8 ਤੇ 9 ਮਾਰਚ ਨੂੰ ਲਾਲ ਕਿੱਲੇ ਵਿਖੇ ਪਹਿਲੀ ਵਾਰ ਯਾਦਗਾਰੀ ਮਨਾਈ ਜਾਵੇਗੀ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਵੱਲੋਂ ਲਾਲ ਕਿੱਲੇ ਤੇ ਕੇਸਰੀ ਨਿਸ਼ਾਨ ਝੁਲਾ ਕੇ ਮੁਗਲ ਰਾਜ ਦਾ ਖ਼ਾਤਮਾ ਕਰਣ ਨੂੰ ਸਮਰਪਿਤ 231ਵਾਂ ਦਿੱਲੀ ਫਤਿਹ ਦਿਵਸ ਖ਼ਾਲਸਾਈ ਜਾਹੋ-ਜਲਾਲ ਨਾਲ ਲਾਲ ਕਿੱਲੇ ਵਿਖੇ ਪਹਿਲੀ ਵਾਰ 8 ਤੇ 9 ਮਾਰਚ 2014 ਨੂੰ ਯਾਦਗਾਰੀ ਪੱਧਰ ਤੇ ਮਨਾਉਣ ਵਾਸਤੇ 24 ਫਰਵਰੀ ਨੂੰ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ੧੬ ਕਮੇਟੀਆਂ ਵੱਖ-ਵੱਖ ਮੈਂਬਰਾਂ ਦੀ ਅਗਵਾਈ ਹੇਠ ਬਣਾ ਕੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਦਾ ਅਹਿਦ ਲਿਆ ਗਿਆ।
ਮਨਜੀਤ ਸਿੰਘ ਜੀ. ਕੇ. ਨੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ੮ ਮਾਰਚ ਸ਼ਾਮ ਨੂੰ ਲਾਲ ਕਿੱਲਾ ਮੈਦਾਨ ਵਿਖੇ ਕੀਰਤਨ ਸਮਾਗਮ ਅਤੇ ੯ ਮਾਰਚ ਦੁਪਹਿਰ ਤੋਂ ਤੀਸ ਹਜ਼ਾਰੀ ਕੋਰਟ ਤੋਂ ਲਾਲ ਕਿੱਲੇ ਵੱਲ ਜਰਨੈਲੀ ਮਾਰਚ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਅੱਗੋਂ ਹੁੰਦਾ ਹੋਇਆ ਲਾਲ ਕਿੱਲਾ ਮੈਦਾਨ ਵਿੱਚ ਸਮਾਪਤ ਹੋਵੇਗਾ। ਇਸ ਜਰਨੈਲੀ ਮਾਰਚ ਵਿੱਚ ਜਿੱਥੇ ਅੱਗੇ ੫ ਨਿਹੰਗ ਘੋੜਿਆਂ ਤੇ ਸਵਾਰ ਹੋ ਕੇ ਹੱਥ ਵਿੱਚ ਨਿਸ਼ਾਨ ਸਾਹਿਬ ਲੈ ਕੇ ਮਾਰਚ ਦੀ ਅਗਵਾਈ ਕਰਨਗੇ ਉਸ ਦੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀ ਤੇ ਨਿਹੰਗ ਸਿੰਘ ਸੈਂਕੜੇ ਘੋੜਿਆਂ ਤੇ ਹਾਥੀਆਂ ‘ਤੇ ਪੁਰਾਤਨ ਸ਼ਸਤਰਾਂ ਦੇ ਨਾਲ ਸਵਾਰ ਹੋਣਗੇ। ਭਾਰਤੀ ਫ਼ੌਜਾਂ ਦੇ ਸਾਬਕਾ ਸਿੱਖ ਅਧਿਕਾਰੀਆਂ ਵੱਲੋਂ ਆਪਣੇ ਮੈਡਲ ਲਗਾ ਕੇ ਖੁੱਲ੍ਹੀਆਂ ਜੀਪਾਂ ‘ਤੇ ਸਵਾਰ ਹੋ ਕੇ ਮਾਰਚ ਦੀ ਸ਼ੋਭਾ ਵਧਾਉਣ ਦੀ ਗੱਲ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਮਾਰਚ ਦੇ ਲਾਲ ਕਿੱਲਾ ਪਹੁੰਚਣ ਤੇ ਕੇਸਰੀ ਨਿਸ਼ਾਨ ਲਾਲ ਕਿੱਲੇ ਤੇ ਲਾਈਟ ਐਂਡ ਸਾਊਂਡ ਸ਼ੋ ਦੇ ਰਾਹੀਂ ਝੁਲਾਉਣ ਤੋਂ ਬਾਅਦ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ ਹੀ ਨਵਾ ਨਾਨਕਸ਼ਾਹੀ ਕੇਲੈਂਡਰ ਦਿੱਲੀ ਫਤਿਹ ਦਿਵਸ ਦੀ ਫ਼ੋਟੋ ਨਾਲ ਜਾਰੀ ਕੀਤਾ ਜਾਵੇਗਾ।
ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਕੀਰਤਨ, ਸਿੰਘ ਸਾਹਿਬਾਨ ਨਾਲ ਰਾਫਤਾ, ਟੈਂਟ ਤੇ ਲਾਈਟ, ਸੰਤ ਸਮਾਜ-ਨਿਹੰਗ ਸਿੰਘ ਜਥੇਬੰਦੀਆਂ ਤੇ ਸਰਬ ਧਰਮ ਦੇ ਪ੍ਰਤੀਨਿਧੀ, ਪੁਲਿਸ ਤੇ ਸੈਨਾ ਦੇ ਬੈਂਡ, ਲੰਗਰ, ਟਰਾਂਸਪੋਰਟ, ਰਿਹਾਇਸ਼, ਮੀਡੀਆ ਤੇ ਪ੍ਰਚਾਰ, ਸਰਕਾਰੀ ਵਿਭਾਗਾਂ ਨਾਲ ਤਾਲ-ਮੇਲ, ਇਤਿਹਾਸਕਾਰ ਤੇ ਸਾਹਿਤ, ਮਾਇਆ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਸੁਚਾਰੂ ਰੂਪ ਨਾਲ ਕਰਣ ਵਾਸਤੇ ਬਣਾਈਆ ਗਈਆਂ ਇਨ੍ਹਾਂ ਕਮੇਟੀਆਂ ਵਿੱਚ ਉਚੇਚੇ ਤੌਰ ‘ਤੇ ਕਮੇਟੀ ਮੈਂਬਰ ਤੇ ਵਿਭਾਗ ਦੇ ਮੁੱਖੀ ਸ਼ਾਮਿਲ ਕੀਤੇ ਗਏ ਨੇ ਤੇ ਉਨ੍ਹਾਂ ਨਾਲ ਤਾਲ-ਮੇਲ ਦੀ ਜ਼ਿੰਮੇਵਾਰੀ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਅਤੇ ਕੁਲਮੋਹਨ ਸਿੰਘ ਮੁੱਖ ਸਲਾਹਕਾਰ ਨਿਭਾਉਣਗੇ। ਇਸ ਮੀਟਿੰਗ ਵਿੱਚ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਆਪਣੇ ਕੀਮਤੀ ਵਿਚਾਰਾਂ ਰਾਹੀਂ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਦਾ ਖਰੜਾ ਪੇਸ਼ ਕੀਤਾ। ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦੇ ਪ੍ਰਤੀਨਿਧੀਆਂ ਨੂੰ ਇਸ ਮਾਰਚ ਦੀ ਜਾਣਕਾਰੀ ਦੇਣ ਵਾਸਤੇ ਵਿਸ਼ੇਸ਼ ਮੀਟਿੰਗ ਸ਼ੁੱਕਰਵਾਰ 28 ਫਰਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਉਲੀਕੀ ਜਾ ਰਹੀ ਹੈ।
Indian News 231ਵਾਂ ਦਿੱਲੀ ਫਤਿਹ ਦਿਵਸ ਨੂੰ ਯਾਦਗਾਰੀ ਬਣਾਉਣ ਲਈ ਦਿੱਲੀ ਕਮੇਟੀ ਨੇ ਕੀਤੇ...