ਖ਼ਰਾਬ ਮੌਸਮ: ਆਕਲੈਂਡ ‘ਚ ਭਾਰੀ ਮੀਂਹ ਨਾਲ ਕਈ ਇਲਾਕੇ ਹੋਏ ਜਲ-ਥਲ

Photo - Bikramjit Singh Mattran

ਆਕਲੈਂਡ, 21 ਮਾਰਚ – ਅੱਜ ਸਵੇਰੇ ਮੌਸਮ ਖ਼ਰਾਬ ਹੋਣ ਕਰਕੇ ਨੌਰਥਲੈਂਡ ਤੇ ਆਕਲੈਂਡ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲੀਆਂ, ਜਿਸ ਨਾਲ ਆਕਲੈਂਡ ਦੇ ਕਈ ਹਿੱਸਿਆਂ ਵਿੱਚ ਲਗਭਗ 50-70mm ਦੀ ਮੀਂਹ ਦੇ ਕਾਰਣ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਮੀਂਹ ਦੌਰਾਨ ਆਕਲੈਂਡ ‘ਚ ਇੱਕ ਘੰਟੇ ਅੰਦਰ 4000 ਤੋਂ ਵੱਧ ਬਿਜਲੀ ਦੇ ਚਮਕਣ ਨੂੰ ਰਿਕਾਰਡ ਕੀਤਾ ਗਿਆ ਅਤੇ ਇਹ ਹੀ ਨਹੀਂ ਸਿਰਫ਼ ਪੰਜ ਮਿੰਟਾਂ ‘ਚ 700 ਵਾਰ ਬਿਜਲੀ ਚਮਕੀ। ਅੱਜ ਸਵੇਰ ਖ਼ਰਾਬ ਮੌਸਮ ਸੀ ਜਿਸ ਦਾ ਅਸਰ ਆਕਲੈਂਡ ਵਿੱਚ ਪਿਆ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਆਕਲੈਂਡ ਵਿੱਚ 10 ਘੰਟਿਆਂ ‘ਚ ਇੱਕ ਮਹੀਨੇ ਦਾ ਮੀਂਹ ਰਿਕਾਰਡ ਕੀਤੀ ਗਿਆ, ਇਕੱਲੇ ਐਲਬਨੀ, ਨੌਰਥ ਸ਼ੋਰ ਵਿੱਚ 109mm ਮੀਂਹ। ਜਦੋਂ ਕਿ ਮੀਂਹ ਦਾ ਮਹੀਨਾਵਾਰ ਔਸਤ 85-90mm ਹੈ। ਸਭ ਤੋਂ ਵੱਧ ਪ੍ਰਭਾਵਿਤ ਉਪਨਗਰਾਂ ਵਿੱਚ ਐਲਰਸਲੀ, ਗ੍ਰੀਨਲੇਨ, ਟਾਕਾਪੂਨਾ, ਪਾਰਨੇਲ, ਸੈਂਟਰਲ ਸਿਟੀ ਦੇ ਕੁੱਝ ਹਿੱਸੇ ਅਤੇ ਓਰੇਵਾ ‘ਤੇ ਹਿਬਿਸਕਸ ਕੋਸਟ ਸ਼ਾਮਲ ਹਨ। ਦੱਖਣੀ ਆਕਲੈਂਡ ਦੇ ਕੁੱਝ ਹਿੱਸੇ ਵਿੱਚ ਵੀ ਰਿਕਾਰਡ ਘੰਟਾ ਮੀਂਹ ਦਰਜ ਕੀਤੀ ਗਿਆ। ਆਕਲੈਂਡ ਤੇ ਨੌਰਥਲੈਂਡ ‘ਚ ਕਈ ਥਾਂਈਂ ਬਿਜਲੀ ਦੀ ਮੁਸ਼ਕਲ ਆਈ।