ਆਕਲੈਂਡ, 20 ਮਾਰਚ – ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਬਣਾਏ ਗਏ ‘ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ’ ਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੁਆਰਾ ਰਸਮੀ ਉਦਘਾਟਨ ਕੱਲ੍ਹ 21 ਮਾਰਚ ਦਿਨ ਐਤਵਾਰ ਨੂੰ ਕੀਤਾ ਜਾਏਗਾ।
ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕੱਲ੍ਹ ਸਿੱਖ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਰਨ ਲਈ 12.00 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਗੇ ਅਤੇ ਉਹ ਦੁਪਹਿਰ 2.00 ਵਜੇ ਤੱਕ ਉੱਥੇ ਠਹਿਰਣਗੇ। ਸਿੱਖ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਉਹ ਸੰਗਤਾਂ ਨੂੰ ਸੰਬੋਧਨ ਕਰਨਗੇ। ਪ੍ਰਬੰਧਕਾਂ ਵੱਲੋਂ ਭਾਈਚਾਰੇ ਨੂੰ ਦਰਪੇਸ਼ ਆਉਂਦੇ ਇਮੀਗ੍ਰੇਸ਼ਨ ਦੇ ਮਸਲਿਆਂ ਬਾਰੇ ਪ੍ਰਧਾਨ ਮੰਤਰੀ ਨਾਲ ਖ਼ਾਸ ਮੀਟਿੰਗ ਵੀ ਕੀਤੀ ਜਾਏਗੀ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ ਜਾਏਗਾ। ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੇ ਮੰਤਰੀ ਅਤੇ ਮੈਂਬਰ ਪਾਰਲੀਮੈਂਟ, ਸੱਤਾਧਾਰੀ ਭਾਈਵਾਲ ਗ੍ਰੀਨ ਪਾਰਟੀ ਦੇ ਐਮਪੀ, ਵਿਰੋਧੀ ਪਾਰਟੀ ਦੀ ਆਗੂ ਜੂਡਿਥ ਕੌਲਿਨ ਤੋਂ ਇਲਾਵਾ ਸਾਬਕਾ ਐਮਪੀ ਅਤੇ ਹੋਰ ਸ਼ਖ਼ਸੀਅਤਾਂ ਪੁੱਜਣਗੀਆਂ। ਉਨ੍ਹਾਂ ਦੱਸਿਆ ਕਿ ਸਪੋਰਟਸ ਨਾਲ ਸੰਬੰਧਿਤ ਅਧਿਕਾਰੀ, ਨਿਊਜ਼ੀਲੈਂਡ ਪੁਲਿਸ ਦੇ ਅਧਿਕਾਰੀ ਅਤੇ ਭਾਈਚਾਰੇ ਤੋਂ ਵੀ ਖ਼ਾਸ ਮਹਿਮਾਨਾਂ ਨੂੰ ਬੁਲਾਇਆ ਗਿਆ ਹੈ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਕੱਲ੍ਹ ਉਦਘਾਟਨ ਮੌਕੇ ਗੁਰਵਿੰਦਰ ਸਿੰਘ (ਗੋਪਾ ਬੈਂਸ) ਮਾਣਕਢੇਰੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ‘ਕਮਿਊਨਿਟੀ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਏਗਾ। ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਇਸ ਮੌਕੇ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ।
Home Page 21 ਮਾਰਚ ਨੂੰ ਪ੍ਰਧਾਨ ਮੰਤਰੀ ਆਰਡਰਨ ‘ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਟਾਕਾਨੀਨੀ’ ਦਾ...