ਸੈਕਰਾਮੈਂਟੋ, 10 ਅਕਤੂਬਰ ( ਹੁਸਨ ਲੜੋਆ ਬੰਗਾ) – ਗ਼ਦਰ ਲਹਿਰ ਦਾ ਬੂਟਾ ਲਾਉਣ ਵਾਲੀ ਮੋਢੀ ਸੰਸਥਾਪਕ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਵੱਲੋਂ 110ਵੇਂ ਸਥਾਪਨਾ ਦਿਹਾੜੇ ਮੌਕੇ, ਦੋ ਦਿਨਾ ਕਾਨਫਰੰਸ ਕਰਵਾਈ। ਇਸ ਮੌਕੇ ‘ਤੇ ਵੱਖ- ਵੱਖ ਵਿਸ਼ਿਆਂ ‘ਤੇ ਲੈਕਚਰ ਕਰਵਾਏ ਗਏ ਅਤੇ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਮੌਕੇ ਤੇ ਬੁਲਾਰਿਆਂ ਨੇ ਗ਼ਦਰ ਲਹਿਰ ਦੇ ਇਤਿਹਾਸ ਨੂੰ ਵਿਗਾੜਨ ਵਾਲੇ ਬਿਰਤਾਂਤ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਬੀਸੀ ਤੋਂ ਪਹੁੰਚੇ ਸਿੱਖ ਵਿਦਵਾਨ ਡਾ ਗੁਰਵਿੰਦਰ ਸਿੰਘ, ਚਿੰਤਕ ਸ. ਅਮਰੀਕ ਸਿੰਘ, ਪ੍ਰਿੰਸੀਪਲ ਸਵਰਨਜੀਤ ਸਿੰਘ ਤੋਂ ਇਲਾਵਾ ਅਮਰੀਕਾ ਦੇ ਜੰਮਪਲ ਡਾ ਅੰਮ੍ਰਿਤ ਕੌਰ ਦਿਓਲ ਅਤੇ ਗ਼ਦਰ ‘ਤੇ ਪੀਐਚ ਡੀ ਕਰ ਰਹੇ ਤੇਜਪਾਲ ਸਿੰਘ ਸਣੇ ਕਈ ਵਿਦਵਾਨਾਂ ਨੇ ਵਿਚਾਰ ਸਾਂਝੇ ਕੀਤੇ।ਬੁਲਾਰਿਆਂ ਨੇ ਇਤਿਹਾਸਕ ਹਵਾਲਿਆਂ ਨਾਲ ਇਹ ਸਿੱਧ ਕੀਤਾ ਕਿ ਗ਼ਦਰ ਲਹਿਰ ਦੇ ਅਸਲ ਬਿਰਤਾਂਤ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਵਿਰਾਸਤ ਨਾਲੋਂ ਤੋੜ ਕੇ ਖੱਬੇ ਪੱਖੀ ਧਾਰਨਾਵਾਂ ਨਾਲ ਜਬਰੀ ਜੋੜਿਆ ਜਾਣਾ ਇੱਕ ਸਾਜ਼ਿਸ਼ ਹੈ।
ਦੂਜੀ ਤੇ ਆਖ਼ਰੀ ਦਿਨ ਦੀ ਕਾਨਫ਼ਰੰਸ ਮੌਕੇ ਡਾ ਗੁਰਵਿੰਦਰ ਸਿੰਘ ਵੱਲੋਂ ਪੰਜ ਮਤੇ ਸੰਗਤਾਂ ਦੇ ਸਨਮੁੱਖ ਪੇਸ਼ ਕੀਤੇ ਗਏ, ਜੋ ਸਰਬਸੰਮਤੀ ਨਾਲ ਪਾਸ ਕੀਤੇ ਗਏ। ਮਤਿਆਂ ਵਿਚ ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਦਿਵਸ ਮਨਾਉਣ, ਗਿਆਨੀ ਦਿੱਤ ਸਿੰਘ ਦੀ ਤਸਵੀਰ ਲੰਗਰ ਹਾਲ ਵਿਚ ਸਜਾਉਣ, ਉਨ੍ਹਾਂ ਦੀ ਲਿਖਤ ‘ਸਾਧੂ ਦਯਾਨੰਦ ਨਾਲ ਮੇਰੇ ਸੰਵਾਦ’ ਪ੍ਰਕਾਸ਼ਤ ਕਰਨ, ਖ਼ਾਲਸਾ ਦੀਵਾਨ ਸੰਸਥਾਵਾਂ ਦੇ ਸੰਵਿਧਾਨ ਦੇ ਰਚੇਤਾ ‘ਪ੍ਰੋਫ਼ੈਸਰ ਤੇਜਾ ਸਿੰਘ ਦਿਹਾੜਾ’ ਘੋਸ਼ਿਤ ਕਰਵਾਉਣ, ਬੱਬਰ ਅਕਾਲੀ ਲਹਿਰ ਦੇ ਯੋਧਿਆਂ ਦੀ ਸ਼ਤਾਬਦੀ ਮਨਾਉਣ ਅਤੇ ਵਿਸ਼ੇਸ਼ ਕਰਕੇ, ਗ਼ਦਰੀ ਬਾਬਿਆਂ ਵੱਲੋਂ ਸ਼ੁਰੂ ਕੀਤੇ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਸਕਾਲਰਸ਼ਿਪ ਮੁੜ ਆਰੰਭ ਕਰਨ ਦੇ ਲਈ, ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਦੇ ਸੰਬੰਧ ‘ਚ ਮਰਹੂਮ ਸ. ਪਾਲ ਸਿੰਘ ਪੁਰੇਵਾਲ ਦੀ ਪੁਸਤਕ ਲੋਕ ਅਰਪਣ ਕੀਤੀ ਗਈ। ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਯਾਦਗਾਰੀ ਹੋ ਨਿਬੜਿਆ।
Home Page ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੋਢੀ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ ਵੱਲੋਂ...