ਸ਼ਾਬਾਸ਼ ਜਵਾਨਾ!…ਤੇਰਾ ਚਮਕੇ ਹੋਰ ਨਾਂਅ
ਆਕਲੈਂਡ 16 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵੱਸਦੇ ਕਈ ਸਿੱਖ ਨੌਜਵਾਨ ਜਿੱਥੇ ਆਪਣੇ ਧਰਮ, ਸਭਿਆਚਾਰ ਅਤੇ ਜਨਮ ਤੋਂ ਮਿਲਿਆ ਸਿੱਖ ਵਿਰਸਾ ਸੰਭਾਲੀ ਇਕ ਸੰਤੁਲਿਤ ਬਣਾ ਕੇ ਇਨ੍ਹਾਂ ਦੇਸ਼ਾਂ ਦੇ ਬਿਹਤਰ ਬਾਸ਼ਿੰਦੇ ਬਣ ਰਹੇ ਹਨ ਉੱਥੇ ਸਥਾਨਕ ਸੰਸਥਾਵਾਂ ਵੀ ਉਨ੍ਹਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਕੇ ਮਾਣ ਮਹਿਸੂਸ ਕਰਦੀਆਂ ਹਨ। ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਇਕ ਵਕਾਰੀ ਸੰਸਥਾ ਆਕਲੈਂਡ ਬਾਕਸਿੰਗ ਐਸੋਸੀਏਸ਼ਨ ਦੇ ਵਿੱਚ ਪਹਿਲੇ ਸਿੱਖ ਨੌਜਵਾਨ 16 ਸਾਲਾ ਹਰਅੰਸ਼ ਸਿੰਘ ਦੀ ਚੋਣ ਕੀਤੀ ਗਈ ਹੈ। ਪਿਛਲੇ ਦਿਨੀਂ ਇਸ ਨੇ 65 ਕਿੱਲੋਗ੍ਰਾਮ (ਲਾਈਟ ਵੈਲਟਰ ਵੇਟ) ਵਰਗ ਵਾਲੇ ਏ.ਬੀ.ਏ. (ਆਕਲੈਂਡ ਬਾਕਸਿੰਗ ਐਸੋਸੀਏਸ਼ਨ) ਟੂਰਨਾਮੈਂਟ ਦੇ ਵਿੱਚ ਭਾਗ ਲਿਆ ਅਤੇ ਮੁਕਾਬਲਾ ਜਿੱਤ ਕੇ ਨਿਊਜ਼ੀਲੈਂਡ ਦਾ ਪਹਿਲਾ ‘ਸਿੱਖ ਐਮਚੁਰ ਬਾਕਸਰ’ ਬਣ ਗਿਆ। ‘ਰੀਵਿਲ ਬਾਕਸਿੰਗ ਜਿਸ’ ਦਾ ਇਹ ਹੋਣਹਾਰ ਸਿੱਖਿਆਰਥੀ ਇਸ ਸਾਰੇ ਦਾ ਸਿਹਰਾ ਆਪਣੇ ਜਿੰਮ ਦੇ ਕੋਚ ਸ੍ਰੀ ਲਾਂਸ ਰਾਵੇਲ (ਕਾਮਨਵੈਲਥ ਤਗਮਾ ਜੇਤੂ) ਨੂੰ ਅਤੇ ਬਾਕੀ ਮਿਲੀ ਸਾਰੀ ਸਪੋਰਟ ਨੂੰ ਦਿੰਦਾ ਹੈ। ਉਹ ਆਪਣਾ ਰੋਲ ਮਾਡਲ ਵਰਲਡ ਫੈਮਸ ਸਵ. ਬਾਕਸਰ ਮੁਹੰਮਦ ਅਲੀ ਨੂੰ ਮੰਨਦਾ ਹੈ। ਇਸ ਸਿੱਖ ਬੱਚੇ ਦਾ ਅਗਲਾ ਨਿਸ਼ਾਨਾ ਰਾਸ਼ਟਰੀ ਖੇਡਾਂ 2021 ਅਤੇ ਕਾਮਨਵੈਲਥ ਖੇਡਾਂ ਦੇ ਵਿੱਚ ਭਾਗ ਲੈਣਾ ਹੈ।
ਇਸ ਵੇਲੇ ਹਰਅੰਸ਼ ਸਿੰਘ ਪਾਕੂਰੰਗਾ ਕਾਲਜ ਦੇ ਵਿੱਚ 12ਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ ਤੇ ਇਕ ਸਾਲ ਪਹਿਲਾਂ ਹੀ ਉਸ ਨੇ ਟ੍ਰੇਨਿੰਗ ਸ਼ੁਰੂ ਕੀਤੀ ਸੀ ਤੇ ਬਹੁਤ ਹੀ ਕਮਾਲ ਦਾ ਰਿਜ਼ਲਟ ਉਸ ਦੀ ਝੋਲੀ ਪਿਆ ਹੈ। ਸ. ਜਸਜੀਤ ਸਿੰਘ ਅਤੇ ਸ੍ਰੀਮਤੀ ਜਤਿੰਦਰ ਕੌਰ ਗੋਇੰਦਵਾਲ (ਤਰਨਤਾਰਨ) ਦਾ ਇਹ ਹੋਣਹਾਰ ਪੁੱਤਰ ਆਪਣੇ ਪਰਿਵਾਰ ਦੇ ਨਾਲ 2 ਸਾਲ ਪਹਿਲਾਂ ਹੀ ਇੰਡੀਆ ਤੋਂ ਇੱਥੇ ਆ ਕੇ ਵਸਿਆ ਹੈ। ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਬਾਕਸਰ ਹਰਅੰਸ਼ ਸਿੰਘ ਦੀ ਕਾਮਯਾਬੀ ਲਈ ਸ਼ੁੱਭ ਕਾਮਨਾਵਾਂ ਸ਼ਾਲਾ! ਇਹ ਸਿੱਖ ਬੱਚਾ ਆਪਣੀ ਖੇਡ ਦੇ ਜਰੀਏ ਭਵਿੱਖ ਵਿੱਚ ਵੀ ਕਮਿਊਨਿਟੀ ਦਾ ਨਾਂਅ ਦੇਸ਼-ਵਿਦੇਸ਼ ਵਿੱਚ ਹੋਰ ਚਮਕਾਵੇ।
Home Page 16 ਸਾਲਾ ਹਰਅੰਸ਼ ਸਿੰਘ ਆਕਲੈਂਡ ਬਾਕਸਿੰਗ ਐਸੋਸੀਏਸ਼ਨ ਦੇ ਵਿੱਚ ਪੁੱਜਣ ਵਾਲਾ ਪਹਿਲਾ...