ਪੰਜਾਬੀ ਭਾਸ਼ਾ, ਕੀਰਤਨ, ਤਬਲਾ ਅਤੇ ਗਤਕੇ ਨਾਲ ਹੈ ਅਥਾਹ ਪਿਆਰ
ਆਕਲੈਂਡ 10 ਅਗਸਤ (ਹਰਜਿੰਦਰ ਸਿੰਘ ਬਸਿਆਲਾ) – ਬਾਹਰਲੇ ਦੇਸ਼ ਜਿੱਥੇ ਵਿਸ਼ਵ ਪੱਧਰ ਦੀ ਪੜ੍ਹਾਈ ਵਾਸਤੇ ਆਪਣੇ ਬਾਰਡਰ ਖੁੱਲ੍ਹੇ ਰੱਖਦੇ ਹਨ ਉੱਥੇ ਹੋਣਹਾਰ ਬੱਚਿਆਂ ਦੇ ਲਈ ਇਨ੍ਹਾਂ ਬਾਰਡਰਾਂ ਦੀ ਸੁਰੱਖਿਆ ਲਈ ਆਪਣੇ ਬੂਹੇ ਵੀ ਖੁੱਲ੍ਹੇ ਰੱਖਦੇ ਹਨ। ਇੱਥੋਂ ਤੱਕ ਕਿ ਬਾਰਡਰ ਸੁਰੱਖਿਆ ਦੀ ਚਾਬੀ ਵੀ ਇਨ੍ਹਾਂ ਹੱਥ ਫੜਾ ਛੱਡਦੇ ਹਨ। ਖ਼ੁਸ਼ੀ ਹੁੰਦੀ ਹੈ ਜਦੋਂ ਅਜਿਹੀਆਂ ਉੱਚ ਪੱਧਰ ਦੀਆਂ ਅਤੇ ਵਿਸ਼ਵਾਸ ਗੜੁੱਚ ਨੌਕਰੀਆਂ ਬਿਨਾਂ ਕਿਸੇ ਭੇਦਭਾਵ ਦੇ ਮਿਲਣ ਲਗਦੀਆਂ ਹਨ। ਨਿਊਜ਼ੀਲੈਂਡ ਇਕ ਬਹੁ-ਕੌਮੀ ਦੇਸ਼ ਹੈ ਅਤੇ ਇੱਥੇ ਲਿਆਕਤ ਦੇ ਅਧਾਰ ਉੱਤੇ ਪ੍ਰਵਾਸੀ ਬੱਚੇ ਉੱਚ ਨੌਕਰੀਆਂ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਬਰਕਰਾਰ ਰੱਖਦਿਆਂ ਹਾਸਿਲ ਕਰ ਰਹੇ ਹਨ। ਆਪ ਨੂੰ ਜਾਣ ਕਿ ਖ਼ੁਸ਼ੀ ਹੋਏਗੀ ਕਿ ਹੁਣ ਇੱਕ 20 ਸਾਲਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਸੁਹੇਲਜੀਤ ਸਿੰਘ ਨਿਊਜ਼ੀਲੈਂਡ ਏਅਰਫੋਰਸ ਦੇ ਵਿੱਚ ‘ਏਅਰ ਕਰਾਫ਼ਟ ਟੈਕਨੀਸ਼ੀਅਨ’ ਵਜੋਂ ਭਰਤੀ ਹੋਇਆ ਹੈ। ਇਕ ਸੰਪੂਰਨ ਮਕੈਨਿਕ ਬਣਨ ਦੇ ਲਈ ਇਸ ਨੂੰ ਦੋ ਹੋਰ ਕੋਰਸ ਕਰਵਾਏ ਜਾ ਰਹੇ ਹਨ। ਇੱਕ ਪੇਸ਼ਾਵਰ ਮਕੈਨਿਕ ਬਣਨ ਤੋਂ ਬਾਅਦ ਇਹ ਨੌਜਵਾਨ ਏਅਰ ਕਰਾਫ਼ਟ ਦੀ ਉਡਾਣ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਬਾਅਦ ਦੀ ਮਕੈਨੀਕਲ ਸਰਵਿਸ ਕਰਨ ਦੇ ਯੋਗ ਹੋਵੇਗਾ। ਇਸ ਤੋਂ ਅਗਲੇਰਾ ਕੋਰਸ ਕਰਨ ਬਾਅਦ ਇਹ ਨੌਜਵਾਨ ਸੀਨੀਅਰ ਟੀਮ ਦਾ ਮੈਂਬਰ ਬਣ ਜਾਵੇਗਾ ਜੋ ਜਹਾਜ਼ ਦੇ ਵੱਡੇ ਨੁਕਸ ਲੱਭ ਠੀਕ ਕਰਦੇ ਹਨ ਅਤੇ ਇੰਜਣ ਆਦਿ ਦੀ ਅਦਲਾ-ਬਦਲੀ ਕਰਦੇ ਹਨ। ਨਿਊਜ਼ੀਲੈਂਡ ਏਅਰ ਫੋਰਸ ਦੇ ਵਿੱਚ ਧਰਮ ਦੇ ਅਨੁਸਾਰ ਆਪਣਾ ਹੁਲੀਆ ਰੱਖਣ ਦੀ ਛੋਟ ਹੈ ਜਿਸ ਕਰਕੇ ਇਹ ਨੌਜਵਾਨ ਪੰਜ ਕਕਾਰਾਂ ਦਾ ਧਾਰਣੀ ਰਹਿੰਦਾ ਹੈ ਅਤੇ ਸਿਰ ਉੱਤੇ ਛੋਟੀ ਦਸਤਾਰ ਜਾਂ ਪਟਕਾ ਬੰਨ੍ਹ ਕੇ ਆਪਣੀ ਨੌਕਰੀ ਕਰਦਾ ਹੈ। ਵਰਦੀ ਦੇ ਰੂਪ ਵਿੱਚ ਛੋਟੀ ਦਸਤਾਰ ਦੇ ਉੱਤੇ ਏਅਰ ਫੋਰਸ ਦਾ ਬੈਜ ਲਗਾਉਣਾ ਹੁੰਦਾ ਹੈ ਜੋ ਬਾਕੀ ਦੇ ਨੌਜਵਾਨ ਆਪਣੀ ਟੋਪੀ ਦੇ ਉੱਤੇ ਲਗਾਉਂਦੇ ਹਨ। ਇੱਥੇ ਕਕਾਰਾਂ ਦੀ ਕੋਈ ਮਨਾਹੀ ਨਹੀਂ ਹੈ। ਏਅਰ ਫੋਰਸ ਦੇ ਇਸ ਨੌਜਵਾਨ ਦੀ ਅਜੋਕੇ ਭਾਰਤੀ ਮੁੰਡਿਆ ਅਤੇ ਕੁੜੀਆਂ ਨੂੰ ਅਪੀਲ ਹੈ ਕਿ ਉਹ ਨਿਊਜ਼ੀਲੈਂਡ ਡਿਫੈਂਸ ਫੋਰਸ ਦੇ ਵਿੱਚ ਭਰਤੀ ਹੋਣ। ਇੱਥੇ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈ ਅਤੇ ਸਾਰੇ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ।
ਇਸ ਵੇਲੇ ਏਅਰ ਫੋਰਸ ਦੇ ਵਿੱਚ ਦੋ ਹੋਰ ਸਿੱਖ ਕਮਿਸ਼ਨਡ ਇੰਜੀਨੀਅਰ ਆਫ਼ੀਸਰ ਵੀ ਹਨ ਪਰ ਜਦੋਂ ਉਸ ਨੇ ਅਪਲਾਈ ਕੀਤਾ ਸੀ ਤਾਂ ਉਹ ਨਿੱਜੀ ਤੌਰ ‘ਤੇ ਕਿਸੇ ਨੂੰ ਨਹੀਂ ਜਾਣਦਾ ਸੀ। ਇੱਕ ਅਫ਼ਸਰ ਨੂੰ ਉਹ ਹੁਣ ਤੱਕ ਮਿਲਿਆ ਹੈ ਅਤੇ ਦੂਜੇ ਦੇ ਸੰਪਰਕ ਵਿੱਚ ਹੈ। ਇਨ੍ਹਾਂ ਦੋਹਾਂ ਅਫ਼ਸਰਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਇਕ ਹੋਰ ਸਿੱਖ ਨੌਜਵਾਨ ਏਅਰ ਫੋਰਸ ਦੇ ਵਿੱਚ ਪਹੁੰਚਿਆ ਹੈ। ਸੁਹੇਲਜੀਤ ਸਿੰਘ ਦੇ ਮਾਮੇ ਦਾ ਬੇਟਾ ਮਨਮੋਹਨ ਸਿੰਘ ਜੋ ਕਿ ਆਪ ਵੀ ਇਕ ਕੰਪਨੀ ਦੇ ਵਿੱਚ ਮਕੈਨੀਕਲ ਇੰਜੀਨੀਅਰ ਹੈ, ਨੇ ਇਸ ਮੁੰਡੇ ਨੂੰ ਏਅਰ ਫੋਰਸ ਦੇ ਵਿੱਚ ਜਾਣ ਲਈ ਬਹੁਤ ਪ੍ਰੇਰਿਤ ਕੀਤਾ ਤੇ ਭਰਤੀ ਹੋਣ ਤੱਕ ਪੂਰਾ ਸਾਥ ਦਿੱਤਾ। ਸੁਹੇਲਜੀਤ ਸਿੰਘ ਅਨੁਸਾਰ ਭਰਤੀ ਹੋਣਾ ਔਖਾ ਨਹੀਂ ਹੈ ਪਰ ਇਸ ਦੇ ਲਈ ਕਾਫ਼ੀ ਤਿਆਰੀ, ਪੜ੍ਹਾਈ ਤੇ ਲਗਨ ਦੀ ਲੋੜ ਪੂਰੀ ਕਰਨੀ ਪੈਂਦੀ ਹੈ। ਇਸ ਵੇਲੇ ਇਹ ਨੌਜਵਾਨ ਆਪਣੇ ਏਅਰ ਫੋਰਸ ਗਰੁੱਪ ਦੇ ਵਿੱਚ ਇੱਕੋ ਇੱਕ ਸਿੱਖ ਨੌਜਵਾਨ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ। ਇਸ ਖ਼ਬਰ ਦੇ ਲਈ ਵਿਭਾਗ ਵੱਲੋਂ ਵਿਸ਼ੇਸ਼ ਰੂਪ ਦੇ ਵਿੱਚ ਫ਼ੋਟੋ ਖਿਚਵਾਈਆਂ ਗਈਆਂ ਅਤੇ ਇਹ ਸਾਰੀ ਜਾਣਕਾਰੀ ਵਿਭਾਗ ਤੋਂ ਪਾਸ ਹੋਣ ਤੱਕ 15 ਦਿਨ ਦਾ ਸਮਾਂ ਲੱਗ ਗਿਆ।
ਤਿੰਨ ਸਾਲ ਦੀ ਉਮਰ ਵਿੱਚ ਇਹ ਨੌਜਵਾਨ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇੱਥੇ ਆਪਣੇ ਪਰਿਵਾਰ ਨਾਲ ਆਇਆ ਸੀ। 2008 ਦੇ ਵਿੱਚ ਦੇਸ਼ ਦਾ ਨਾਗਰਿਕ ਬਣਿਆ। ਇਸ ਨੌਜਵਾਨ ਨੇ ਮਾਊਂਟ ਈਡਨ ਸਕੂਲ, ਕੋਨੀਫਰ ਸਕੂਲ ਟਾਕਾਨੀਨੀ, ਰੋਜ਼ਹਿਲ ਕਾਲਜ ਪਾਪਾਕੁਰਾ ਦੀ ਪੜ੍ਹਾਈ ਤੋਂ ਬਾਅਦ ਯੂਨੀਟੈਕ ਤੋਂ ਆਰਕੀਟੈਕਚਰਲ ਡਿਪਲੋਮਾ ਹਾਸਿਲ ਕੀਤਾ। ਸਿੱਖੀ ਦੇ ਵਿੱਚ ਪੂਰਨ ਵਿਸ਼ਵਾਸ, ਖਾਲਸਾ ਹੈਰੀਟੇਜ ਸਕੂਲ ਗੁਰਦੁਆਰਾ ਸਾਹਿਬ ਟਾਕਾਨੀਨੀ ‘ਚ ਪੰਜਾਬੀ ਦੀ ਪੜ੍ਹਾਈ, ਨਾਲ ਦੀ ਨਾਲ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿੱਖਿਆ ਅਤੇ ਸਿੱਖ ਮਾਰਸ਼ਲ ਆਰਟ (ਗਤਕੇ) ਦੇ ਵਿੱਚ ਵੀ ਮੁਹਾਰਤ ਹਾਸਿਲ ਕੀਤੀ। ਇਸ ਨੌਜਵਾਨ ਦੇ ਪਰਿਵਾਰ ਵਿੱਚੋਂ ਮਾਤਾ ਅੰਮ੍ਰਿਤ ਨੈਨਾ ਕੌਰ, ਸਤਿਕਾਰਯੋਗ ਪਿਤਾ ਤੇਜਾ ਸਿੰਘ (ਕ੍ਰਿਸਟੋਫਰ ਮਿਕਗਗਰ) ਅਤੇ ਛੋਟੇ ਭਰਾ ਅਜੀਤ ਸਿੰਘ ਨੇ ਬਹੁਤ ਹੌਸਲਾ ਅਫਜਾਈ ਕੀਤੀ ਹੈ। ਮਾਮੇ ਦੀ ਕੁੜੀ ਆਰਕੀਟੈਕਟ ਜਸਪ੍ਰੀਤ ਕੌਰ ਅਤੇ ਮਾਮੇ ਦਾ ਬੇਟਾ ਇੰਜੀਨੀਅਰ ਮਨਮੋਹਨ ਸਿੰਘ ਇਸ ਦੇ ਆਦਰਸ਼ ਹਨ। ਸ਼ਾਲਾ! ਇਹ ਨੌਜਵਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਪੂਰੇ ਭਾਰਤੀ ਭਾਈਚਾਰੇ ਅਤੇ ਸਿੱਖ ਧਰਮ ਦਾ ਨਾਂਅ ਰੌਸ਼ਨ ਕਰੇ।
Home Page 20 ਸਾਲਾ ਅੰਮ੍ਰਿਤਧਾਰੀ ਨੌਜਵਾਨ ਸੁਹੇਲਜੀਤ ਸਿੰਘ ਨਿਊਜ਼ੀਲੈਂਡ ਏਅਰ ਫੋਰਸ ‘ਚ ਟੈਕਨੀਸ਼ੀਅਨ ਵਜੋਂ...