ਹੁਸੈਨੀਵਾਲਾ (ਫਿਰੋਜ਼ਪੁਰ) – ਭਾਰਤ ਤੇ ਪਾਕਿਸਤਾਨ ਵਿਚਾਲੇ ਪੈਂਦੀ ਹੁਸੈਨੀਵਾਲਾ ਸਰਹੱਦ ‘ਤੇ ਹਰ ਰੋਜ਼ ਸ਼ਾਮ ਨੂੰ ਦੋਵੇਂ ਮੁਲਕਾਂ ਦੇ ਫੌਜੀ ਸ਼ਾਂਤਮਈ ਤੇ ਅਮਨ-ਅਮਾਨ ਨਾਲ ਆਪਣੇ-ਆਪਣੇ ਮੁਲਕ ਦਾ ਝੰਡਾ ਉਤਾਰਦੇ ਹਨ। ਇੱਥੇ ਸੀਮਾ ਸੁਰੱਖਿਆ ਬਲ ਦੇ ਦੋ ਜਵਾਨ ਤੇ ਦੋ ਹੀ ਪਾਕਿਸਤਾਨੀ ਰੇਂਜਰਜ਼ ਦੇ ਜਵਾਨ ਪਤਲੀ ਸਫ਼ੈਦ ਸਰਹੱਦੀ ਰੇਖਾ ਰਾਹੀਂ ਇਕ-ਦੂਜੇ ਦੇ ਖੇਤਰ ‘ਚ ਜਾ ਕੇ ਆਪਣੇ-ਆਪਣੇ ਝੰਡੇ ਨੀਵੇਂ ਕਰਦੇ ਹਨ। ਦੋਵੇਂ ਧਿਰਾਂ ਦੇ ਝੰਡਾ ਉਤਾਰਨ ਦੀ ਰਸਮ ਦੇਖਣ ਆਏ ਲੋਕ ਸਤਿਕਾਰ ‘ਚ ਖੜ੍ਹੇ ਹੋ ਜਾਂਦੇ ਹਨ। ਫੌਜੀ ਦਸਤੇ ਗਾਰਡ ਆਫ ਆਨਰ ਵੀ ਪੇਸ਼ ਕਰਦੇ ਹਨ। ਦੇਸ਼ ‘ਚ ਸ਼ਾਇਦ ਇਹ ਇਕੋ-ਇਕ ਸਾਂਝੀ ਚੌਕੀ ਹੈ ਜਿੱਥੇ ਹਰ ਰੋਜ਼ ਦੋਵੇਂ ਪਾਸਿਆਂ ਦੇ ਸੈਂਕੜੇ ਸੈਲਾਨੀਆਂ ਦੀ ਹਾਜ਼ਰੀ ‘ਚ ਬੜੇ ਪਿਆਰ ਨਾਲ ਦੋਵੇਂ ਮੁਲਕਾਂ ਦੇ ਜਵਾਨ ਆਪਣਾ-ਆਪਣਾ ਝੰਡਾ ਉਤਾਰਦੇ ਹਨ। ਦੋਵੇਂ ਪਾਸੇ ਦਰਸ਼ਕ ਖ਼ੂਬ ਸ਼ੋਰ ਮਚਾ ਰਹੇ ਹੁੰਦੇ ਹਨ ਤੇ ਆਪਣੇ-ਆਪਣੇ ਸੈਨਿਕਾਂ ਦਾ ਮਨੋਬਲ ਵਧਾਉਂਦੇ ਹਨ। ਲਾਊਡ ਸਪੀਕਰਾਂ ‘ਤੇ ਦੇਸ਼ ਭਗਤੀ ਦੇ ਗੀਤ ਚਲਾਏ ਜਾਂਦੇ ਹਨ। ਹੁਸੈਨੀਵਾਲਾ ਸਰਹੱਦ ਦੇ ਨੇੜੇ ਹੀ ਸ਼ਹੀਦਾਂ ਦਾ ਸਮਾਰਕ ਹੋਣ ਕਾਰਨ ਇਹ ਸਾਂਝੀ ਚੈਕ ਪੋਸਟ ਸੈਰ-ਸਪਾਟੇ ਦਾ ਕੇਂਦਰ ਬਣ ਗਈ ਹੈ।ਪੰਜਾਬ ਦੇ ਮਾਲਵਾ ਖਿੱਤੇ ‘ਚ ਹੁਸੈਨੀਵਾਲਾ (ਫਿਰੋਜ਼ਪੁਰ) ਤੇ ਸਾਦਕੀ (ਫਾਜ਼ਿਲਕਾ) ‘ਚ ਦੋ ਥਾਈਂ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚਲੀ ਹੋਰ ਸਰਹੱਦ ‘ਵਾਹਗਾ’ ਵਿਖੇ ਰੋਜ਼ਾਨਾ ਜੋਸ਼ ਭਰੇ ਅੰਦਾਜ ਵਿੱਚ ਝੰਡਾ ਉਤਾਰਨ ਦੀ ਰਸਮ ਨਿਭਾਈ ਜਾਂਦੀ ਹੈ।
Indian News ਹੁਸੈਨੀਵਾਲਾ ‘ਚ ਝੰਡਾ ਸ਼ਾਂਤੀ ਨਾਲ ਉਤਰਦਾ