1984 ਸਿੱਖ ਵਿਰੋਧੀ ਦੰਗੇ: ਦਿੱਲੀ ਦੀ ਅਦਾਲਤ ਵੱਲੋਂ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਆਇਦ

ਨਵੀਂ ਦਿੱਲੀ, 23 ਅਗਸਤ – ਦਿੱਲੀ ਦੀ ਅਦਾਲਤ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ’ਚ ਇਕ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ’ਚ ‘ਮੁੱਖ ਉਕਸਾਉਣ ਵਾਲਾ ਵਿਅਕਤੀ’ ਕਰਾਰ ਦਿੰਦਿਆਂ ਉਸ ਦੇ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ ਜਿਸ ਨਾਲ ਸਾਬਕਾ ਸੰਸਦ ਮੈਂਬਰ ਖ਼ਿਲਾਫ਼ ਕੇਸ ਚਲਾਉਣ ਲਈ ਰਾਹ ਪੱਧਰਾ ਹੋ ਗਿਆ ਹੈ।
ਅਦਾਲਤ ਨੇ ਸੱਜਣ ਕੁਮਾਰ ਨੂੰ 2 ਨਵੰਬਰ, 1984 ਨੂੰ ਹੋਏ ਦੰਗਿਆਂ ਦੇ ਇਕ ਹੋਰ ਮਾਮਲੇ ’ਚ ਧਾਰਾ 302 ਤਹਿਤ ਹੱਤਿਆ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਐੱਮ.ਕੇ. ਨਾਗਪਾਲ ਨੇ ਕਿਹਾ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਇਸਤਗਾਸਾ ਧਿਰ ਵੱਲੋਂ ਪੇਸ਼ ਕੀਤੇ ਗਏ ਜ਼ੁਬਾਨੀ ਤੇ ਦਸਤਾਵੇਜ਼ੀ ਸਬੂਤ ਇਹ ਮੰਨਣ ਲਈ ਕਾਫੀ ਹਨ ਕਿ 1 ਨਵੰਬਰ 1984 ਨੂੰ ਸਵੇਰੇ 11 ਵਜੇ ਕੌਮੀ ਰਾਜਧਾਨੀ ਦੇ ਨਵਾਦਾ ਖੇਤਰ ਦੇ ਗੁਲਾਬ ਬਾਗ ਇਲਾਕੇ ਵਿੱਚ ਇਕ ਗੁਰਦੁਆਰੇ ਦੇ ਕੋਲ ਡੰਡੇ, ਸਰੀਏ, ਇੱਟਾਂ ਤੇ ਪੱਥਰ ਲੈ ਕੇ ਸੈਂਕੜੇ ਲੋਕ ਇਕੱਠੇ ਹੋਏ ਸਨ। ਜਸਟਿਸ ਨਾਗਪਾਲ ਅਨੁਸਾਰ ਸੱਜਣ ਕੁਮਾਰ ਵੀ ਇਸ ਭੀੜ ਵਿੱਚ ਸ਼ਾਮਲ ਸੀ। ਉਸ ਦਾ ਮਕਸਦ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਗੁਰਦੁਆਰੇ ਨੂੰ ਅੱਗ ਲਾਉਣਾ, ਉਥੇ ਲੁੱਟ-ਖੋਹ ਕਰਨਾ ਤੇ ਸਿੱਖਾਂ ਦੇ ਘਰਾਂ ਨੂੰ ਸਾੜਨਾ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਹੱਤਿਆ ਕਰਨਾ ਸੀ।