24 ਜੂਨ ਨੂੰ ਭੋਗ ‘ਤੇ ਵਿਸ਼ੇਸ਼: ਯਾਦਾਂ ਦੇ ਝਰੋਖੇ ‘ਚੋਂ ਵਿਛੜੇ ਸੱਜਣ : ਸੁਰਿੰਦਰ ਮੋਹਨ ਸਿੰਘ

ਸੁਰਿੰਦਰ ਮੋਹਨ ਸਿੰਘ
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072, E-mail: ujagarsingh48@yahoo.com

ਰੰਗਲੇ ਸੱਜਣਾ ਦੇ ਵਿਛੜ ਜਾਣ ਤੋਂ ਬਾਅਦ ਉਸ ਦੀਆਂ ਯਾਦਾਂ ਦੀ ਪਟਾਰੀ ਹੀ ਸਰਮਾਇਆ ਬਣਕੇ ਰਹਿ ਜਾਂਦੀ ਹੈ। ਅਸੀਂ ਸੁਰਿੰਦਰ ਮੋਹਨ ਸਿੰਘ ਦੇ ਦੋਸਤ ਮਿੱਤਰ ਉਸ ਦੇ ਠਹਾਕਿਆਂ ਅਤੇ ਨੋਕ-ਝੋਕ ਤੋਂ ਵਾਂਝੇ ਹੋ ਗਏ ਹਾਂ। ਉਸ ਦੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣ ਨਾਲ ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਬੇਰੰਗ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਵਿੱਚ ਰੰਗਾਂ ਦੀ ਖ਼ੁਸ਼ਬੂ ਫੈਲਾਉਣ ਵਾਲਾ ਦੋਸਤ ਅਣਦੱਸੇ ਪੈਂਡੇ ‘ਤੇ ਚਲਾ ਗਿਆ ਹੈ। ਉਹ ਬਹੁਤ ਬੇਬਾਕ ਸੀ, ਆਪਣੀ ਗੱਲ ਕਹਿ ਦਿੰਦੇ ਸਨ ਭਾਵੇਂ ਕਿਸੇ ਗਿੱਟੇ ਤੇ ਗੋਡੇ ਲੱਗੇ। ਰੰਗਲੇ ਸੱਜਣ ਦੇ ਤੁਰ ਜਾਣ ‘ਤੇ ਅੱਜ 1974 ਦੇ ਉਹ ਦਿਨ ਯਾਦ ਆ ਰਹੇ ਹਨ, ਜਦੋਂ ਸਾਰੇ ਦੋਸਤ ਮਿੱਤਰ ਸਿਆਸੀ ਚੁੰਝ ਚਰਚਾ ਸਿਵਲ ਸਕੱਤਰੇਤ ਦੇ ਗਲਿਆਰਿਆਂ ਵਿੱਚ ਕਰਦੇ ਹੁੰਦੇ ਸੀ। ਚੰਡੀਗੜ੍ਹ 22 ਸੈਕਟਰ ਦਾ ‘ਰਾਈਟਰ ਕਾਰਨਰ’ ਜਿਥੇ ਸਾਹਿਤਕ ਸੱਜਣਾਂ ਵਿਚ ਘਿਰੇ ਸੁਰਿੰਦਰ ਮੋਹਨ ਸਿੰਘ ਚਟਕਾਰੇ ਲਾ ਕੇ ਸਾਹਿਤਕਾਰਾਂ ਦੀਆਂ ਰਚਨਾਵਾਂ ਬਾਰੇ ਵਿਅੰਗਾਤਮਿਕ ਚਟਕਾਰੇ ਲਾਉਂਦੇ ਹੁੰਦੇ ਸਨ। ਸੁਰਿੰਦਰ ਮੋਹਨ ਸਿੰਘ ਅਕਾਲੀ/ਸਿੱਖ ਸਿਆਸਤ ਦਾ ਚਲਦਾ ਫਿਰਦਾ ਸ਼ਬਦ ਕੋਸ਼/ਵਿਸ਼ਵ ਕੋਸ਼ ਸੀ। ਉਹ ਸਿੱਖ ਖਾਸ ਤੌਰ ‘ਤੇ ਅਕਾਲੀ ਸਿਆਸਤ ਦੀਆਂ ਬਾਰੀਕੀਆਂ ਤੋਂ ਭਲੀ ਭਾਂਤ ਜਾਣੂੰ ਸੀ। ਉਹ ਸਿੱਖ ਧਰਮ ਨੂੰ ਪ੍ਰਣਾਏ ਹੋਏ ਸਨ। ਅਕਾਲੀ/ਸਿੱਖ ਸਿਆਸਤ ਦੀਆਂ ਇਤਿਹਾਸਕ ਘਟਨਾਵਾਂ ਅਤੇ ਉਨ੍ਹਾਂ ਵਿੱਚ ਕਿਹੜੇ ਨੇਤਾਵਾਂ ਦਾ ਕੀ ਯੋਗਦਾਨ ਸੀ। ਇਥੋਂ ਤੱਕ ਉਨ੍ਹਾਂ ਮੀਟਿੰਗਾਂ ਵਿੱਚ ਕਿਹੜੀ ਚੁੰਝ ਚਰਚਾ ਹੁੰਦੀ ਸੀ, ਉਸ ਬਾਰੇ ਵੀ ਉਸ ਕੋਲ ਜਾਣਕਾਰੀ ਦਾ ਭੰਡਾਰ ਸੀ। ਇਹ ਸਾਰਾ ਕੁਝ ਉਸ ਦੇ ਪੋਟਿਆਂ ‘ਤੇ ਸੀ। ਸੁਰਿੰਦਰ ਮੋਹਨ ਸਿੰਘ ਦਾ ਜਨਮ 27 ਸਤੰਬਰ 1945 ਨੂੰ ਲਾਹੌਰ ਵਿਖੇ ਪਿਤਾ ਜਸਵੰਤ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਉਸ ਦੇ ਮਾਤਾ ਪਿਤਾ ਧਾਰਮਿਕ ਰੁਚੀ ਦੇ ਮਾਲਕ ਸਨ। ਗੁਰੂ ਘਰ ਦੇ ਸ਼ਰਧਾਲੂ ਸਨ ਅਤੇ ਉਹ ਸਿੱਖ ਧਰਮ ਦੀਆਂ ਧਾਰਮਿਕ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਰਹਿੰਦੇ ਸਨ। ਇਸ ਲਈ ਸਿੱਖੀ ਸੋਚ ਦੀ ਗੁੜ੍ਹਤੀ ਉਸ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਸੀ। ਪਰਵਾਰ ਲਾਹੌਰ ਤੋਂ ਆ ਕੇ ਲੁਧਿਆਣਾ ਵਸ ਗਿਆ। ਸੁਰਿੰਦਰ ਮੋਹਨ ਸਿੰਘ ਦਾ ਅਕਾਲੀ ਸਿਆਸਤਦਾਨ ਸੁਰਜਨ ਸਿੰਘ ਠੇਕੇਦਾਰ ਲੁਧਿਆਣਾ ਵਾਲਿਆਂ ਨਾਲ ਗੂੜ੍ਹਾ ਪ੍ਰੇਮ ਸੀ। ਬਸੰਤ ਸਿੰਘ ਖਾਲਸਾ ਅਤੇ ਕੈਪਟਨ ਕੰਵਲਜੀਤ ਸਿੰਘ ਦੇ ਵੀ ਉਹ ਨਜ਼ਦੀਕੀ ਰਹੇ ਸਨ।
ਉਹ 27 ਸਤੰਬਰ 1967 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਅਨੁਵਾਦਕ ਪੰਜਾਬੀ ਭਰਤੀ ਹੋ ਗਿਆ। 1974 ਵਿੱਚ ਉਨ੍ਹਾਂ ਦੀ ਨਿਬੰਧਕਾਰ ਪੰਜਾਬੀ ਦੀ ਤਰੱਕੀ ਹੋ ਗਈ। ਉਸ ਦੇ ਨਿਬੰਧਕਾਰ ਬਣਨ ਤੋਂ ਦੋ ਮਹੀਨੇ ਬਾਅਦ ਮੇਰੀ ਵੀ ਪੰਜਾਬੀ ਸ਼ੈਕਸ਼ਨ ਵਿੱਚ ਨਿਬੰਧਕਾਰ ਪੰਜਾਬੀ ਦੀ ਚੋਣ ਹੋ ਗਈ। ਸੁਖਪਾਲਵੀਰ ਸਿੰਘ ਹਸਰਤ ਪੀ.ਆਰ.ਓ ਪੰਜਾਬੀ ਤੋਂ ਬਿਨਾ ਸੁਰਿੰਦਰ ਮੋਹਨ ਸਿੰਘ ਹੀ ਸਭ ਤੋਂ ਪੁਰਾਣਾ ਸ਼ਾਖਾ ਵਿੱਚ ਕਰਮਚਾਰੀ ਸੀ। ਉਹ ਅਨੁਵਾਦ ਕਰਨ ਵਿੱਚ ਮਾਹਿਰ ਸੀ। ਉਹ ਜਦੋਂ ਅਨੁਵਾਦਕਾਂ ਦੀਆਂ ਗ਼ਲਤੀਆਂ ਕੱਢਦਾ ਸੀ ਤਾਂ ਹਮੇਸ਼ਾ ਵਿਅੰਗ ਨਾਲ ਕਟਾਕਸ਼ ਕਰਦਾ ਸੀ। ਭਾਵ ਗ਼ਲਤੀ ਟਕੋਰ ਮਾਰ ਕੇ ਸਮਝਾ ਵੀ ਦਿੰਦਾ ਸੀ ਤੇ ਨਾਲ ਹੀ ਸਿੱਖਣ ਦੀ ਪ੍ਰੇਰਨਾ ਦਿੰਦਾ ਸੀ। ਪੰਜਾਬੀ ਸ਼ਾਖਾ ਵਿੱਚ ਹਮੇਸ਼ਾ ਹਾਸੇ ਖਿਲਰਦੇ ਅਤੇ ਠਹਾਕੇ ਵਜਦੇ ਰਹਿੰਦੇ ਸਨ। ਪੰਜਾਬੀ, ਹਿੰਦੀ ਅਤੇ ਉਰਦੂ ਤਿੰਨੋ ਸ਼ਾਖਾਵਾਂ ਪੰਜਾਬ ਸਿਵਲ ਸਕੱਤਰੇਤ ਦੇ ਇਕੋ ਹਾਲ ਵਿੱਚ ਪੰਜਵੀਂ ਮੰਜ਼ਲ ਦੇ ਕੋਨੇ ਵਿੱਚ ਹੁੰਦੀਆਂ ਸਨ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਖੇਤ ਦਾ ਅਖ਼ੀਰਲਾ ਕਿਆਰਾ ਸੁੱਕਾ ਰਹਿ ਜਾਂਦਾ ਹੈ ਪ੍ਰੰਤੂ ਇਹ ਕੋਨੇ ਦਾ ਕਿਆਰਾ ਖ਼ੁਸ਼ੀਆਂ ਅਤੇ ਹਾਸੇ ਠੱਠੇ ਦਾ ਕੇਂਦਰ ਬਿੰਦੂ ਹੁੰਦਾ ਸੀ। ਸੁਰਿੰਦਰ ਮੋਹਨ ਸਿੰਘ ਦੇ ਜਾਣ ਨਾਲ ਉਸ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਕੇ ਖਾਮੇਸ਼ ਹੋ ਗਈਆਂ ਹਨ।
ਪੰਜਾਬ ਸਿਵਲ ਸਕੱਤਰੇਤ ਵਿੱਚ ਨੌਕਰੀ ਕਰਦਿਆਂ ਉਸ ਦਾ ਤਾਲਮੇਲ ਅਕਾਲੀ/ਸਿੱਖ ਸਿਆਸਤਦਾਨਾ ਨਾਲ ਵਧੇਰੇ ਹੋਣ ਲੱਗ ਪਿਆ। ਅਕਾਲੀ ਪਰਵਾਰਿਕ ਪਿਛੋਕੜ ਹੋਣ ਕਰਕੇ ਉਸ ਨੂੰ ਸਿਆਸਤਦਾਨਾਂ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲ ਗਿਆ। 1977 ਵਿੱਚ ਉਸ ਦੀ ਇਸ਼ਤਿਹਾਰ ਸ਼ਾਖਾ ਵਿੱਚ ਕਾਪੀ ਰਾਈਟਰ ਦੀ ਤਰੱਕੀ ਹੋ ਗਈ। 1978 ਵਿੱਚ ਉਹ ਸਹਾਇਕ ਲੋਕ ਸੰਪਰਕ ਅਧਿਕਾਰੀ ਬਣ ਗਏ। ਪ੍ਰੰਤੂ ਉਸ ਦੀ ਤਰੱਕੀ ਲੋਕ ਸੰਪਰਕ ਅਧਿਕਾਰੀ ਦੀ ਨਿਬੰਧਕਾਰਾਂ ਵਿੱਚੋਂ ਹੋਈ ਸੀ। ਫਿਰ ਉਹ ਡਿਪਟੀ ਡਾਇਰੈਕਟਰ ਬਣ ਗਏ। ਉਹ ਪਟਿਆਲਾ, ਅਤੇ ਫਤਿਹਗੜ੍ਹ ਸਾਹਿਬ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵੀ ਰਹੇ। ਬਦਲੀਆਂ ਦੇ ਚੱਕਰ ਵਿੱਚੋਂ ਨਿਕਲਣ ਲਈ ਉਹ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਲੋਕ ਸੰਪਰਕ ਅਧਿਕਾਰੀ ਤੇ ਤੌਰ ਤੇ ਡੈਪੂਟੇਸ਼ਨ ‘ਤੇ ਚਲੇ ਗਏ। ਉਨ੍ਹਾਂ ਨੇ ਸਿਰੀ ਰਾਮ ਅਰਸ਼ ਨਾਲ ਸਾਂਝੇ ਤੌਰ ‘ਤੇ ਇਕ ਪੁਸਤਕ ‘ਯਾਦਾਂ ਵਿੱਚ ਇਤਿਹਾਸ’ ਵੀ ਸੰਪਾਦਿਤ ਕੀਤੀ ਸੀ। ਬਤੌਰ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਦੀ ਮਹੱਤਵਪੂਰਨ ਸ਼ਾਖਾ ਪ੍ਰੈਸ ਦੇ ਡਿਪਟੀ ਡਾਇਰੈਕਟਰ ਦੇ ਫਰਜ ਨਿਭਾਉਂਦੇ ਹੋਏ ਉਹ 2003 ਵਿੱਚ ਸੇਵਾ ਮੁਕਤ ਹੋ ਗਏ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਥੋੜ੍ਹਾਂ ਸਮਾਂ ਲੋਕ ਸਭਾ ਚੋਣ ਲਈ ਅਕਾਲੀ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਦੀ ਪਟਿਆਲਾ ਤੋਂ ਚੋਣ ਸਮੇਂ ਮੀਡੀਆ ਦਾ ਕੰਮ ਵੇਖਦੇ ਰਹੇ ਪ੍ਰੰਤੂ ਫਿਰ ਸਿਆਸੀ ਜ਼ੋਰ ਪੈਣ ‘ਤੇ ਉਹ ਕਾਂਗਰਸੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੀ ਚੋਣ ਸਮੇਂ ਮੀਡੀਆ ਦਾ ਕੰਮ ਕਰਦੇ ਰਹੇ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਕੈਨੇਡਾ, ਆਸਟਰੇਲੀਆ ਅਤੇ ਪਾਕਿਸਤਾਨ ਦਾ ਖੂਬ ਸੈਰ ਸਪਾਟਾ ਕੀਤਾ।
1976 ਵਿੱਚ ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਨਾਲ ਹੋ ਗਿਆ। ਉਨ੍ਹਾਂ ਦੀ ਪਤਨੀ ਸਾਇੰਸ ਅਧਿਆਪਕਾ ਸਨ। ਉਨ੍ਹਾਂ ਦੇ ਦੋ ਲੜਕੇ ਜਸਮੋਹਨ ਸਿੰਘ ਕੈਨੇਡਾ ਅਤੇ ਕੁਸ਼ਲ ਮੋਹਨ ਸਿੰਘ ਆਸਟਰੇਲੀਆ ਰਹਿੰਦੇ ਹਨ। ਸੁਰਿੰਦਰ ਮੋਹਨ ਸਿੰਘ ਸੰਖੇਪ ਘਾਤਕ ਬਿਮਾਰੀ ਲੱਗ ਗਈ। ਬਿਹਤਰੀਨ ਇਲਾਜ ਦੇ ਮੱਦੇ ਨਜ਼ਰ ਉਹ ਆਪਣੇ ਸਪੁੱਤਰ ਕੋਲ ਪਤਨੀ ਸਮੇਤ ਆਸਟਰੇਲੀਆ ਚਲੇ ਗਏ। ਆਸਟਰੇਲੀਆ ਜਾਣ ਤੋਂ ਪਹਿਲਾਂ ਅਸੀਂ ਉਸ ਦੇ ਪੁਰਾਣੇ ਸਾਥੀ ਮਿਲਣ ਗਏ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਉਹ ਆਸਟਰੇਲੀਆ ਵਿਖੇ 29 ਸਤੰਬਰ 2022 ਨੂੰ ਸਵਰਗ ਸਿਧਾਰ ਗਏ ਸਨ। ਉਨ੍ਹਾਂ ਦੀ ਮਿੱਠੀ ਤੇ ਨਿਘੀ ਯਾਦ ਵਿੱਚ ਉਨ੍ਹਾਂ ਦੇ ਪਰਵਾਰ ਵੱਲੋਂ ਆਸਟਰੇਲੀਆ ਅਤੇ ਕੈਨੇਡਾ ਤੋਂ ਆ ਕੇ 24 ਜੂਨ 2023 ਨੂੰ ਗੁਰਦੁਆਰਾ ਸ਼੍ਰੀ ਕਲਗੀਧਰ ਫੇਜ-4 ਐਸ.ਏ.ਐਸ ਨਗਰ ਮੋਹਾਲੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਉਪਰੰਤ ਦੁਪਹਿਰ 12-00 ਵਜੇ ਤੋਂ 1-00 ਵਜੇ ਤੱਕ ਕੀਰਤਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਰੰਗਲੇ ਸੱਜਣ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਣਗੇ।