ਕਾਲੇ ਕਿਰਤ, ਖੇਤੀ ਕਾਨੂੰਨਾਂ, ਜੱਲ੍ਹਿਆਂਵਾਲਾ ਬਾਗ਼ ਅਤੇ ਫ਼ਿਰੋਜ਼ਪੁਰ ਯਾਦਗਾਰ ਸਬੰਧੀ ਪਾਸ ਕੀਤੇ ਮਤੇ
ਜਲੰਧਰ, 21 ਅਪ੍ਰੈਲ – ਗ਼ਦਰ ਪਾਰਟੀ ਦੇ 108ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ‘ਚ ਮਨਾਏ ਸਥਾਪਨਾ ਦਿਵਸ ਸਮਾਗਮ ਨੇ ਗੰਭੀਰ ਵਿਚਾਰ-ਚਰਚਾ ਕਰਕੇ ਤੱਤ ਕੱਢਿਆ ਕਿ ਸਾਮਰਾਜ ਤੋਂ ਮੁਕਤ, ਆਜ਼ਾਦ, ਧਰਮ-ਨਿਰਪੱਖ, ਜਮਹੂਰੀ ਅਤੇ ਸਾਂਝੀਵਾਲਤਾ ਭਰਿਆ ਰਾਜ ਅਤੇ ਸਮਾਜ ਸਿਰਜਣ ਦਾ ਜੋ ਗ਼ਦਰ ਪਾਰਟੀ ਦਾ ਮਹਾਨ ਉਦੇਸ਼ ਸੀ, ਉਸ ਨੂੰ ਨੇਪਰੇ ਚਾੜ੍ਹਨ ਲਈ ਚਿੰਤਨ, ਚੇਤਨਾ ਅਤੇ ਸੰਘਰਸ਼ ਦਾ ਪਰਚਮ ਬੁਲੰਦ ਰੱਖਣਾ ਸਮੇਂ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬਾਸਰਕੇ ਨੇ ਸਮਾਗਮ ‘ਚ 21 ਅਪ੍ਰੈਲ 1913 ਨੂੰ ਅਮਰੀਕਾ ਦੀ ਧਰਤੀ ‘ਤੇ ਬਣੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ। ਇਸ ਮੌਕੇ ਆਪਣੇ ਸੰਬੋਧਨ ‘ਚ ਮਨਜੀਤ ਸਿੰਘ ਬਾਸਰਕੇ ਨੇ ਕਿਹਾ ਕਿ ਗ਼ਦਰ ਪਾਰਟੀ ਦਾ ਪ੍ਰੋਗਰਾਮ, ਬਦੇਸ਼ੀ ਅਤੇ ਦੇਸੀ ਦੋਵੇਂ ਤਰ੍ਹਾਂ ਦੀ ਗ਼ੁਲਾਮੀ, ਪਾੜੇ, ਵਿਤਕਰੇ, ਅਨਿਆਂ ਅਤੇ ਜ਼ਬਰ ਜ਼ੁਲਮ ਦੀ ਜੜ੍ਹ ਵੱਢਣਾ ਸੀ। ਇਹ ਟੀਚੇ ਨਾ ਪੂਰੇ ਹੋਣ ਕਾਰਨ ਹੀ ਕਿਰਤ ਅਤੇ ਖੇਤੀ ਸਬੰਧੀ ਕਾਲੇ ਕਾਨੂੰਨ ਜਬਰੀ ਮੜ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਕ ਦੇ ਅਜੋਕੇ ਹਾਲਾਤ ਦੱਸਦੇ ਹਨ ਕਿ ਜੇ ਕਾਰਪੋਰੇਟ ਘਰਾਣਿਆਂ ਹਵਾਲੇ ਮੁਲਕ ਕੀਤਾ ਜਾ ਰਿਹਾ ਹੈ ਤਾਂ ਲੋਕ ਸੰਗਰਾਮ ਵੀ ਜਾਰੀ ਹੈ ਅਤੇ ਜਾਰੀ ਰਹੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਗ਼ਦਰ ਪਾਰਟੀ ਦੇ ਇਤਿਹਾਸਕ ਸਫ਼ਰ ਦੇ ਮਹੱਤਵਪੂਰਣ ਪੜਾਵਾਂ ਬਾਰੇ ਰੌਸ਼ਨੀ ਪਾਉਂਦਿਆਂ ਦਰਸਾਇਆ ਕਿ ਨਸਲੀ ਵਿਤਕਰੇ ਅਤੇ ਜ਼ਿਹਨੀ ਗ਼ੁਲਾਮੀ ਦੀਆਂ ਜੰਜੀਰਾਂ ਖ਼ਿਲਾਫ਼ ਲੜ ਕੇ ਹੀ ਗ਼ਦਰੀ ਸੰਗਰਾਮੀਆਂ ਨੇ ਆਪਣੇ ਸਵੈਮਾਣ ਲਈ ਰਾਹ ਖੋਲ੍ਹਿਆ।
ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਨੇ ਜ਼ੋਰ ਦੇ ਕੇ ਕਿਹਾ ਕਿ ਗ਼ਦਰ ਪਾਰਟੀ ‘ਚ ਧਰਮ ਹਰ ਵਿਅਕਤੀ ਦਾ ਨਿੱਜੀ ਮਾਮਲਾ ਸੀ। ਉਹ ਸੱਚੇ ਸੁੱਚੇ ਦੇਸ਼ ਭਗਤ ਆਜ਼ਾਦੀ ਸੰਗਰਾਮੀਏ ਸੀ, ਜੋ ਧਰਮ ਦੇ ਆਧਾਰ ‘ਤੇ ਕਿਸੇ ਕਿਸਮ ਦੇ ਵੀ ਰਾਜ ਦੇ ਡਟ ਕੇ ਵਿਰੋਧੀ ਸਨ। ਮਾਨਵਤਾ ਹੀ ਉਨ੍ਹਾਂ ਦਾ ਧਰਮ ਸੀ।
ਉਨ੍ਹਾਂ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਨੇ ਦੁਸ਼ਵਾਰੀਆਂ ਦੇ ਧੱਕਿਆਂ ‘ਚੋਂ ਇਹ ਨਿਚੋੜ ਕੱਢਿਆ ਕਿ:
”ਦੇਸ਼ ਪੈਣ ਧੱਕੇ, ਬਾਹਰ ਮਿਲੇ ਢੋਈ ਨਾ
ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ।
ਇਸ ਲਈ ਉਨ੍ਹਾਂ ਨੇ ਖਰੀ ਆਜ਼ਾਦੀ ਲਈ ਝੰਡਾ ਚੁੱਕਿਆ।”
ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਗ਼ਦਰ ਪਾਰਟੀ ਦਾ ਸਥਾਪਨਾ ਦਿਹਾੜਾ ਉਸ ਮੌਕੇ ਮਨਾਇਆ ਜਾ ਰਿਹਾ ਹੈ ਜਦੋਂ ਸਾਡੇ ਮੁਲਕ ਦੇ ਹਾਕਮਾਂ ਦਾ ਸਾਮਰਾਜੀਆਂ ਨਾਲ ਗੂੜ੍ਹਾ ਯਰਾਨਾ ਸ਼ਰੇਆਮ ਨੰਗਾ ਹੋ ਰਿਹਾ ਹੈ। ਕਿਰਤ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਕੂਮਤ ਦੀਆਂ ਜੜ੍ਹਾਂ ਉੱਪਰ ਹੱਲਾ ਬੋਲ ਰਿਹਾ ਹੈ, ਇਸ ਕਰਕੇ ਹੀ ਭਾਜਪਾ ਹਕੂਮਤ ਨੂੰ ਹੱਥਾਂ ਪੈਰਾਂ ਦੀ ਪਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਉੱਸਰੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਅਪਣਾਏ ਜਾ ਰਹੇ ਹੋਛੇ ਹੱਥ ਕੰਡੇ ਕਦਾਚਿਤ ਸਫਲ ਨਹੀਂ ਹੋਣਗੇ।
ਕਮੇਟੀ ਮੈਂਬਰ ਪ੍ਰਿਥੀਪਾਲ ਮਾੜੀਮੇਘਾ ਨੇ ਕਿਹਾ ਕਿ ਗ਼ਦਰ ਪਾਰਟੀ ਦੀ ਸੋਚ, ਕਿਸਾਨ ਸੰਘਰਸ਼ ਵਿੱਚ ਧੜਕਦੀ ਹੈ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਦੀਆਂ ਤਰੰਗਾਂ ਚੜ੍ਹਦੀ ਜੁਆਨੀ ਕੋਲ ਲਿਜਾਣ ‘ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਵਰਨ ਸਿੰਘ ਵਿਰਕ ਨੇ ਦੱਸਿਆ ਕਿ ਨਾਮਧਾਰੀ ਮੁਖੀ ਨਾਲ ਚੜ੍ਹਦੀ ਉਮਰੇ ਸੋਹਣ ਸਿੰਘ ਭਕਨਾ ਦੀ ਨਿੱਕੀ ਜਿਹੀ ਮੁਲਾਕਾਤ ਇਹ ਦਰਸਾਉਂਦੀ ਹੈ ਕਿ ਵਿਚਾਰਧਾਰਕ ਅਤੇ ਸ਼ਖ਼ਸੀਅਤ ਦੇ ਜੀਵਨ ਸਫ਼ਰ ‘ਚ ਸਿਫ਼ਤੀਂ ਤਬਦੀਲੀ ਵਿਚਾਰਾਂ ਅਤੇ ਅਮਲਾਂ ਦੇ ਸੁਮੇਲ ਨਾਲ ਹੋਇਆ ਕਰਦੀ ਹੈ। ਉਨ੍ਹਾਂ ਦੱਸਿਆ ਕਿ 1920 ‘ਚ ਪ੍ਰਕਾਸ਼ਿਤ ਪੱਤ੍ਰਿਕਾ ‘ਸਤਿਯੁਗ’ ਦੇ ਹਵਾਲੇ ਨਾਲ ਦੱਸਿਆ ਕਿ 1939 ਦੇ ਕਿਸਾਨ ਸੰਘਰਸ਼ ਵਿੱਚ ਬਾਲਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਅਜੋਕੇ ਸੰਘਰਸ਼ ਲਈ ਚਾਨਣ ਮੁਨਾਰਾ ਹੈ।
ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਬੋਲਦਿਆਂ ਜ਼ੋਰ ਦਿੱਤਾ ਕਿ ਕਿਸਾਨ ਮਜ਼ਦੂਰ ਅੰਦੋਲਨ ਵਿੱਚ ਔਰਤਾਂ ਨੇ ਭਰਵਾਂ ਯੋਗਦਾਨ ਪਾ ਕੇ ਗ਼ਦਰ ਪਾਰਟੀ ਦੀ ਵਿਰਾਸਤ ਨੂੰ ਬੁਲੰਦ ਕੀਤਾ ਹੈ। ਸੁਰਿੰਦਰ ਕੁਮਾਰੀ ਕੋਛੜ ਨੇ ਵਿਸ਼ਾਲ ਏਕਤਾ ਅਤੇ ਸੰਘਰਸ਼ ‘ਤੇ ਜ਼ੋਰ ਦਿੱਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਦੀ ਤਰਫ਼ੋਂ ਤਿੰਨ ਮਤੇ ਪੇਸ਼ ਕੀਤੇ। ਜੱਲ੍ਹਿਆਂਵਾਲਾ ਬਾਗ਼ ਨੂੰ ਤੁਰੰਤ ਜਨਤਕ ਤੌਰ ‘ਤੇ ਖੋਲ੍ਹਿਆ ਜਾਵੇ। ਮਤੇ ‘ਚ ਖ਼ਦਸ਼ਾ ਕਿਹਾ ਗਿਆ ਕਿ ਜੱਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਨੂੰ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂਅ ਹੇਠ ਮੇਟਣ ਦਾ ਜੇ ਯਤਨ ਕੀਤਾ ਤਾਂ ਸਰਕਾਰ, ਪ੍ਰਸ਼ਾਸਨ ਅਤੇ ਪ੍ਰਬੰਧਕਾਂ ਨੂੰ ਇਸ ਖ਼ਿਲਾਫ਼ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਕਿਰਤ ਅਤੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਅਤੇ ਫ਼ਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਸਥਾਨ ਨੂੰ ਕੌਮੀ ਵਿਰਾਸਤ ਦੇ ਮਿਊਜ਼ੀਅਮ ਦੇ ਤੌਰ ‘ਤੇ ਸੰਭਾਲਣ ਦੀ ਵੀ ਮਤਿਆਂ ‘ਚ ਮੰਗ ਕੀਤੀ ਗਈ। ਲੋਕ ਸੰਗੀਤ ਮੰਡਲੀ ਮਸਾਣੀ ਦੇ ਨਿਰਦੇਸ਼ਕ ਧਰਮਿੰਦਰ ਮਸਾਣੀ ਨੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਕਲਮ ਤੋਂ ਲਿਖਿਆ ਗੀਤ ”ਅਸੀਂ ਤੋੜੀਆਂ ਗ਼ੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੈ” ਗਾ ਕੇ ਉਦਾਸੀ ਨੂੰ ਯਾਦ ਕਰਦਿਆਂ ਦਿੱਲੀ ਮੋਰਚੇ ਨਾਲ ਸਾਂਝ ਪਾਈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰ ਪਾਰਟੀ ਦੇ ਉਦੇਸ਼ਾਂ, ਇਤਿਹਾਸ, ਕੁਰਬਾਨੀਆਂ ਅਤੇ ਅਮਿੱਟ ਦੇਣ ਤੋਂ ਸਾਡੇ ਸਮਿਆਂ ਨੂੰ ਸਾਮਰਾਜ ਅਤੇ ਉਸ ਦੇ ਹਿੱਤ ਪਾਲਕਾਂ ਕੋਲੋਂ ਮੁਕਤੀ ਹਾਸਲ ਕਰਨ ਲਈ ਅਮੁੱਲੇ ਸਬਕ ਗ੍ਰਹਿਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਦੀ ਧਰਤੀ ਨੂੰ ਅਨੇਕਾਂ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਨੂੰ ਲੋਕ ਏਕਤਾ ਅਤੇ ਲੋਕ ਸੰਘਰਸ਼ਾਂ ਨਾਲ ਹੀ ਸਰ ਕੀਤਾ ਜਾ ਸਕਦਾ ਹੈ। ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ।
ਜਾਰੀ ਕਰਤਾ:
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
+91 9877868710
Home Page ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਨੇ ਦਿੱਤਾ ਹੋਕਾ, ਸਾਮਰਾਜ ਅਤੇ ਉਸ ਦੇ...