਕੇ ਜਥਿਆਂ ਨੂੰ ਇਕ ਕੇਂਦਰੀ ਜਥੇਬੰਦੀ ਨਾਲ ਜੋੜਨ ਦਾ ਫ਼ੈਸਲਾ ਕੀਤਾ। ਇਸ ਜਥੇਬੰਦੀ ਦਾ ਨਾਂ ‘ਸ਼੍ਰੋਮਣੀ ਅਕਾਲੀ ਦਲ’ ਰੱਖਿਆ ਗਿਆ। ਇਸ ਦਾ ਉਦੇਸ਼ ਤੇ ਨਿਸ਼ਾਨਾ ਮਿਥਣ ਦੇ ਲਈ 1922 ਵਿੱਚ ਇਕ ਮਤਾ ਪਾਸ ਕੀਤਾ ਗਿਆ. ਜਿਸ ਅਨੁਸਾਰ ਇਹ ਫ਼ੈਸਲਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਛਤਰ-ਛਾਇਆ ਹੇਠ ਇਹ ਜਥੇ ਪੰਥ ਦੀ ਸੇਵਾ ਪ੍ਰਤੀ ਵਚਨਬੱਧ ਹੋਣਗੇ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਦਾ ਪਾਲਣ ਕਰਨਗੇ।
ਇਤਨੇ ਵਿਸਥਾਰ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਵਰਣਨ ਕਰਨ ਦਾ ਕਾਰਣ ਇਹ ਹੈ ਕਿ ਅੱਜ ਦੀ ਪੀੜ੍ਹੀ ਨੂੰ ਇਸ ਗਲ ਦਾ ਪਤਾ ਲਗ ਸਕੇ ਕਿ ਕਿਸੇ ਸਮੇਂ ਜਦੋਂ ਮਹੰਤਾਂ ਨੇ ਸਿੱਖੀ ਦੇ ਸੋਮਿਆਂ ਦੀ ਪਵਿੱਤਰਤਾ ਨੂੰ ਭੰਗ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਤਾਂ ਉਸ ਸਮੇਂ ਸ਼ਰਧਾਵਾਨ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ, ਇਨ੍ਹਾਂ ਧਰਮ ਅਸਥਾਨਾਂ ਨੂੰ ਕੁਕਰਮੀ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਇਆ ਅਤੇ ਇਸ ਵਿਸ਼ਵਾਸ ਦੇ ਨਾਲ ਇਨ੍ਹਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਕਿ ਉਹ ਇਨ੍ਹਾਂ ਗੁਰਧਾਮਾਂ ਵਿੱਚ ਸਿੱਖੀ ਦੀਆਂ ਸਥਾਪਤ ਮਰਿਆਦਾਵਾਂ ‘ਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਦੇ ਨਾਲ ਹੀ ਉਨ੍ਹਾਂ ਦੀ ਦ੍ਰਿੜ੍ਹਤਾ ਨਾਲ ਰੱਖਿਆ ਵੀ ਕਰੇਗੀ। ਇਸੇ ਸੰਦਰਭ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਿੱਚ ਹੱਥ ਵਟਾਏਗਾ।
ਪਰ ਅੱਜ ਹੋ ਕੀ ਰਿਹਾ ਹੈ? ਬੀਤੇ ਕੁਝ ਵਰ੍ਹਿਆਂ ਤੋਂ ਸਰਵਉੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਵਿਵਾਦਾਂ ਦੇ ਘੇਰੇ ਵਿੱਚ ਆ ਗਈਆਂ ਹਨ। ਜਿਸ ਕਾਰਣ ਉਨ੍ਹਾਂ ਦੀ ਸਰਵਉੱਚਤਾ ਪੁਰ ਪ੍ਰਸ਼ਨ-ਚਿੰਨ੍ਹ ਲਾਏ ਜਾਣ ਲੱਗੇ ਹਨ। ਇਨ੍ਹਾਂ ਸੰਸਥਾਵਾਂ ਨੂੰ ਜਿਵੇਂ ਸਿੱਖਾਂ ਤੇ ਸਿੱਖੀ ਦੇ ਹਿਤਾਂ ਨਾਲੋਂ ਨਿਖੇੜ ਕੇ ਨਿੱਜੀ ਹਿਤਾਂ ਨਾਲ ਸਬੰਧਿਤ ਕਰ ਦਿੱਤਾ ਗਿਆ ਹੈ, ਉਸ ਨਾਲ ਇਕ ਵਾਰ ਫਿਰ ਸ਼ਰਧਾਵਾਨ ਸਿੱਖਾਂ ਦੀ ਚਿੰਤਾ ਵਧਦੀ ਜਾ ਰਹੀ ਹੈ ਕਿ ਸਿੱਖੀ ਅਤੇ ਉਸ ਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਨ ਵਾਲੇ ਸਿੱਖੀ ਅਤੇ ਸਿੱਖਾਂ ਨੂੰ ਕਿਧਰ ਲਿਜਾ ਰਹੇ ਹਨ?
ਇਉਂ ਜਾਪਦਾ ਹੈ, ਜਿਵੇਂ ਪੁਰਾਣੇ ਮਹੰਤਾਂ ਦੀ ਥਾਂ ਨਵੇਂ ਮਹੰਤਾਂ ਨੇ ਲੈ ਲਈ ਹੈ, ਜੋ ਉਨ੍ਹਾਂ ਨਾਲੋਂ ਕਿਤੇ ਵੱਧ ਆਚਰਣਹੀਨ ਜਾਪਦੇ ਹਨ। ਪਹਿਲੇ ਮਹੰਤਾਂ ਨੂੰ ਕੇਵਲ ਅੰਗਰੇਜ਼ੀ ਸਾਮਰਾਜ ਦੀ ਸਰਪ੍ਰਸਤੀ ਹਾਸਲ ਸੀ, ਜਿਸ ਕਾਰਣ ਲੋਕ ਉਨ੍ਹਾਂ ਦੇ ਕੁਕਰਮਾਂ ਵਿਰੁੱਧ ਉੱਠ ਖਲੋਤੇ ਸਨ, ਪਰ ਅਜੋਕੇ ਮਹੰਤਾਂ ਨੂੰ ਤਾਂ ਉਨ੍ਹਾਂ ਲੋਕਾਂ ਦੀ ਸਰਪ੍ਰਸਤੀ ਹਾਸਲ ਹੈ, ਜੋ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ। ਇਹੀ ਕਾਰਣ ਹੈ ਕਿ ਨਵੇਂ ਮਹੰਤਾਂ ਨੂੰ ਨਾ ਤਾਂ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਬਦਲਣ ਅਤੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਡਰ-ਭਉ ਮਹਿਸੂਸ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਗਲ ਦੀ ਚਿੰਤਾ ਹੈ ਕਿ ਕੋਈ ਉਨ੍ਹਾਂ ਵਿਰੁੱਧ ਡੱਟ ਕੇ ਖੜ੍ਹਾ ਹੋ ਸਕਦਾ ਹੈ। ਫਲਸਰੂਪ ਸਿੱਖ ਨੌਜਵਾਨ ਲਗਾਤਾਰ ਸਿੱਖੀ ਵਿਰਸੇ ਨਾਲੋਂ ਟੁੱਟ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦਾ ਜਾ ਰਿਹਾ ਹੈ।
…ਅਤੇ ਅੰਤ ਵਿੱਚ: ਜੇ ਵਰਤਮਾਨ ਹਾਲਾਤ ਦੀ ਬੀਤੇ ਸਮੇਂ ਦੇ ਹਾਲਾਤ ਨਾਲ ਤੁਲਨਾ ਕੀਤੀ ਜਾਏ ਤਾਂ ਇਉਂ ਜਾਪਦਾ ਹੈ ਕਿ ਜਿਵੇਂ ਇਤਿਹਾਸ ਆਪਣੇ-ਆਪਨੂੰ ਮੁੜ ਦੁਹਰਾ ਰਿਹਾ ਹੈ ਅਤੇ ਇਤਿਹਾਸ ਦੇ ਇਸ ਦੁਹਰਾਊ ਨੂੰ ਵੇਖਦਿਆਂ, ਇਉਂ ਜਾਪਦਾ ਹੈ, ਜਿਵੇਂ ਸ਼ਰਧਾਲੂ ਸਿੱਖਾਂ ਨੂੰ ਨਵੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਣ ‘ਤੇ ਸਿੱਖੀ ਨੂੰ ਲਗ ਰਹੀ ਢਾਹ ਨੂੰ ਠੱਲ੍ਹ ਪਾਣ ਲਈ, ਗੁਰਦੁਆਰਾ ਸੁਧਾਰ ਲਹਿਰ ਵਰਗੀ ਕੋਈ ਨਵੀਂ ਲਹਿਰ ਮੁੜ ਸ਼ੁਰੂ ਕਰਨ ਲਈ ਗੰਭੀਰਤਾ ਨਾਲ ਸੋਚਣਾ ਹੋਵੇਗਾ।000
Mobile : + 91 95 82 71 98 90, E-mail : jaswantsinghajit@gmail.com
Address : Jaswant Singh ‘Ajit’, Flat No. 51, Sheetal Apartment, Plot No. 12, Sector – 14, Rohini, DELHI-110085
Columns ਹੁਣ ਫਿਰ ਲੋੜ ਹੈ ਗੁਰਦੁਆਰਾ ਸੁਧਾਰ ਲਹਿਰ ਦੀ?