ਚੰਡੀਗੜ੍ਹ, 13 ਮਾਰਚ – ਪੰਜਾਬ ਦੀ 16ਵੀਂ ਵਿਧਾਨ ਸਭਾ ਲਈ ਆਮ ਆਦਮੀ ਪਾਰਟੀ (ਆਪ) ਦੇ ਭਗਵੰਤ ਮਾਨ 16 ਮਾਰਚ ਨੂੰ ਪਿੰਡ ਖਟਕੜ ਕਲਾਂ ਵਿੱਚ ਇਕੱਲੇ ਹੀ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ ਜਦੋਂ ਕਿ ਮੰਤਰੀ ਮੰਡਲ ਦੀ ਚੋਣ ਹੋਣ ਤੋਂ ਬਾਅਦ ਵੱਖਰੇ ਤੌਰ ‘ਤੇ ਸਹੁੰ ਚੁੱਕਣ ਦਾ ਸਮਾਗਮ ਰੱਖਿਆ ਜਾਵੇਗਾ। ਖ਼ਬਰਾਂ ਅਨੁਸਾਰ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ 14 ਮਾਰਚ ਨੂੰ ਸੰਗਰੂਰ ਦੇ ਲੋਕ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਸ੍ਰੀ ਮਾਨ ਨੇ ਪਹਿਲੀ ਵਾਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਸੀ ਤੇ ਸਾਲ 2019 ਦੀਆਂ ਚੋਣਾਂ ਵਿੱਚ ਮੁੜ ਲੋਕ ਸਭਾ ਮੈਂਬਰ ਚੁਣੇ ਗਏ ਸੀ। ਹੁਣ ਭਗਵੰਤ ਮਾਨ ਧੂਰੀ ਤੋਂ ਵਿਧਾਇਕ ਦੀ ਚੋਣ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ।’ਆਪ’ ਵੱਲੋਂ ਪੰਜਾਬ ਦੀ ਖ਼ੁਸ਼ਹਾਲੀ ਲਈ ਇਤਿਹਾਸਕ ਫ਼ੈਸਲੇ ਲੈਣ ਵਾਲੇ ਮੰਤਰੀ ਮੰਡਲ ਦੇ ਮੰਤਰੀਆਂ ਦੀ ਚੋਣ ਲਈ ਲਗਾਤਾਰ ਮੰਥਨ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ‘ਚ ਪਹਿਲਾਂ 6-7 ਮੰਤਰੀਆਂ ਨੂੰ ਹੀ ਸ਼ਾਮਲ ਕੀਤਾ ਜਾਵੇਗਾ ਜਦੋਂ ਕਿ ਹੋਰਨਾਂ ਮੰਤਰੀਆਂ ਦੀ ਚੋਣ ਬਾਅਦ ਵਿੱਚ ਕੀਤੀ ਜਾਵੇਗੀ। ‘ਆਪ’ ਵੱਲੋਂ ਵਿਧਾਇਕਾਂ ਨੂੰ ਉਨ੍ਹਾਂ ਦੇ ਕਿੱਤੇ ਨਾਲ ਸਬੰਧਿਤ ਵਿਭਾਗ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦਾ ਖ਼ੁਲਾਸਾ ਤਾਂ ਮੰਤਰੀ ਮੰਡਲ ਦੇ ਐਲਾਨ ਤੋਂ ਬਾਅਦ ਹੀ ਹੋਵੇਗਾ। ਗੌਰਤਲਬ ਹੈ ਕਿ ਭਗਵੰਤ ਮਾਨ ਨੇ ਸ਼ਹੀਦਾਂ ਦੀ ਧਰਤੀ ‘ਤੇ ਰੱਖੇ ਗਏ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਪੂਰੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ। ਵਿਧਾਇਕ ਦਲ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਸੀ ਕਿ ਪੰਜਾਬ ਮੰਤਰੀ ਮੰਡਲ ਵਿੱਚ 17 ਮੰਤਰੀ ਹੀ ਸ਼ਾਮਲ ਹੋਣਗੇ।
Home Page 16 ਮਾਰਚ ਨੂੰ ਖਟਕੜ ਕਲਾਂ ‘ਚ ਇਕੱਲੇ ਭਗਵੰਤ ਮਾਨ ਹੀ ਸਹੁੰ...