ਆਕਲੈਂਡ, 10 ਮਾਰਚ – ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ‘ਆਕਲੈਂਡ ਫੱਗ (FAAG) ਮਹੋਉਤਸਵ’ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ‘ਫੱਗ’ ਬਸੰਤ ਰੁੱਤ ਨਾਲ ਸੰਬੰਧਿਤ ਹੈ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਹੋਣ ਦਾ ਜਸ਼ਨ ਮਨਾਇਆ ਜਾਂਦਾ ਹੈ। ਭਾਰਤ ਦੇ ਹਰ ਕੋਨੇ ਵਿੱਚ ਇਹ ਤਿਉਹਾਰ ਆਪਣੇ-ਆਪਣੇ ਢੰਗ ਤਰੀਕੇ ਨਾਲ ਮਨਾਇਆ ਜਾਂਦਾ ਹੈ। ਹਿੰਦੂ ਐਲਡਰਸ ਫਾਊਂਡੇਸ਼ਨ ਸਮੇਤ 29 ਭਾਰਤੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ‘ਆਕਲੈਂਡ ਫੱਗ ਮਹੋਉਤਸਵ’ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਇਹ ਸਮਾਗਮ ਇਸ ਕਰਕੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਨਿਊਜ਼ੀਲੈਂਡ ‘ਚ ਰਹਿੰਦੇ ਸਾਡੇ ਭਾਈਚਾਰੇ ਨੂੰ ਜਾਣਨ ਅਤੇ ਅਨੰਦ ਮਾਣਨ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਜਸ਼ਨ ਸਾਡੇ ਸਭਿਆਚਾਰ ਤੇ ਰਿਵਾਜ਼ਾਂ ਨੂੰ ਜਿਉਂਦੇ ਰੱਖਣ ਵਿੱਚ ਸਾਡੀ ਮਦਦ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਜੋੜ ਦੇ ਹਨ।
ਇਹ ਵਿਲੱਖਣ ‘ਆਕਲੈਂਡ ਫੱਗ ਮਹੋਉਤਸਵ 2021’ ਜਸ਼ਨ ਸ਼੍ਰੀ ਰਾਮ ਮੰਦਰ, 11 ਬ੍ਰਿਕ ਸਟ੍ਰੀਟ ਹੈਂਡਰਸਨ ਵਿਖੇ 27 ਮਾਰਚ ਦਿਨ ਸ਼ਨੀਵਾਰ ਤੋਂ ਆਰੰਭ ਹੋਣਗੇ ਅਤੇ ਇਹ ਮਹੋਉਤਸਵ 5 ਅਪ੍ਰੈਲ ਦਿਨ ਸੋਮਵਾਰ ਨੂੰ ਮਹਾਤਮਾ ਗਾਂਧੀ ਸੈਂਟਰ, 145 ਨਿਊ ਨੌਰਥ ਰੋਡ ਵਿਖੇ ਇੱਕ ਸ਼ਾਨਦਾਰ ਸਮਾਰੋਹ ਦੇ ਨਾਲ ਸਮਾਪਤ ਹੋਵੇਗਾ। ਫੱਗ ਮਹੋਉਤਸਵ ‘ਚ ਰੰਗੋਲੀ ਮੁਕਾਬਲੇ, ਮਹਿੰਦੀ ਮੁਕਾਬਲੇ ਅਤੇ ਰੰਗ ਮੁਕਾਬਲੇ ਕਰਵਾਏ ਜਾਣਗੇ। 5 ਅਪ੍ਰੈਲ ਨੂੰ ਫੱਗ ਮਹੋਉਤਸਵ ਦੇ ਗ੍ਰੈਂਡ ਡੇਅ ਵਾਲੇ ਦਿਨ ਭਰਤੀ ਡਾਇਸਪੋਰਾ (NZ) ਵੱਲੋਂ ਗਰੁੱਪ ਡਾਂਸ, ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਗਾਉਣ ਦੀਆਂ ਪੇਸ਼ਕਾਰੀਆਂ (ਜਿਸ ਵਿੱਚ ਭਗਵਾਨ ਕ੍ਰਿਸ਼ਨ ਅਤੇ ਰਾਧਾ ਦੇ ਪਿਆਰ ਪ੍ਰਸੰਗ ਨੂੰ ਦਰਸਾਇਆ ਜਾਏਗਾ) ਸ਼ਾਮਲ ਹੋਣਗੀਆਂ।
ਇਸ ਫੱਗ ਮਹੋਉਤਸਵ ‘ਚ ਭਾਰਤ ਤੋਂ ਇਲਾਵਾ ਫਿਜ਼ੀ ਟਾਪੂ ਅਤੇ ਭਾਰਤ ਦੇ ਕੁੱਝ ਗੁਆਂਢੀ ਦੇਸ਼ ਜੀਵੇਂ ਨੇਪਾਲ, ਸ੍ਰੀਲੰਕਾ, ਭੁਟਾਨ ਅਤੇ ਮਿਆਂਮਾਰ (ਬਰਮਾ) ਦੀ ਸਭਿਆਚਾਰਕ ਅਮੀਰੀ ਦੀਆਂ ਪੇਸ਼ਕਾਰੀਆਂ ਹੋਣਗੀਆਂ।
‘ਆਕਲੈਂਡ ਫੱਗ ਮਹੋਉਤਸਵ 2021’ ਦੇ ਮੁੱਖ ਮਹਿਮਾਨ ਇੰਡੀਅਨ ਹਾਈ ਕਮਿਸ਼ਨਰ ਸ਼੍ਰੀ ਮੁਕਤੇਸ਼ ਕੇ ਪ੍ਰਦੇਸ਼ੀ ਹੋਣਗੇ। ਉਨ੍ਹਾਂ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਦੇ ਡਿਪਲੋਮੈਟਸ, ਮੇਅਰ, ਨਿਊਜ਼ੀਲੈਂਡ ਸਰਕਾਰ ਦੇ ਮੰਤਰੀ, ਸੰਸਦ ਮੈਂਬਰ, ਬਿਜ਼ਨਸ ਲੀਡਰਸ, ਸਾਇੰਟਿਸਟ, ਪ੍ਰੋਫੈਸ਼ਨਲਸ ਅਤੇ ਕਮਿਊਨਿਟੀ ਲੀਡਰਸ ਇਸ ਮੈਗਾ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰਬੰਧਕਾਂ ਨੇ ਕਿਹਾ ਕਿ ‘ਫੱਗ ਮਹੋਉਤਸਵ 2021’ ਵਿੱਚ ਸਾਨੂੰ ਨਿਊਜ਼ੀਲੈਂਡ ‘ਚ ਰਹਿੰਦੇ ਭਾਰਤੀ ਪਰਿਵਾਰਾਂ ਦੇ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਉਮੀਦ ਹੈ।
‘ਆਕਲੈਂਡ ਫੱਗ ਮਹੋਉਤਸਵ 2021’ ਕਰਵਾਉਣ ਵਾਲੀ ਪ੍ਰਬੰਧਕੀ ਕਮੇਟੀ ‘ਚ ਕਨਵੀਨਰ ਰੂਪੇਨ ਚੰਦ (ਵਾਈਸ ਪ੍ਰੈਜ਼ੀਡੈਂਟ – ਹਿੰਦੂ ਐਲਡਰਸ ਫਾਊਂਡੇਸ਼ਨ), ਭਾਰਤੀ ਸੰਗਠਨਾਂ ਦੇ ਪੰਜ ਜੁਆਇੰਟ-ਕਨਵੀਨਰ ਜਿਸ ਵਿੱਚ ਨਰਿੰਦਰ ਭਾਨਾ (ਆਕਲੈਂਡ ਇੰਡੀਅਨ ਐਸੋਸੀਏਸ਼ਨ), ਜੀਤ ਸਚਦੇਵ (ਭਾਰਤੀ ਸਮਾਜ), ਕੀਰੀਤ ਠਾਕਰੇ (ਗੁਜਰਾਤੀ ਸਮਾਜ), ਰਾਮ ਲਖੇਰ (ਨਿਊਜ਼ੀਲੈਂਡ ਇੰਡੀਅਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ), ਨਿਲੀਮਾ ਵੈਂਕਟ (ਸ਼ਾਂਤੀ ਨਿਵਾਸ) ਅਤੇ ਸਕੱਤਰ ਕੌਸ਼ਿਕ ਕਾਂਸਰਾ ਅਤੇ ਜੁਆਇੰਟ-ਸਕੱਤਰ ਜੋਤੀ ਸਵਰੂਪ ਦੁਆ ਸ਼ਾਮਿਲ ਹਨ।
Home Page 27 ਮਾਰਚ ਤੋਂ 5 ਅਪ੍ਰੈਲ ਤੱਕ ਪਹਿਲੀ ਵਾਰ ‘ਆਕਲੈਂਡ ਫੱਗ ਮਹੋਉਤਸਵ 2021’