ਜਕਾਰਤਾ – ਕਾਮਨਵੈਲਥ ਗੇਮਜ਼ ਦੇ ਸੋਨ ਤਗਮਾ ਜੇਤੂ 24 ਸਾਲਾਂ ਦੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ 18ਵੀਂ ਏਸ਼ੀਅਨ ਗੇਮਜ਼ ‘ਚ ਭਾਰਤ ਨੂੰ ਪਹਿਲਾ ਸੋਨ ਤਗਮਾ ਦੁਆਇਆ। ਪਹਿਲਵਾਨ ਬਜਰੰਗ ਨੇ ਪੁਰਸ਼ਾਂ ਦੀ ੬੫ ਕਿੱਲੋ ਗ੍ਰਾਮ ਵਰਗ ਕੁਸ਼ਤੀ ਦੇ ਫਾਈਨਲ ਮੁਕਾਬਲੇ ਵਿੱਚ ਜਾਪਾਨ ਦੇ ਤਾਕਾਤਾਨੀ ਦਾਇਚੀ ਨੂੰ 11-8 ਨਾਲ ਹਰਾ ਕੇ ਭਾਰਤ ਦੀ ਝੋਲੀ ਵਿੱਚ ਪਹਿਲਾ ਸੋਨ ਤਗਮਾ ਪਾਇਆ। ਗੌਰਤਲਬ ਹੈ ਕਿ 18ਵੀਂ ਏਸ਼ੀਅਨ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਸੋਨ ਤਗਮਾ ਹੈ। ਜ਼ਿਕਰਯੋਗ ਹੈ ਕਿ ਬਜਰੰਗ ਪੂਨੀਆ ਨੇ ਏਸ਼ੀਅਨ ਖੇਡਾਂ 2014 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ, ਜਿਸ ਦਾ ਰੰਗ ਬਦਲਣ ਵਿੱਚ ਉਹ ਇਸ ਵਾਰ ਕਾਮਯਾਬ ਰਿਹਾ। ਗੌਰਤਲਬ ਹੈ ਕਿ ੧੮ਵੀਂ ਏਸ਼ੀਅਨ ਖੇਡਾਂ ‘ਚ ਭਾਰਤ ਲਈ ਪਹਿਲਾ ਤਗਮਾ ਨਿਸ਼ਾਨੇਬਾਜ਼ ਜੋੜੀ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਜਿੱਤਿਆ ਸੀ। ਦੋਵਾਂ ਦੀ ਜੋੜੀ ਨੇ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਜੋ ਇਨ੍ਹਾਂ ਖੇਡਾਂ ਦਾ ਭਾਰਤ ਲਈ ਪਹਿਲਾ ਤਗਮਾ ਸੀ। ਜਦੋਂ ਕਿ 10 ਮੀਟਰ ਏਅਰ ਰਾਈਫ਼ਲ ‘ਚ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਵੀ ਚਾਂਦੀ ਦਾ ਤਗਮਾ ਜਿੱਤਿਆ।
ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਭਾਰਤੀ ਪਹਿਲਵਾਨ ਨੇ ਤਿੱਖਾ ਰੁਖ਼ ਅਖ਼ਤਿਆਰ ਕਰਦੇ ਹੋਏ ਪਹਿਲੇ 16 ਸੈਕੰਡ ‘ਚ ਹੀ 6 ਪੁਇੰਟ ਪ੍ਰਾਪਤ ਕਰ ਲਏ ਸਨ, ਪਰ ਜਾਪਾਨੀ ਪਹਿਲਵਾਨ ਨੇ ਵਾਪਸੀ ਕੀਤੀ। ਇੱਕ ਵੇਲੇ ਅਜਿਹਾ ਵੀ ਆਇਆ ਜਦੋਂ ਦੋਵੇਂ ਪਹਿਲਵਾਨ 6-6 ਪੁਇੰਟ ਉੱਤੇ ਆ ਗਏ ਸਨ, ਪਰ ਜਿਵੇਂ-ਜਿਵੇਂ ਖੇਡ ਅੱਗੇ ਵਧਿਆ ਬਜਰੰਗ ਨੇ ਜਾਪਾਨੀ ਪਹਿਲਵਾਨ ਉੱਤੇ ਕਾਬੂ ਪਾ ਲਿਆ। ਇਹ ਮੁਕਾਬਲਾ ਬਜਰੰਗ ਨੇ 11-8 ਤੋਂ ਆਪਣੇ ਨਾਂਅ ਕਰਦੇ ਹੋਏ ਸੋਨ ਤਗਮਾ ਜਿੱਤ ਲਿਆ।
Home Page 18ਵੀਂ ਏਸ਼ੀਅਨ ਗੇਮਜ਼ : ਪਹਿਲਵਾਨ ਬਜਰੰਗ ਪੂਨੀਆ ਨੇ ਭਾਰਤ ਨੂੰ ਪਹਿਲਾ ਸੋਨ...