30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼: ਮੋਹ ਦੀਆਂ ਤੰਦਾਂ ਜੋੜਨ ਵਾਲਾ ਤੁਰ ਗਿਆ ਕ੍ਰਿਸ਼ਨ ਲਾਲ ਰੱਤੂ

ਮੋਹ ਦੀਆਂ ਤੰਦਾਂ ਜੋੜਨ ਵਾਲਾ ਰੰਗਲਾ ਸੱਜਣ ਕ੍ਰਿਸ਼ਨ ਲਾਲ ਰੱਤੂ ਬਿਨ ਦੱਸਿਆਂ ਦੀ ਤੁਰ ਗਿਆ, ਜਿਵੇਂ ਦੋਸਤਾਂ ਮਿੱਤਰਾਂ ਨਾਲ ਉਸ ਦਾ ਮੋਹ ਹੀ ਭੰਗ ਹੋ ਗਿਆ ਹੋਵੇ। ਮੁਹੱਬਤ ਦਾ ਮੁਜੱਸਮਾ ਅਤੇ ਦੋਸਤਾਂ ਦਾ ਨਿੱਘਾ ਤੇ ਪਿਆਰਾ ਦੋਸਤ, ਦੋਸਤੀ ਦੀ ਨਵੀਂ ਪਰਿਭਾਸ਼ਾ ਬਣਾ ਕੇ ਅਲਵਿਦਾ ਕਹਿ ਗਿਆ ਹੈ। ਪਿਤਾ ਭਾਗ ਰਾਮ ਦੀ ਗੋਦੜੀ ਦਾ ਲਾਲ ਖ਼ੁਸ਼ਬੋਆਂ ਦਾ ਵਣਜਾਰਾ ਬਣ ਕੇ ਸੁਗੰਧੀਆਂ ਵੰਡਦਾ ਹੋਇਆ, ਇਸ ਫ਼ਾਨੀ ਸੰਸਾਰ ਤੋਂ ਅਲੋਪ ਹੋ ਗਿਆ ਹੈ। ਖ਼ੁਸ਼ੀਆਂ ਅਤੇ ਖੇੜੇ ਦਾ ਆਨੰਦ ਮਾਣਦੇ ਰੱਤੂ ਪਰਿਵਾਰ ਦਾ ਬਾਗ਼ ਬੈਰਾਨ ਹੋ ਗਿਆ। ਰੇਸ਼ਮੋ ਰੱਤੂ ਉਰਫ਼ ਮਨਿੰਦਰ ਕੌਰ ਦੇ ਹੱਥ ਰੱਤੂ ਪਰਿਵਾਰ ਦੀ ਵਾਗ ਡੋਰ ਫੜਾ ਕੇ 21 ਮਈ 2022 ਨੂੰ ਆਪ ਸੁਰਖ਼ਰੂ ਹੋ ਕੇ ਤਾਰਿਆਂ ਵਿੱਚ ਵਿਲੀਨ ਹੋ ਗਿਆ ਹੈ। ਜੱਦੋਜਹਿਦ ਵਾਲੀ ਜ਼ਿੰਦਗੀ ਦਾ ਪ੍ਰਤੀਕ, ਕ੍ਰਿਸ਼ਨ ਲਾਲ ਰੱਤੂ ਇੱਕ ਸਾਧਾਰਨ ਦਿਹਾਤੀ ਪਰਿਵਾਰ ਦੇ ਕੱਚੇ ਕੋਠਿਆਂ ਵਾਲੇ ਘਰ ਵਿੱਚੋਂ ਉੱਠ ਕੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਸੰਚਾਲਕ ਦੇ ਅਹੁਦੇ ਤੱਕ ਪਹੁੰਚ ਗਿਆ ਸੀ, ਜਿੱਥੇ ਸਾਧਾਰਨ ਪ੍ਰਤਿਭਾ ਵਾਲਾ ਵਿਅਕਤੀ ਪਹੁੰਚ ਨਹੀਂ ਸਕਦਾ। ਜਦੋਂ ਪਰਿਵਾਰ ਆਰਥਿਕ ਮਜਬੂਰੀਆਂ ਵਿੱਚੋਂ ਲੰਘ ਰਿਹਾ ਹੋਵੇ ਅਤੇ ਪਰਿਵਾਰ ਲਈ ਰੋਜ਼ ਮਰਰ੍ਹਾ ਦੇ ਖ਼ਰਚੇ ਕਰਨ ਦੀ ਸਮਰੱਥਾ ਨਾ ਹੋਵੇ। ਪਿਤਾ ਦਾ ਸਾਇਆ ਬੱਚਿਆਂ ‘ਤੇ ਬਚਪਨ ਵਿੱਚ ਹੀ ਉੱਠ ਜਾਵੇ ਤਾਂ ਹਰ ਨਿੱਕੀ ਮੋਟੀ ਮੁਸ਼ਕਲ ਪਹਾੜ ਬਣ ਕੇ ਖੜ੍ਹ ਜਾਂਦੀ ਹੈ। ਅਜਿਹੇ ਪਰਿਵਾਰ ਵਿੱਚ ਕ੍ਰਿਸ਼ਨ ਲਾਲ ਰੱਤੂ ਦਾ ਜਨਮ 5 ਜਨਵਰੀ 1964 ਨੂੰ ਜਲੰਧਰ ਜ਼ਿਲ੍ਹੇ ਦੇ ਮਹਿਤਪੁਰ ਪਿੰਡ ਵਿੱਚ ਭਾਗ ਰਾਮ ਦੇ ਘਰ ਹੋਇਆ। ਉਨ੍ਹਾਂ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਪੜ੍ਹਾਈ ਦੇ ਨਾਲ ਹੀ ਫ਼ੈਕਟਰੀਆਂ ਵਿੱਚ ਮਿਹਨਤ ਮਜ਼ਦੂਰੀ ਕਰਨੀ ਪਈ। ਉਨ੍ਹਾਂ ਮੁੱਢਲੀ ਪੜ੍ਹਾਈ ਪਿੰਡ ਮਹਿਤਪੁਰ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਫਿਰ ਗਰੈਜੂਏਸ਼ਨ ਨੈਸ਼ਨਲ ਕਾਲਜ ਨਕੋਦਰ ਤੋਂ ਪਾਸ ਕੀਤੀ। ਸਿਆਸਤ ਵਿੱਚ ਠੁੰਗਾਂ ਮਾਰਨ ਦੇ ਨਾਲ ਹੀ ਉਸ ਨੇ ਐਮਏ ਪੰਜਾਬੀ ਵੀ ਪਾਸ ਕਰ ਲਈ। ਚੰਗਾ ਹੋਇਆ ਜਲਦੀ ਹੀ ਸਿਆਸਤ ਤੋਂ ਕਿਨਾਰਾ ਕਰ ਗਿਆ ਕਿਉਂਕਿ ਸੱਚੇ ਸੁੱਚੇ ਇਨਸਾਨ ਨੂੰ ਸਿਆਸਤ ਵਾਰਾ ਨਹੀਂ ਖਾਂਦੀ। ਅਜਿਹੇ ਸਮੇਂ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਦਿਨ ਸਮੇਂ ਕੰਮ ਕਰਨਾ ਪੈਂਦਾ ਸੀ, ਜਿਸ ਕਰਕੇ ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ (ਬੀਜੇਐਮਸੀ) ਬੈਚਲਰ ਆਫ਼ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਜਲੰਧਰ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਪਾਸ ਕੀਤੀ। ਫਿਰ ਉਨ੍ਹਾਂ ਆਪਣੇ ਵੱਡੇ ਪਰਿਵਾਰ ਦੀ ਆਰਥਿਕ ਮਦਦ ਦੇ ਇਰਾਦੇ ਨਾਲ ਬੂਟਾਂ ਦੀ ਦੁਕਾਨ ਖੋਲ੍ਹ ਲਈ। ਉਹ ਨਿਮਰਤਾ ਦੇ ਪੁਜਾਰੀ ਸਨ, ਸੌਦੇਬਾਜ਼ੀ ਕਰਨ ਵਿੱਚ ਅਣਭੋਲ ਸਨ ਕਿਉਂਕਿ ਦੁਕਾਨਦਾਰੀ ਵਾਲੇ ਗੁਰ ਅਪਣਾ ਨਹੀਂ ਸਕੇ, ਜਿਸ ਕਰਕੇ ਦੁਕਾਨਦਾਰੀ ਵਿੱਚ ਸਫਲ ਨਾ ਹੋਏ। ਉਹ ਗਾਹਕਾਂ ਤੋਂ ਪੈਸੇ ਮੰਗਣ ਵਿੱਚ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਸਨ, ਇਸ ਵਜ੍ਹਾ ਨਾਲ ਦੁਕਾਨ ਦਾ ਉਧਾਰ ਬਹੁਤ ਵੱਧ ਗਿਆ। ਉਧਾਰ ਦੇ ਨਾ ਮੁੜਨ ਕਰਕੇ ਦੁਕਾਨਦਾਰੀ ਕਰਨੀ ਸੰਭਵ ਨਾ ਰਹੀ, ਫਿਰ ਉਨ੍ਹਾਂ ਦੁਕਾਨ ਤਾਲਾ ਲਾ ਕੇ 1989 ਵਿੱਚ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕਰਨ ਲਈ ਜਲੰਧਰ ਵਿਖੇ ਹੀ ਰੋਜ਼ਾਨਾ ‘ਅੱਜ ਦੀ ਆਵਾਜ਼’ ਅਖ਼ਬਾਰ ਵਿੱਚ ਉਪ ਸੰਪਾਦਕ ਦੀ ਨੌਕਰੀ ਕਰ ਲਈ। ਇਸ ਨੌਕਰੀ ਤੋਂ ਤਜ਼ਰਬਾ ਤਾਂ ਹਾਸਲ ਕਰ ਲਿਆ ਪ੍ਰੰਤੂ ਤਨਖ਼ਾਹ ਬਹੁਤੀ ਜ਼ਿਆਦਾ ਨਹੀਂ ਸੀ, ਜਿਸ ਕਰਕੇ ਉਨ੍ਹਾਂ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰਜ਼ ਡਿਗਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖ਼ਲਾ ਲੈ ਲਿਆ। ਦਾਖ਼ਲਾ ਤਾਂ ਲੈ ਲਿਆ ਪ੍ਰੰਤੂ ਫ਼ੀਸ ਭਰਨ ਲਈ ਮੁਸ਼ਕਲਾਂ ਆਉਣ ਕਰਕੇ ਉਹ ਹੌਸਲਾ ਢਾਹ ਬੈਠਾ। ਦੋਸਤਾਂ ਦਾ ਦੋਸਤ ਸੀ, ਇਸ ਕਰਕੇ ਉਸ ਦੇ ਇਕ ਦੋਸਤ ਨੇ ਫ਼ੀਸ ਦਾ ਹੰਭਲਾ ਮਾਰਿਆ, ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਡਿਗਰੀ ਪ੍ਰਾਪਤ ਕੀਤੀ। ਉਹ ਇਤਨਾ ਸਿਰੜੀ ਅਤੇ ਮਿਹਨਤੀ ਸੀ ਕਿ ਹਰ ਰੋਜ਼ ਜਲੰਧਰ ਅੱਜ ਦੀ ਆਵਾਜ਼ ਵਿੱਚ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਪਹਿਲੀ ਬਸ ਫੜਕੇ ਕਲਾਸ ਲਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਦਾ ਸੀ। ਏਸੇ ਤਰ੍ਹਾਂ ਕਲਾਸ ਖ਼ਤਮ ਕਰਨ ਤੋਂ ਬਾਅਦ ਜਲੰਧਰ ਲਈ ਬਸ ਫੜ ਲੈਂਦਾ ਸੀ। ਪਰਿਵਾਰ ਦਾ ਗੁਜ਼ਾਰਾ ਕਰਨ ਲਈ ਨੌਕਰੀ ਜ਼ਰੂਰੀ ਸੀ। ਉਸ ਨੂੰ ਇਹ ਡਿਗਰੀ ਕਰਨ ਲਈ ਬੜੀ ਸਖ਼ਤ ਮਿਹਨਤ ਕਰਨੀ ਪਈ। ਫਿਰ ਰੋਜ਼ਾਨਾ ਅਜੀਤ ਵਿੱਚ ਉਪ ਸੰਪਾਦਕ ਦੀ ਨੌਕਰੀ ਕਰ ਲਈ। ਉਪ ਸੰਪਾਦਕ ਨੂੰ ਰਾਤ ਦੀਆਂ ਸ਼ਿਫ਼ਟਾਂ ਵਿੱਚ ਵੀ ਡਿਊਟੀ ਕਰਨੀ ਪੈਂਦੀ ਸੀ, ਉਹ ਆਪਣੇ ਪਿੰਡ ਮਹਿਤਪੁਰ ਤੋਂ ਸਾਈਕਲ ਤੇ ਹੀ ਅੱਤ ਦਰਜੇ ਦੀ ਗਰਮੀ ਅਤੇ ਕੜਾਕੇ ਦੀ ਸਰਦੀ ਵਿੱਚ ਆਉਂਦੇ ਜਾਂਦੇ ਸਨ। 1999 ਵਿੱਚ ਉਹ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ‘ਤੇ ਭਰਤੀ ਹੋ ਗਏ। ਨੌਕਰੀ ਦੌਰਾਨ ਭਾਵੇਂ ਉਨ੍ਹਾਂ ਆਪਣੀ ਡਿਊਟੀ ਵਿੱਚ ਤਨਦੇਹੀ ਨਾਲ ਕੰਮ ਕੀਤਾ ਪ੍ਰੰਤੂ ਫਿਰ ਵੀ ਪਰਖ ਕਾਲ ਦੇ ਸਮੇਂ ਹੀ ਅਜਿਹਾ ਮੌਕਾ ਬਣਿਆਂ ਜਦੋਂ ਉਹ ਛੁੱਟੀ ਵਾਲੇ ਦਿਨ ਸਕੱਤਰੇਤ ਵਿਖੇ ਬਤੌਰ ਡਿਊਟੀ ਅਧਿਕਾਰੀ ਦੇ ਤੌਰ ਕੰਮ ਕਰ ਰਹੇ ਸਨ ਤਾਂ ਇਕ ਪੱਤਰਕਾਰ ਵੱਲੋਂ ਸ਼ਿਕਾਇਤ ਲਗਾਉਣ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਦੁਬਾਰਾ ਖੜੋਤ ਆ ਗਈ ਸੀ। ਜਿਸ ਕਰਕੇ ਉਨ੍ਹਾਂ ‘ਤੇ ਇਕ ਵਿਭਾਗੀ ਅਧਿਕਾਰੀ ਖ਼ਫ਼ਾ ਹੋ ਗਏ, ਜਿਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋ ਕੇ ਭੁਗਤਣਾ ਪਿਆ। ਅਖੀਰ ਵਿਭਾਗ ਦੇ ਸਾਥੀ ਅਧਿਕਾਰੀਆਂ ਵੱਲੋਂ ਕ੍ਰਿਸ਼ਨ ਲਾਲ ਰੱਤੂ ਦਾ ਤਨਦੇਹੀ ਨਾਲ ਸਾਥ ਦੇਣ ਕਰਕੇ ਵਿਭਾਗ ਨੇ ਆਪਣੀ ਗ਼ਲਤੀ ਨੂੰ ਦਰੁਸਤ ਕਰਦਿਆਂ ਮੁੜ ਨੌਕਰੀ ਤੇ ਬਹਾਲ ਕਰ ਦਿੱਤਾ ਕਿਉਂਕਿ ਉਹ ਬੇਕਸੂਰ ਸਨ। ਸ਼ਰਾਫ਼ਤ, ਨੇਕ ਨੀਤੀ ਅਤੇ ਨਿਮਰਤਾ ਦਾ ਮੁਜੱਸਮਾ ਹੋਣ ਕਰਕੇ ਕ੍ਰਿਸ਼ਨ ਲਾਲ ਰੱਤੂ ਵਿਭਾਗ ਦਾ ਸਰਮਾਇਆ ਬਣ ਗਏ ਸਨ। ਲੋਕ ਸੰਪਰਕ ਵਿਭਾਗ ਵਿੱਚ ਸਾਰੀ ਉਮਰ ਨੌਕਰੀ ਦੌਰਾਨ ਉਨ੍ਹਾਂ ਨੂੰ ਕਦੀ ਵੀ ਕਿਸੇ ਨਾਲ ਉੱਚਾ ਬੋਲਦਾ ਨਹੀਂ ਵੇਖਿਆ। ਇਕ ਕਿਸਮ ਨਾਲ ਉਹ ਕਰਮਯੋਗੀ ਸਨ, ਆਪਣੇ ਕੰਮ ਤੱਕ ਮਤਲਬ ਰੱਖਦੇ ਸਨ। ਉਹ ਆਪਣੇ ਫ਼ਰਜ਼ ਬੜੀ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ। ਜਿਸ ਕਰਕੇ ਉਹ ਤਰੱਕੀ ਕਰਦੇ ਹੋਏ ਪਹਿਲਾਂ ਡਿਪਟੀ ਡਾਇਰੈਕਟਰ ਅਤੇ ਬਾਅਦ ਵਿੱਚ ਸੰਯੁਕਤ ਸੰਚਾਲਕ ਦੇ ਅਹੁਦੇ ਤੱਕ ਪਹੁੰਚ ਗਏ। ਉਨ੍ਹਾਂ ਨੇ ਅਜੇ ਹੋਰ ਤਰੱਕੀਆਂ ਕਰਨੀਆਂ ਸਨ ਪ੍ਰੰਤੂ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ। ਉਨ੍ਹਾਂ ਦੀ ਸਾਰੀ ਜ਼ਿੰਦਗੀ ਜੱਦੋਜਹਿਦ ਵਾਲੀ ਰਹੀ ਅਤੇ ਜੀਵਨ ਦੀ ਤਾਣੀ ਹਮੇਸ਼ਾ ਉਲਝੀ ਹੀ ਰਹੀ ਹੈ। ਪ੍ਰੰਤੂ ਕ੍ਰਿਸ਼ਨ ਲਾਲ ਰੱਤੂ ਨੇ ਹੌਸਲਾ ਨਹੀਂ ਹਾਰਿਆ ਕਿਉਂਕਿ ਉਨ੍ਹਾਂ ਦੀ ਪਤਨੀ ਹਮੇਸ਼ਾ ਸਾਥ ਅਤੇ ਹੌਸਲਾ ਦਿੰਦੀ ਰਹੀ। ਹਰ ਮੁਸ਼ਕਲ ਸਮੇਂ ਦਾ ਦਲੇਰੀ ਨਾਲ ਮੁਕਾਬਲਾ ਕਰਦੇ ਰਹੇ। ਉਨ੍ਹਾਂ ਦੇ ਕਈ ਵਾਰੀ ਐਕਸੀਡੈਂਟ ਹੋਏ। 2014 ਵਿੱਚ ਉਨ੍ਹਾਂ ਦਾ ਘਾਤਕ ਐਕਸੀਡੈਂਟ ਹੋਇਆ, ਜਦੋਂ ਉਹ ਆਪਣੇ ਸਪੁੱਤਰ ਨਾਲ ਸਕੂਟਰ ਦੇ ਪਿੱਛੇ ਬੈਠਾ ਜਾ ਰਿਹਾ ਸੀ। ਜਿਸ ਕਰਕੇ ਉਨ੍ਹਾਂ ਦੀ ਲੱਤ ਵਿੱਚ ਰਾਡ ਪਾਉਣੀ ਪਈ। ਬਦਕਿਸਮਤੀ ਇਹ ਰਹੀ ਕਿ ਲੱਤ ਵਿੱਚ ਇਨਫੈਕਸ਼ਨ ਹੋ ਗਿਆ, ਜਿਸ ਕਰਕੇ ਪਹਿਲਾਂ ਅੱਧਾ ਪੈਰ ਕੱਟਣਾ ਪਿਆ। ਇਸ ਦੌਰਾਨ ਹੀ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪਿਆ, ਜਿਸ ਕਰਕੇ ਉਨ੍ਹਾਂ ਦੀ ਇਕ ਲੱਤ ਅਤੇ ਬਾਂਹ ਪ੍ਰਭਾਵਿਤ ਹੋ ਗਈ। ਐਕਸੀਡੈਂਟ ਤੋਂ ਪ੍ਰਭਾਵਿਤ ਲੱਤ ਠੀਕ ਨਾ ਹੋਈ ਕਿਉਂਕਿ ਇਨਫੈਕਸ਼ਨ ਹੋਰ ਵੱਧ ਗਈ, ਜਿਸ ਕਰਕੇ ਗੈਂਗਰੀਨ ਹੋ ਗਈ ਫਿਰ ਅੱਧੀ ਲੱਤ ਕਟਵਾਉਣੀ ਪਈ। ਜਦੋਂ ਲੱਤ ਦੇ ਟਾਂਕੇ ਕਟਵਾਉਣ ਲਈ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਜ਼ਬਰਦਸਤ ਦਿਲ ਦਾ ਦੌਰਾ ਪੈ ਗਿਆ, ਜੋ ਘਾਤਕ ਸਾਬਤ ਹੋਇਆ। ਹਮੇਸ਼ਾ ਹੱਸੂ ਹੱਸੂ ਕਰਦਾ ਕ੍ਰਿਸ਼ਨ ਲਾਲ ਰੱਤੂ ਸਾਡੇ ਕੋਲੋਂ 21 ਮਈ 2022 ਨੂੰ ਹਮੇਸ਼ਾ ਲਈ ਵਿੱਛੜ ਗਿਆ। ਜ਼ਿੰਦਗੀ ਵਿੱਚ ਅਨੇਕ ਮੁਸ਼ਕਲਾਂ ਆਉਣ ਦੇ ਬਾਵਜੂਦ ਰੱਤੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਦਿਲ ਦਰਿਆ ਅਤੇ ਦਲੇਰ ਇਨਸਾਨ ਸਨ। ਅਧਿਕਾਰੀ ਤਾਂ ਉਹ ਵਧੀਆ ਹੈ ਹੀ ਸਨ ਪ੍ਰੰਤੂ ਵਿਭਾਗ ਵਿੱਚ ਬਿਹਤਰੀਨ ਇਨਸਾਨ ਦੇ ਤੌਰ ‘ਤੇ ਜਾਣੇ ਜਾਂਦੇ ਸਨ।
ਉਨ੍ਹਾਂ ਦੇ ਦੋ ਲੜਕੇ ਨਵੀਨ ਰੱਤੂ ਅਤੇ ਦਿਨੇਸ਼ ਰੱਤੂ ਹਨ। ਉਨ੍ਹਾਂ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ, ਜਿਸ ਕਰਕੇ ਨਵੀਨ ਰੱਤੂ ਆਈਏਐੱਸ ਯੂਟੀ ਕੇਡਰ ਵਿੱਚ ਚੁਣੇ ਗਏ। ਦੂਜਾ ਲੜਕਾ ਦਿਨੇਸ਼ ਰੱਤੂ ਕੈਨੇਡਾ ਵਿਖੇ ਰਹਿ ਰਿਹਾ ਹੈ। ਕ੍ਰਿਸ਼ਨ ਲਾਲ ਰੱਤੂ ਦੀ ਯਾਦ ਵਿੱਚ ਅੰਤਿਮ ਅਰਦਾਸ 30 ਮਈ 2022 ਨੂੰ ਗੁਰਦੁਆਰਾ ਸਾਹਿਬ, ਸ਼ਾਹਪੁਰ ਸੈਕਟਰ-38 ਬੀ ਚੰਡੀਗੜ੍ਹ ਵਿਖੇ ਦੁਪਹਿਰ 12 ਵਜੇ ਹੋਵੇਗੀ।

ਲੇਖਕ – ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ: +91 94178 13072, E-mail: ujagarisngh48@yahoo.com