ਗ਼ਦਰੀ ਬਾਬਿਆਂ ਦੇ ਮੇਲੇ ‘ਚ ਖਿੜੇ ਬਹੁ-ਪੱਖੀ ਕਲਾਵਾਂ ਦੇ ਰੰਗ

img_1211ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਢੁੱਡੀਕੇ ਨੇ ਕੀਤੀ ਝੰਡਾ ਲਹਿਰਾਉਣ ਦੀ ਰਸਮ
ਜੇ.ਐਨ.ਯੂ. ਤੋਂ ਆਏ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ, ਅਨਿਰਬਾਨ ਭੱਟਾਚਾਰੀਆ ਤੇ ਉਮਰ ਖ਼ਾਲਿਦ ਨੇ ਕੀਤਾ ਸੰਬੋਧਨ
ਵਿਚਾਰ-ਚਰਚਾ, ਗੀਤ-ਸੰਗੀਤ ਅਤੇ ਨਾਟਕਾਂ ਨੇ ਲੋਕ ਕੀਲੇ
ਜਲੰਧਰ, 1 ਨਵੰਬਰ – ਗ਼ਦਰੀ ਬਾਬਿਆਂ ਦੇ ਸਿਲਵਰ ਜੁਬਲੀ ਮੇਲੇ ‘ਚ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਢੁੱਡੀਕੇ ਨੇ ਅਦਾ ਕੀਤੀ। ਝੰਡਾ ਲਹਿਰਾਉਣ ਦੀ ਰਸਮ ਸਮੇਂ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਖ਼ਜ਼ਾਨਚੀ ਸੀਤਲ ਸਿੰਘ ਸੰਘਾ, ਸਹਾਇਕ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਕਮੇਟੀ ਮੈਂਬਰ ਹਾਜ਼ਰ ਸਨ।
ਅਮਰਜੀਤ ਸਿੰਘ ਨੇ ਆਜ਼ਾਦੀ ਇਤਿਹਾਸ ਦੇ ਅਣਛੋਹੇ ਪੰਨੇ ਫਰੋਲਦਿਆਂ ਦੱਸਿਆ ਕਿ ਗ਼ਦਰ ਪਾਰਟੀ ਦਾ ਨਿਸ਼ਾਨਾ, ਸਾਡੇ ਮੁਲਕ ਨੂੰ ਸਾਮਰਾਜਵਾਦ ਅਤੇ ਦੇਸੀ ਲੁੱਟ ਤੋਂ ਮੁਕਤ ਕਰਾਉਣਾ ਸੀ। ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਲਈ ਅੱਜ ਵੀ ਮਿਹਨਤਕਸ਼ ਲੋਕ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਇਨਕਲਾਬੀ ਇਤਿਹਾਸ ਦੀ ਲੋਅ ਮਘਦੀ ਰੱਖਣ ਦਾ ਵੇਲਾ ਆਵਾਜ਼ਾਂ ਮਾਰ ਰਿਹਾ ਹੈ।
img_1207ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਇਸ ਮੌਕੇ ਦੇਸ਼ ਭਗਤ ਲਹਿਰ ‘ਚ ਸ਼ਹਾਦਤਾਂ ਪਾਉਣ ਵਾਲਿਆਂ ਦੇ ਪਰਿਵਾਰਾਂ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਮੇਲੇ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਨੇ ਕਿਹਾ ਕਿ ਗ਼ਦਰ ਲਹਿਰ ਨੂੰ ਸ਼ਤਾਬਦੀ ਵਰ੍ਹੇ ਸਿਰਫ਼ ਯਾਦ ਕਰਨ ਦਾ ਮਾਮਲਾ ਨਹੀਂ ਸਗੋਂ ਗ਼ਦਰ ਲਹਿਰ ਦੇ ਦਰਸ਼ਨ, ਰਾਜਨੀਤੀ, ਸਾਹਿਤ ਅਤੇ ਉਦੇਸ਼ਾਂ ਨੂੰ ਸਮਝਣ ਅਤੇ ਉਨ੍ਹਾਂ ਉੱਪਰ ਚੱਲਣ ਦੀ ਲੋੜ ਹੈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੁਆਰਾ ਲਿਖੇ ਕਾਵਿ ਨਾਟ ਰੂਪੀ ਝੰਡੇ ਦੇ ਗੀਤ ‘ਜੰਝ ਲਾੜਿਆਂ ਦੀ’ ਸੈਂਕੜੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਕੋਈ ਪੌਣਾ ਘੰਟਾ ਲੰਮੇ ਇਸ ਗੀਤ ‘ਚ ਹਜ਼ਾਰਾਂ ਲੋਕਾਂ ਨੇ ਬਾਰ ਬਾਰ ਤਾੜੀਆਂ ਦੀ ਗੂੰਜ ਪਾਈ। ਲਾਹੌਰ ਸਾਜ਼ਿਸ਼ ਕੇਸ, ਬਰਮਾ ਸਾਜ਼ਿਸ਼ ਕੇਸ, ਪੱਧਰੀ ਕੇਸ ‘ਚ ਸ਼ਹਾਦਤਾਂ ਪਾਉਣ ਵਾਲਿਆਂ ਦੀ ਸ਼ਤਾਬਦੀ ਨੂੰ ਗੀਤ ‘ਚ ਬਾਖ਼ੂਬੀ ਪਰੋਇਆ ਗਿਆ। ਦਲਿਤਾਂ ਉੱਪਰ ਜ਼ਬਰ, ਕਸ਼ਮੀਰ ਦੀ ਦਰਦ ਭਰੀ ਕਹਾਣੀ, ਕਰਜ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਪਰਵਾਸ, ਧੀਆਂ ਦੇ ਦਰਦ ਆਦਿ ਕਿੰਨੇ ਹੀ ਭਖਦੇ ਸੁਆਲਾਂ ਨੂੰ ਇਸ ਸੰਗੀਤਕ ਨਾਟ ‘ਚ ਪਰੋਇਆ ਗਿਆ। ਇਸ ਉਪਰੰਤ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਨੇ ਬੋਲਦਿਆਂ ਕਿਹਾ ਕਿ ਲੋਕਾਂ ਅੱਗੇ ਸਭ ਤੋਂ ……. ਤਿੱਖਾ ਸੁਆਲ ਉਨ੍ਹਾਂ ਦੀ ਮੁਕਤੀ ਦਾ ਹੈ। ਇਸ ਲਈ ਮੇਲਾ ਅਤੇ ਗ਼ਦਰ ਸ਼ਤਾਬਦੀ ਸਾਨੂੰ ਇਹੋ ਸਿਖਾਉਂਦੀ ਹੈ ਕਿ ਲੋਕਾਂ ਨੂੰ ਮੁਕਤੀ ਦੇ ਰਾਹ ਵੱਲ ਤੋਰਨ ਦਾ ਯਤਨ ਕੀਤਾ ਜਾਏ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਨੇ ਮੋਦੀ ਸਰਕਾਰ ਦੀਆਂ ਦੇਸ਼ ਵੇਚੂ ਲੋਕ ਵਿਰੋਧੀ ਨੀਤੀਆਂ ਨੂੰ ਰਗੜੇ ਲਾਏ। ਉਨ੍ਹਾਂ ਨੇ ਕੌਮੀ ਅੰਧ ਵਿਸ਼ਵਾਸ, ਫ਼ਿਰਕੂਪੁਣੇ ਦਾ ਤਿੱਖਾ ਵਿਰੋਧ ਕੀਤਾ। ਕਨ੍ਹੱਈਆਂ ਕੁਮਾਰ ਨੇ ਕਿਹਾ ਕਿ ਦਲਿਤ ਵਰਗ ਉੱਪਰ ਹੱਲੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਹੋਰ ਅਨੇਕਾਂ ਮੁੱਦੇ ਸਾਨੂੰ ਸੰਘਰਸ਼ ਕਰਨ ਲਈ ਵੰਗਾਰ ਰਹੇ ਹਨ। ਅਨਿਰਬਾਨ ਭੱਟਾਚਾਰੀਆ ਨੇ ਮੇਲੇ ਨੂੰ ਸੰਬੋਧਨ ‘ਚ ਕਰਦਿਆਂ ਕਿਹਾ ਕਿ ਫ਼ਿਰਕੂ ਤੱਤਾਂ ਨੂੰ ਥਾਪੜਾ ਦੇਣ ਵਾਲੀ ਭਾਜਪਾ ਕੋਈ ਪਲਾਂ ਛਿਣਾਂ ਵਿੱਚ ਅੰਬਰ ਤੋਂ ਨਹੀਂ ਉੱਤਰੀ। ਆਰ.ਐੱਸ.ਐੱਸ. ਦੀ ਇਸ ਵਿਚਾਰ ਧਾਰਾ ਦੀ ਜੜ੍ਹ 1947 ਤੋਂ ਲੈ ਕੇ ਹੁਣ ਤੱਕ ਦੀਆਂ ਹਾਕਮ ਜਮਾਤਾਂ ਦੀ ਨੀਤੀਆਂ ਅੰਦਰ ਸਮੋਈ ਹੋਈ ਹੈ। ਇਸ ਕਰਕੇ ਜਮਹੂਰੀ ਸ਼ਕਤੀਆਂ ਨੂੰ ਹਰ ਤਰ੍ਹਾਂ ਦੀਆਂ ਫ਼ਿਰਕੂ ਤਾਕਤਾਂ ਦੇ ਖ਼ਿਲਾਫ਼ ਆਵਾਜ਼ ਉਠਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੁਲਕ ਭਰ ਅੰਦਰ ਉੱਠ ਰਹੇ ਲੋਕ ਸੰਘਰਸ਼ ਇਕ ਆਸ ਦੀ ਕਿਰਨ ਜਗਾਉਂਦੇ ਹਨ ਕਿ ਆਉਣ ਵਾਲਾ ਕੱਲ੍ਹ ਲੋਕਾਂ ਦਾ ਹੈ। ਜੇ.ਐਨ.ਯੂ. ਤੋਂ ਹੀ ਆਏ ਆਗੂ ਉਮਰ ਖਾਲਿਦ ਨੇ ਕਿਹਾ ਕਿ ਬੀਤੇ ਦਿਨੀਂ ਜੇਲ੍ਹ ਚੋਂ ਭਗੌੜੇ ਕੈਦੀਆਂ ਦੇ ਨਾਂਅ ‘ਤੇ ਮਾਰੇ ਗਏ ਵਿਅਕਤੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਜੰਗਲ, ਜਲ, ਜ਼ਮੀਨ ਦੀ ਰਾਖੀ ਲਈ ਲੜ ਰਹੇ ਲੋਕਾਂ ਤੋਂ ਲੈ ਕੇ ਮੁਲਕ ਦੇ ਸਮੂਹ ਮਿਹਨਤਕਸ਼ ਤਬਕਿਆਂ ਨੂੰ ਜੋਟੀ ਪਾਉਣ ਦੀ ਲੋੜ ਹੈ। ਉਨ੍ਹਾਂ ਨੇ ਕਸ਼ਮੀਰ ਅੰਦਰ ਜਮਹੂਰੀ ਹੱਕਾਂ ਦੀ ਕੀਤੀ ਜਾ ਘਾਣ ਖ਼ਿਲਾਫ਼ ਜਮਹੂਰੀ ਸ਼ਕਤੀਆਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਅਨਿਰਬਾਨ ਭੱਟਾਚਾਰੀਆ ਤੇ ਉਮਰ ਖ਼ਾਲਿਦ ਨੇ ਇਤਿਹਾਸ, ਲੋਕ ਮਸਲੇ ਅਤੇ ਜ਼ਬਰ ਜੁਲਮ ਦੇ ਖ਼ਿਲਾਫ਼ ਜੂਝਦੇ ਲੋਕਾਂ ਦੀ ਕਹਾਣੀ ਜਿਵੇਂ ਝੰਡੇ ਦੇ ਗੀਤ ਵਿੱਚ ਦਿਖਾਈ ਗਈ, ਇਸ ਲੋਕ ਕਲਾ ਦਾ ਬਿਹਤਰੀਨ ਨਮੂਨਾ ਹੈ। ਜੇ.ਐਨ.ਯੂ. ਸਟੂਡੈਂਟਸ ਯੂਨੀਅਨ ਦੇ ਸਾਬਕਾ ਸਕੱਤਰ ਮਾਰਾਬਾਗਾ ਨੇ ਕਿਹਾ ਕਿ ਉਨ੍ਹਾਂ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਆਪਣੇ ਮਤਭੇਦ ਭੁਲਾ ਕੇ ਫਾਸੀ ਤਾਕਤਾਂ ਦੇ ਖ਼ਿਲਾਫ਼ ਲੜਨਾ ਜ਼ਰੂਰੀ ਹੈ। ਦਿਨ ਦੇ ਸੈਸ਼ਨ ‘ਚ ਜੋਗਾ ਸਿੰਘ ਜੋਗੀ, ਗੁਰਮੁਖ ਸਿੰਘ ਐਮ.ਏ. ਦੇ ਕਵੀਸ਼ਰੀ ਜੱਥੇ, ਲੋਕ ਸੰਗੀਤ ਮੰਡਲੀ ਭਦੌੜ ਨੇ ਗੀਤ-ਸੰਗੀਤ ਪੇਸ਼ ਕੀਤੇ। ਮੇਲੇ ਦਾ ਸੋਵੀਨਰ ਅਤੇ ਲਾਹੌਰ ਸਾਜ਼ਿਸ਼ ਕੇਸ ਬਾਰੇ ਹਰਵਿੰਦਰ ਭੰਡਾਲ ਦੀ ਪੁਸਤਕ ਜਾਰੀ ਕੀਤੀ ਗਈ।