2021 ਰੈਜ਼ੀਡੈਂਟ ਵੀਜ਼ਾ: 96,245 ਅਰਜ਼ੀਆਂ ਪਹੁੰਚੀਆਂ ਤੇ 46,197 ਲੋਕਾਂ ਨੂੰ ਮਿਲ ਚੁੱਕੀ ਹੈ 8 ਮਈ ਤੱਕ ਰੈਜ਼ੀਡੈਂਸੀ

ਆਕਲੈਂਡ 17 ਮਈ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਇਮੀਗ੍ਰੇਸ਼ਨ ਕੋਲ ਆਰ-21 ਸ਼੍ਰੇਣੀ ਅਧੀਨ ਅਰਜ਼ੀਆਂ ਆਉਣੀਆਂ ਅਜੇ ਵੀ ਜਾਰੀ ਹਨ, ਹੁਣ ਤੱਕ ਪ੍ਰਾਪਤ 96,245 ਅਰਜ਼ੀਆਂ ਦੇ ਵਿਚ 1 ਲੱਖ 92 ਹਜ਼ਾਰ, 427 ਲੋਕ ਸ਼ਾਮਿਲ ਹਨ। 8 ਮਈ ਤੱਕ ਜਾਰੀ ਹੋਏ ਅੰਕੜਿਆਂ ਅਨੁਸਾਰ ਹੁਣ ਤੱਕ 20,504 ਅਰਜ਼ੀਆਂ ਦਾ ਨਬੇੜਾ ਹੋ ਚੁੱਕਾ ਹੈ ਅਤੇ 46,197 ਲੋਕਾਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਹੁਣ ਤੱਕ 20 ਅਰਜ਼ੀਆਂ ਨੂੰ ਰੱਦ ਕੀਤਾ ਗਿਆ ਹੈ। ਰੈਜ਼ੀਡੈਂਟ ਵੀਜਾ ਸ਼੍ਰੇਣੀ ਦੀਆਂ ਅਰਜ਼ੀਆਂ 1 ਦਸੰਬਰ 2021 ਤੋਂ ਸ਼ੁਰੂ ਹੋਈਆਂ ਸਨ ਅਤੇ ਇਹ 31 ਜੁਲਾਈ 2022 ਤੱਕ ਚੱਲਣਗੀਆਂ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਵੇਖਿਆ ਜਾਵੇ ਤਾਂ ਇਹ ਕਾਰਜ ਸ਼ੁਰੂ ਹੋਏ ਨੂੰ 167 ਦਿਨ ਹੋ ਗਏ ਹਨ ਉਸ ਹਿਸਾਬ ਨਾਲ ਰੋਜ਼ਾਨਾ ਪੌਣੇ ਕੁ 300 ਲੋਕਾਂ ਨੂੰ ਰੈਜ਼ੀਡੈਂਸੀ ਦਿੱਤੀ ਜਾ ਰਹੀ ਹੈ। ਔਸਤਨ 130 ਅਰਜ਼ੀਆਂ ਹਰ ਰੋਜ਼ ਫੈਸਲੇ ਦੀ ਮੋਹਰ ਪ੍ਰਾਪਤ ਕਰ ਰਹੀਆਂ ਹਨ। ਇਸ ਸਪੀਡ ਦੇ ਨਾਲ ਕੁੱਲ 740 ਦਿਨ ਸਾਰੀਆਂ ਅਰਜ਼ੀਆਂ ਨੂੰ ਪੂਰੇ ਹੋਣ ਨੂੰ ਲੱਗਣਗੇ। ਅਰਜ਼ੀ ਪ੍ਰਾਪਤ ਹੋਣ ਦੇ 12 ਮਹੀਨਿਆਂ ਅੰਦਰ ਫੈਸਲੇ ਕਰਨ ਦਾ ਐਲਾਨ ਹੋਇਆ ਹੈ, ਵੇਖਦੇ ਹਾਂ ਕਿ ਇਮੀਗਰੇਸ਼ਨ ਕਿਵੇਂ ਸਪੀਡ ਫੜਦੀ ਹੈ, ਮੌਜੂਦਾ ਸਪੀਡ ਜਰੂਰ ਹੌਲੀ ਨਜ਼ਰ ਆ ਰਹੀ ਹੈ। ਹੁਣ ਤੱਕ 20 ਅਰਜ਼ੀਆਂ ਰੱਦ ਹੋਈਆਂ ਹਨ।