ਟਾਕਾਨੀਨੀ (ਆਕਲੈਂਡ), 26 ਜੂਨ – ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ 26 ਤੇ 27 ਨਵੰਬਰ 2022 ਨੂੰ ਕਰਵਾਈਆਂ ਜਾਣਗੀਆਂ। ਇਨ੍ਹਾਂ ਤਰੀਕਾਂ ਦਾ ਐਲਾਨ ਅੱਜ ਇੱਥੇ ਦੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਏ ਇੱਕ ਸਮਾਗਮ ਦੇ ਵਿੱਚ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੋਵਿਡ -19 ਦੀਆਂ ਸਖ਼ਤੀਆਂ ਕਾਰਣ 2021 ਦੀਆਂ ਖੇਡਾਂ ਨਹੀਂ ਹੋ ਸਕੀਆਂ ਸਨ, ਇਸ ਲਈ ਇਸ ਵਾਰ ਦੀਆਂ ਖੇਡਾਂ ਨੂੰ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਨਾਮ ਦਿੱਤਾ ਗਿਆ ਹੈ। ਇਸ ਮੌਕੇ ਸਿੱਖ ਖੇਡਾਂ ਦੀ ਕਮੇਟੀ ਵਿੱਚੋਂ ਸ. ਤਾਰਾ ਸਿੰਘ ਬੈਂਸ, ਸ. ਦਲਜੀਤ ਸਿੰਘ ਸਿੱਧੂ, ਸ. ਇੰਦਰਜੀਤ ਸਿੰਘ ਕਾਲਕਟ, ਸ. ਗੁਰਵਿੰਦਰ ਸਿੰਘ ਔਲਖ, ਸ. ਸੁਰਿੰਦਰ ਸਿੰਘ ਢੀਂਡਸਾ, ਸ. ਗੁਰਜਿੰਦਰ ਸਿੰਘ ਘੁੰਮਣ ਹਾਜ਼ਰ ਸਨ।
ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾ ਦੇ ਐਲਾਨ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਸ. ਨਵਤੇਜ ਸਿੰਘ ਰੰਧਾਵਾ ਅਤੇ ਸ. ਸ਼ਰਨਜੀਤ ਸਿੰਘ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ। ਪਿਛਲੀਆਂ ਖੇਡਾਂ ਉੱਤੇ ਵੀਡੀਓ ਕਲਿੱਪਾਂ ਰਾਹੀਂ ਝਾਤ ਪਵਾਈ ਗਈ। ਸ. ਦਲਜੀਤ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੇ ਵਿੱਚ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ, ਖਿਡਾਰੀਆਂ ਤੇ ਖੇਡ ਕਲੱਬਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਸਪਾਂਸਰਜ਼ ਨੂੰ ਜੀ ਆਇਆਂ ਆਖਿਆ। ਖੇਡ ਕਮੇਟੀ ਨੇ ਸਾਂਝੇ ਰੂਪ ਵਿੱਚ ਬਟਨ ਦਬਾ ਕੇ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਕਮੇਟੀ ਦੀ ਆਈ. ਟੀ. ਸੈੱਲ ਵੱਲੋਂ ਕਮਲ ਬਸਿਆਲਾ ਨੇ 14 ਜੁਲਾਈ ਨੂੰ ਜਾਰੀ ਕੀਤੀ ਜਾ ਰਹੀ ਐਪ ਬਾਰੇ ਜਾਣਕਾਰੀ ਦਿੱਤੀ। ਸ. ਹਰਜਿੰਦਰ ਸਿੰਘ ਬਸਿਆਲਾ ਵੱਲੋਂ ਸਿੱਖ ਖੇਡਾਂ ਸਬੰਧੀ ਕਵਿਤਾ ਬੋਲ ਕੇ ਸਿੱਖ ਖੇਡਾਂ ਰੂਪ-ਰੇਖਾ ਦਾ ਸ਼ਬਦੀ ਚਿਤਰਣ ਕੀਤਾ। ਸ. ਤਾਰਾ ਸਿੰਘ ਬੈਂਸ ਨੇ ਇਸ ਵਾਰ ਐਲਾਨ ਕੀਤਾ ਕਿ ਬੱਚਿਆਂ ਦੇ ਮੁਕਾਬਲੇ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਕਰਵਾ ਕੇ ਬੱਚਿਆਂ ਨੂੰ ਖੇਡਾਂ ਨਾਲ ਜੋੜੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਖੇਡਾਂ ਦੇ ਵਿੱਚ ਸਹਿਯੋਗ ਦੇ ਲਈ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਲਈ ਉਨ੍ਹਾਂ ਕਿਹਾ ਕਿ ਮਹਿਲਾਵਾਂ ਖੇਡਾਂ ਦੇ ਨਾਲ-ਨਾਲ ਪ੍ਰਬੰਧਨ ਦੇ ਵਿੱਚ ਅੱਗੇ ਆਉਣ ਅਤੇ ਆਪਣੀ ਹਿੱਸੇਦਾਰੀ ਪਾਉਣ। ਉਨ੍ਹਾਂ ਕਿਹਾ ਕਿ ਇਸ ਵਾਰ ਰੱਗਬੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਏਗਾ ਪਰ ਸਾਰੇ ਖਿਡਾਰੀ ਸਿੱਖ ਜਾਂ ਪੰਜਾਬੀ ਹੋਣੇ ਚਾਹੀਦੇ ਹਨ। ਸ. ਜਰਨੈਲ ਸਿੰਘ ਰਾਹੋਂ ਨੇ ਅੰਮ੍ਰਿਤ ਜਗੈਤ ਦੀ ਢੋਲ ਦੀ ਤਾਲ ਉੱਤੇ ਇੱਕ ਗੀਤ ਪੇਸ਼ ਕੀਤਾ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਸੰਬੋਧਨ ਰਾਹੀ ਸੁਝਾ ਦਿੱਤੇ ਅਤੇ ਖੇਡਾਂ ਵਿੱਚ ਸਹਿਯੋਗ ਕਰਨ ਦਾ ਵਾਅਦਾ ਕੀਤਾ। ‘ਸ਼ੇਰ ਏ ਪੰਜਾਬ’ ਰੈਸਟੋਰੈਂਟ ਵੱਲੋਂ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਸ. ਗੁਰਵਿੰਦਰ ਸਿੰਘ ਔਲਖ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਖੇਡਾਂ ਦੇ ਵਿੱਚ ਸਹਿਯੋਗ ਕਰਨ ਦੇ ਲਈ ਅਪੀਲ ਕੀਤੀ।
Home Page 26 ਤੇ 27 ਨਵੰਬਰ ਨੂੰ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਕਰਵਾਉਣ...