ਆਕਲੈਂਡ, 10 ਮਾਰਚ – ਬੋਟਨੀ ਕਮਿਊਨਿਟੀ ਟਰੱਸਟ ਅਤੇ ਅਜੇ ਬੱਲ ਵੱਲੋਂ ਵਿਸਾਖੀ ਨੂੰ ਮੁੱਖ ਰੱਖਦੇ ਹੋਏ ‘ਵਿਸਾਖੀ ਇੰਨ ਦਿ ਪਾਰਕ’ ਫੈਮਲੀ ਫਨ ਡੇ ਪ੍ਰੋਗਰਾਮ 10 ਅਪ੍ਰੈਲ ਦਿਨ ਸ਼ਨੀਵਾਰ ਨੂੰ ਫਲੈਟ ਬੁੱਸ਼ ਇਲਾਕੇ ਦੇ ਸਰ ਬੈਰੀ ਕਰਟੀਸ ਪਾਰਕ, 163 ਚੈਪਲ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਦੁਪਹਿਰੇ 3.00 ਵਜੇ ਤੋਂ ਰਾਤੀ 8.00 ਵਜੇ ਤੱਕ ਹੋਏਗਾ। ਇਸ ਪ੍ਰੋਗਰਾਮ ਦੀ ਜਾਣਕਾਰੀ ਅੱਜ ਸਥਾਨਕ ਮੀਡੀਆ ਕਰਮੀਆਂ ਨੂੰ ਦਿੱਤੀ ਗਈ।
ਇਸ ਦੌਰਾਨ ਪ੍ਰਬੰਧਕਾਂ ਵੱਲੋਂ ਬੋਟਨੀ ਸਥਿਤ ਨੌਵਲਟੀ ਸਵੀਟਸ ਸ਼ਾਪ ਵਿਖੇ ਸੱਦੀ ਇੱਕ ਪ੍ਰੈੱਸ ਕਾਨਫ਼ਰੰਸ ‘ਚ ‘ਵਿਸਾਖੀ ਇੰਨ ਦਿ ਪਾਰਕ’ ਸਮਾਗਮ ਦਾ ਪੋਸਟਰ ਮੀਡੀਆ ਕਰਮੀਆਂ ਅਤੇ ਕੁੱਝ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।
ਇਸ ਮੌਕੇ ਅਜੇ ਬੱਲ ਨੇ 10 ਅਪ੍ਰੈਲ ਨੂੰ ਕਰਵਾਏ ਜਾ ਰਹੇ ‘ਵਿਸਾਖੀ ਇੰਨ ਦਿ ਪਾਰਕ’ ਮੇਲੇ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ ਕਿ ਇਹ ਇੱਕ ਬਹੁ-ਸਭਿਆਚਾਰਕ ਤੇ ਰੰਗਾਰੰਗ ਪਰਿਵਾਰ ਪ੍ਰੋਗਰਾਮ ਹੋਵੇਗਾ ਅਤੇ ਨਿਊਜ਼ੀਲੈਂਡ ਵੱਸਦੇ ਹਰ ਭਾਈਚਾਰੇ ਦੇ ਪਰਿਵਾਰਾਂ ਨੂੰ ਹਾਜ਼ਰੀ ਭਰਨ ਦਾ ਸੱਦਾ ਦਿੱਤਾ। ਰਾਈਟ ਆਈਡੀਆ ਪ੍ਰੋਡਕਸ਼ਨਸ ਜੋ ਕਿ ਇਸ ਪ੍ਰੋਗਰਾਮ ਦੇ ਸਾਰੇ ਪ੍ਰਬੰਧ ਕਰ ਰਹੀ ਹੈ, ਵੱਲੋਂ ਸ਼ਰਨਦੀਪ ਸਿੰਘ ਅਤੇ ਹਰਮੀਕ ਸਿੰਘ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ 5 ਘੰਟੇ ਚੱਲਣ ਵਾਲੇ ‘ਵਿਸਾਖੀ ਇੰਨ ਦਿ ਪਾਰਕ’ ਮੇਲੇ ਵਿੱਚ ਭੰਗੜਾ, ਗਿੱਧਾ, ਬਾਲੀਵੁੱਡ ਡਾਂਸ, ਸਕਿੱਟਸ ਆਦਿ ਪੇਸ਼ਕਾਰੀਆਂ ਵੇਖਣ ਨੂੰ ਮਿਲਣਗੀਆਂ। ਉਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਵੱਸਦੇ ਹੋਰ ਕਮਿਊਨਿਟੀ ਦੇ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਬਾਰੇ ਵਿਚਾਰਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਵੀ ਸਮਰਪਿਤ ਕੀਤਾ ਜਾਏਗਾ ਅਤੇ ਨਾਲ ਹੀ ਪੰਜਾਬੀ ਸਭਿਆਚਾਰ ਤੇ ਹੋਰ ਕਮਿਊਨਿਟੀ ਦੀਆਂ ਪੇਸ਼ਕਾਰੀਆਂ ਨੂੰ ਕਿਸਾਨਾਂ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਰਹੇਗੀ।
ਪ੍ਰਬੰਧਕਾਂ ਨੇ ਕਿਹਾ ਕਿ ‘ਵਿਸਾਖੀ ਇੰਨ ਦਿ ਪਾਰਕ’ ਪ੍ਰੋਗਰਾਮ ਨੂੰ ਫੈਮਲੀ ਫਨ ਡੇ ਅਤੇ ਪਰਿਵਾਰਕ ਬਣਾਉਣ ਲਈ ਪਾਰਕ ‘ਚ ਜਿੱਥੇ ਬੱਚਿਆਂ ਦੇ ਮਨੋਰੰਜਨ ਲਈ ਖ਼ਾਸ ਪ੍ਰਬੰਧ ਕੀਤੇ ਜਾਣਗੇ ਅਤੇ ਉੱਥੇ ਹੀ ਖਾਣ ਪੀਣ ਦੇ ਵੱਖ-ਵੱਖ ਸਟਾਲ ਵੀ ਲੱਗਣਗੇ। ਜਿਨ੍ਹਾਂ ਤੋਂ ਖਾਣ-ਪੀਣ ਦਾ ਸਮਾਨ ਖ਼ਰੀਦਿਆ ਜਾ ਸਕੇਗਾ ਅਤੇ ਮੇਲੇ ਦਾ ਅਨੰਦ ਲਿਆ ਜਾ ਸਕੇਗਾ। ਅਜੇ ਬੱਲ ਨੇ ਕਿਹਾ ਕਿ ਖੁੱਲ੍ਹੇ ਮੈਦਾਨ ਵਿੱਚ ਹੋ ਰਹੇ ਮੇਲੇ ਵਿੱਚ ਬੈਠਣ ਦਾ ਬਹੁਤਾ ਪ੍ਰਬੰਧ ਨਹੀਂ ਹੋਏਗਾ, ਦਰਸ਼ਕ ਚਾਹੁਣ ਤਾਂ ਆਪਣੇ ਬੈਠਣ ਲਈ ਆਪਣੇ ਨਾਲ ਕੁਰਸੀਆਂ ਜਾਂ ਹੋਰ ਬੈਠਣ ਦਾ ਸਾਧਨ ਲਿਆ ਸਕਦੇ ਹਨ। ਮੇਲੇ ਸੰਬੰਧੀ ਹੋਰ ਵਧੇਰੇ ਜਾਣਕਾਰੀ ਫ਼ੋਨ ਰਾਹੀ ਤੁਸੀਂ ਅਜੇ ਬੱਲ ਨੂੰ 021 996 129, ਹਰਮੀਕ ਸਿੰਘ ਨੂੰ 021 022 07509 ਅਤੇ ਸ਼ਰਨਦੀਪ ਸਿੰਘ ਨੂੰ 021 029 79245 ਉੱਤੇ ਸੰਪਰਕ ਕਰਕੇ ਹਾਸਿਲ ਕਰ ਸਕਦੇ ਹੋ।
Home Page 10 ਅਪ੍ਰੈਲ ਨੂੰ ਫਲੈਟ ਬੁੱਸ਼ ਦੇ ਬੈਰੀ ਕਰਟੀਸ ਪਾਰਕ ‘ਚ ‘ਵਿਸਾਖੀ ਇੰਨ...