ਸੈਕਰਾਮੈਂਟੋ, ਕੈਲੀਫੋਰਨੀਆ, 14 ਨਵੰਬਰ (ਹੁਸਨ ਲੜੋਆ ਬੰਗਾ) – ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 345ਵਾਂ ਸ਼ਹੀਦੀ ਦਿਹਾੜਾ ਅਤੇ 400ਵੇਂ ਪ੍ਰਕਾਸ਼ ਦਿਵਸ ਤੇ ਵਰਲਡ ਸਿੱਖ ਪਾਰਲੀਮੈਂਟ ਦੀਆਂ ਧਰਮ, ਸਿਵਲ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਕੌਂਸਲਾਂ ਵੱਲੋਂ ਨਿਊਯਾਰਕ ਸਿੱਖ ਸੈਂਟਰ ਦੇ ਗੁਰਦੁਆਰਾ ਸਾਹਿਬ ਵਿੱਚ 14 ਨਵੰਬਰ ਨੂੰ ਮਨਾਇਆ ਗਿਆ।
ਇਸ ਮੌਕੇ ਨਿਊਯਾਰਕ ਦੇ ਰਾਜ ਅਤੇ ਸ਼ਹਿਰੀ ਅਫ਼ਸਰਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਮਾਨਤਾ ਦਿੱਤੀ ਗਈ। ਨਿਊਯਾਰਕ ਵਿਧਾਨ ਸਭਾ ਦੀ ਕੈਟਾਲੀਨਾ ਕਰੂਜ਼ ਨੇ ਇਸ ਮੌਕੇ ਅਧਿਕਾਰਕ ਪੱਤਰ ਪੜ੍ਹਿਆ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਲਈ ਕੀਤੀ ਕੁਰਬਾਨੀ ਨੂੰ ਮਾਨਤਾ ਦਿੱਤੀ ਗਈ ਹੈ। ਕੈਟਾਲੀਨਾ ਕਰੂਜ਼ ਨੇ ਵਰਲਡ ਸਿੱਖ ਪਾਰਲੀਮੈਂਟ ਵਰਗੀਆਂ ਸਾਰੀਆਂ ਸਿੱਖ ਜਥੇਬੰਦੀਆਂ ਦੁਆਰਾ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਚੱਲ ਰਹੇ ਭਲਾਈ ਕਾਰਜਾਂ ਨੂੰ ਵੀ ਅਧਿਕਾਰਕ ਤੌਰ ‘ਤੇ ਮਾਨਤਾ ਦਿੱਤੀ। ਕੈਟਾਲੀਨਾ ਕਰੂਜ਼ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਨਿਊਯਾਰਕ ਵਿਧਾਨ ਸਭਾ ‘ਚ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਨੂੰ ਸਦੀਵੀ ਮਾਨਤਾ ਦੇਣ ਲਈ ਇੱਕ ਮਤਾ ਲਿਆਂਦਾ ਜਾਵੇਗਾ। ਉਨ੍ਹਾਂ ਵੱਲੋਂ ਗੁਰੂ ਸਾਹਿਬ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੇ ਦਿਨ ਵਜੋਂ ਮਨਾਉਣ ਲਈ ਵੀ ਹਾਮੀ ਭਰੀ ਗਈ ।ਇਸ ਮੌਕੇ ਨਿਊਯਾਰਕ ਵਿਧਾਨ ਸਭਾ ਨਾਲ ਸੰਬੰਧਿਤ ਜੈਸਿਕਾ ਗੋਂਜ਼ਲੇਜ਼-ਰੋਜਸ, ਡੋਨੋਵਾਨ ਰਿਚਰਡਜ਼ ਕੁਈਨਜ਼ ਦੇ ਬੋਰੋ ਦੇ ਪ੍ਰਧਾਨ, ਜ਼ੋਹਰਾਨ ਮਮਦਾਨੀ ਅਤੇ ਫੂਡ ਪੈਂਟਰੀ ਨਾਲ ਸੰਬੰਧਿਤ ਡੈਨੀਅਲ ਨੇ ਵੀ ਸ਼ਿਰਕਤ ਕੀਤੀ ਅਤੇ ਸਿੱਖ ਕੌਮ ਦੇ ਬਾਸ਼ਿੰਦਿਆਂ ਵੱਲੋਂ ਮਨੁੱਖੀ ਅਧਿਕਾਰਾਂ ਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਨਿਊਯਾਰਕ ਵਿਧਾਨ ਸਭਾ ਦੇ ਸਮੁੱਚੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੀਆਂ ਕੌਂਸਲਾਂ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਜਾਰੀ ਰੱਖਣਾ ਵੀ ਯਕੀਨੀ ਬਣਾਇਆ। ਇੱਥੇ ਇਹ ਵਰਨਣਯੋਗ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਪ੍ਰਕਾਸ਼ ਦਿਹਾੜੇ ਨੂੰ ਨਿਊਯਾਰਕ ਦੀ ਵਿਧਾਨ ਸਭਾ ਤੋਂ ਅਧਿਕਾਰਕ ਮਾਨਤਾ ਦਿਵਾਉਣ ‘ਚ ਹਿੰਮਤ ਸਿੰਘ ਦਾ ਖ਼ਾਸ ਯੋਗਦਾਨ ਰਿਹਾ। ਇਸ ਸੰਬੰਧੀ ਗੱਲ ਕਰਦਿਆਂ ਹਿੰਮਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹਰ ਸਿੱਖ ਨੂੰ ਮਨੁੱਖੀ ਅਧਿਕਾਰਾਂ ਤੇ ਇਨਸਾਫ਼ ਲਈ ਜੂਝਦੇ ਰਹਿਣਾ ਸਿਖਾਉਂਦੀ ਹੈ। ਇਸ ਮੌਕੇ ਬੋਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਇਤਿਹਾਸਿਕ ਹਵਾਲੇ ਦਿੰਦੇ ਹੋਏ ਰਾਜਨੀਤਿਕ ਤੌਰ ‘ਤੇ ਸਰਗਰਮ ਰਹਿਣ ਦੀ ਮਹੱਤਤਾ ਨੂੰ ਉਭਾਰਿਆ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਵੀ ਇਸ ਮੁਬਾਰਕ ਦਿਹਾੜੇ ਨੂੰ ਮਾਨਤਾ ਦੇਣੀ ਚਾਹੀਦੀ ਹੈ। ਈਸਟ ਕੋਸਟ ਤੋਂ ਵੀ ਬਹੁਤ ਸਾਰੇ ਸਿੱਖ ਆਗੂਆਂ ਨੇ ਇਸ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੁਆਰਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੀ ਕੁਰਬਾਨੀ ਅੱਗੇ ਸਿੱਜਦਾ ਕੀਤਾ। ਇਹ ਪ੍ਰੋਗਰਾਮ ਵਰਲਡ ਸਿੱਖ ਪਾਰਲੀਮੈਂਟ ਦੇ ਯੂਐੱਸਏ ‘ਚ ਰਹਿ ਰਹੇ ਮੈਂਬਰਾਂ ਦੇ ਸਹਿਯੋਗ ਸਦਕਾ ਸਫਲਤਾ ਸਹਿਤ ਸੰਪੂਰਨ ਹੋਇਆ।
Home Page ਨਿਊਯਾਰਕ ਵਿਧਾਨ ਸਭਾ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 345ਵੇਂ ਸ਼ਹੀਦੀ ਦਿਹਾੜੇ...