ਆਕਲੈਂਡ, 17 ਦਸੰਬਰ – ਸਟੈਟਸ ਐਨਜ਼ੈੱਡ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਵਿੱਚ ਕੋਵਿਡ -19 ਮਹਾਂਮਾਰੀ ਤੋਂ ਪਹਿਲਾਂ ਵਾਲਾ ਉਛਾਲ ਵਾਪਸ ਆਇਆ ਹੈ। ਜਿਸ ਨਾਲ ਨਿਊਜ਼ੀਲੈਂਡ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ‘ਚ ਤਿੰਨ ਮਹੀਨਿਆਂ ਯਾਨੀ ਕਿ 30 ਸਤੰਬਰ ਤੱਕ ਰਿਕਾਰਡ 14% ਦਾ ਵਾਧਾ ਦਰਜ ਕੀਤਾ ਗਿਆ ਹੈ। ਜੋ ਰਿਕਾਰਡ ਵਿੱਚ ਸਭ ਤੋਂ ਮਜ਼ਬੂਤ ਤਿਮਾਹੀ ਦਾ ਆਂਕੜਾ ਹੈ। ਬਾਜ਼ਾਰ ਦੀਆਂ ਉਮੀਦਾਂ 13 ਤੋਂ 14% ਦੇ ਤਿਮਾਹੀ ਲਾਭ ਲਈ ਸਨ। ਇਹ ਤਿਮਾਹੀ ਲਾਭ ਮਾਰਚ ਅਤੇ ਜੂਨ ਦੀਆਂ ਦੋ ਤਿਮਾਹੀਆਂ ਦੀ ਮੰਦੀ ਤੋਂ ਬਾਅਦ ਦਾ ਹੈ। ਹਾਲਾਂਕਿ, ਉਨ੍ਹਾਂ ਦੋਵੇਂ ਨਕਾਰਾਤਮਿਕ ਤਿਮਾਹੀਆਂ ਨੇ ਸਤੰਬਰ ਤੋਂ ਸਾਲ ਦੀ ਸਲਾਨਾ ਜੀਡੀਪੀ ਦਰ ਘਟਾ ਕੇ 2.2% ਕਰ ਦਿੱਤੀ ਸੀ। ਸਟੈਟਸ ਐਨਜ਼ੈੱਡ ਨੇ ਜੂਨ ਤਿਮਾਹੀ ਦੇ ਸੁੰਗੜਨ ਨੂੰ 12.2% ਤੋਂ 11% ਤੱਕ ਸੋਧ ਕੀਤਾ। ਜਦੋਂ ਕਿ ਤਿਮਾਹੀ ਦਾ ਨਤੀਜਾ ਇਸ ਲਈ ਵੀ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਜੂਨ 2020 ਦੀ ਤਿਮਾਹੀ ਵਿੱਚ ਦਰਜ ਹੋਈ ਰਿਕਾਰਡ ਗਿਰਾਵਟ ਦੇ ਬਾਅਦ ਆਇਆ ਹੈ।
ਸਰਵਿਸ ਇੰਡਸਟਰੀ ਜੋ ਨਿਊਜ਼ੀਲੈਂਡ ਦੀ ਜੀਡੀਪੀ ਦਾ ਲਗਭਗ ਦੋ ਤਿਹਾਈ ਦਾ ਉਤਪਾਦ ਕਰਦੀ ਹੈ ਨੇ ਜੂਨ 2020 ਵਿੱਚ 9.8% ਦੀ ਗਿਰਾਵਟ ਦੇ ਬਾਅਦ ਇਸ ਤਿਮਾਹੀ ਵਿੱਚ 11.1% ਦੀ ਤੇਜ਼ੀ ਨਾਲ ਵਾਧਾ ਕੀਤਾ ਹੈ। ਗੁੱਡਸ-ਪ੍ਰੋਡਿਊਸਿੰਗ ਇੰਡਸਟਰੀ ਨੇ ਜੂਨ 2020 ਦੀ ਤਿਮਾਹੀ ਵਿੱਚ 15.9 ਅਤੇ 7.1% ਦੀ ਗਿਰਾਵਟ ਦੇ ਬਾਅਦ 26.0% ਅਤੇ ਪ੍ਰਾਇਮਰੀ ਇੰਡਸਟਰੀਜ਼ ਵਿੱਚ 4.6% ਦਾ ਵਾਧਾ ਹੋਇਆ ਹੈ।
ਤਿਮਾਹੀ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਉਦਯੋਗਾਂ ਵਿੱਚ ਰਿਟੇਲ ਟ੍ਰੇਡ ਅਤੇ ਅਕਾਮੋਡੇਸ਼ਨ ਸ਼ਾਮਿਲ ਹਨ ਜੋ ਕਿ 42.8% ਤੋਂ ਵੱਧ ਹੈ, ਜਦੋਂ ਕਿ ਕੰਸਟਰੱਕਸ਼ਨ 52.4% ਤੋਂ ਵੱਧ ਅਤੇ ਮੈਨੂਫੈਕਚਰਿੰਗ 17.2% ਤੋਂ ਵੱਧ ਹੈ। ਪਰ ਇਸ ਸਭ ਦੇ ਬਾਵਜੂਦ ਕੋਵਿਡ -19 ਮਹਾਂਮਾਰੀ ਦੇ ਪੂਰੇ ਆਰਥਿਕ ਪ੍ਰਭਾਵ ਹਾਲੇ ਵੀ ਨਿਊਜ਼ੀਲੈਂਡ ਅਤੇ ਦੁਨੀਆ ਭਰ ਵਿੱਚ ਹਾਲੇ ਵੀ ਮਹਿਸੂਸ ਕੀਤੇ ਜਾ ਰਹੇ ਹਨ।
ਵਿੱਤ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਉਛਾਲ ਕੋਵਿਡ -19 ਮਹਾਂਮਾਰੀ ਦੌਰਾਨ ਸਰਕਾਰ ਦੇ ‘ਸਖ਼ਤ ਅਤੇ ਜਲਦੀ’ ਲਏ ਫ਼ੈਸਲੇ ਦਾ ਨਤੀਜਾ ਹੈ। ਪਰ ਉਨ੍ਹਾਂ ਨੇ ਕਿਹਾ ਕਿ ਗਲੋਬਲੀ ਤੌਰ ‘ਤੇ ਰਿਕਵਰੀ ਦੀ ਰਫ਼ਤਾਰ ਅਸਮਾਨ ਹੋਣ ਦੀ ਸੰਭਾਵਨਾ ਹੈ ਕਿਉਂਕਿ ਦੇਸ਼ ਨਵੇਂ ਵਾਇਰਸ ਫੈਲਣ ਅਤੇ ਨਤੀਜੇ ਵਜੋਂ ਰੋਕਥਾਮ ਉਪਾਵਾਂ ਦਾ ਸਾਹਮਣਾ ਕਰ ਰਿਹਾ ਹੈ।
ਇਨਫੋਮੈਟ੍ਰਿਕ ਦੇ ਅਰਥਸ਼ਾਸਤਰੀ ਬ੍ਰੈਡ ਓਲਸਨ ਨੇ ਕਿਹਾ ਕਿ ਮਹਾਂਮਾਰੀ ਤੋਂ ਪਹਿਲਾਂ ਵੱਲ ਉਛਾਲ ਜਾਣਾ ਕਮਾਲ ਹੈ ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਕਿਉਂਕਿ ਕੁੱਝ ਰਿਕਵਰੀ ਪੋਸਟ-ਲੌਕਡਾਉਨ “ਪੇਂਟ-ਅੱਪ ਡਿਮਾਂਡ” ਦੇ ਕਾਰਣ ਹੋਈ ਸੀ, ਇਸ ਲਈ ਇੱਕ ਜੋਖ਼ਮ ਹੈ ਕਿ ਜੀਡੀਪੀ 31 ਦਸੰਬਰ ਨੂੰ ਸਮਾਪਤ ਹੋਣ ਵਾਲੀ ਮੌਜੂਦਾ ਤਿਮਾਹੀ ਵਿੱਚ ਗਿਰਾਵਟ ਵੱਲ ਵਾਪਸ ਜਾ ਸਕਦੀ ਹੈ। ਉਨ੍ਹਾਂ ਕਿਹਾ ਸਵਾਲ ਇਹ ਹੋਵੇਗਾ ਕਿ ਕੀ ਪਰਚੂਨ ਅਤੇ ਰਿਹਾਇਸ਼ ਵਰਗੇ ਖੇਤਰ ਆਪਣੀ ਗਤੀ ਨੂੰ ਕਾਇਮ ਰੱਖ ਸਕਣਗੇ ਜਾਂ ਮੁੜ ਨਰਮ ਪੈਣਗੇ?’। ਅਸੀਂ ਪਹਿਲਾਂ ਤੋਂ ਹੀ ਕੁੱਝ ਨੰਬਰਾਂ ਵਿੱਚ ਵੇਖ ਰਹੇ ਹਾਂ, ਕਿ ਕਈ ਖੇਤਰਾਂ ਵਿੱਚ ਖ਼ਰਚ ਕਰਨ ਦੀ ਰਫ਼ਤਾਰ ਕੁੱਝ ਘਟੀ ਹੈ।
Business 30 ਸਤੰਬਰ ਤੱਕ ਤਿੰਨ ਮਹੀਨਿਆਂ ਵਿੱਚ ਜੀਡੀਪੀ ‘ਚ ਰਿਕਾਰਡ 14% ਦਾ ਵਾਧਾ...