ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁ: ਸ੍ਰੀ ਰਾਮਸਰ ਸਾਹਿਬ ਵਾਲੇ ਰਮਣੀਕ ਅਸਥਾਨ ‘ਤੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾਕੇ ਕੀਤੀ ਸੀ । ਵਿਦਵਾਨ ਲਿਖਾਰੀਆਂ ਅਨੁਸਾਰ ਇਹ ਪਵਿੱਤਰ ਕਾਰਜ ਗੁਰੂ ਜੀ ਨੇ ਫਰਵਰੀ ਦੇ ਆਖਰੀ ਹਫਤੇ 1603 ਈ: ਨੂੰ ਆਰੰਭ ਕਰਕੇ ਲਗਭਗ ਡੇਢ ਸਾਲ ਵਿਚ ਭਾਵ ਅਗਸਤ ਦੇ ਆਖਰੀ ਹਫਤੇ 1604 ਈ: ਵਿਚ ਵਿਚ ਸੰਪੂਰਨ ਕੀਤਾ ਸੀ ।(ਕਈ ਲਿਖਾਰੀਆਂ ਅਨੁਸਾਰ 1601-1604 ਈ: ਤਕ ਤਿੰਨ ਸਾਲ ‘ਚ ਅਤੇ ਕਈਆਂ ਨੇ ਨੌਂ ਮਹੀਨੇ ‘ਚ ਸੰਪੂਰਨਤਾ ਦੱਸੀ ਹੈ)। ਇਸ ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਨੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਜੀ ਦੀ ਇਕਤਰ ਕੀਤੀ ਬਾਣੀ ਅਤੇ ਆਪਣੀ ਲਿਖੀ ਬਾਣੀ ਤੋਂ ਇਲਾਵਾ 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ 4 ਗੁਰਸਿੱਖ ਸਾਹਿਬਾਨ (ਕਈ ਇਤਿਹਾਸਕਾਰ ਭਾਈ ਮਰਦਾਨਾ ਜੀ ਦੇ ਨਾਮ ਵਾਲੇ ਸ਼ਬਦਾਂ ਨੂੰ ਪਹਿਲੀ ਪਾਤਸ਼ਾਹੀ ਜੀ ਦੀ ਲਿਖੀ ਹੋਈ ਬਾਣੀ ਮੰਨਦੇ ਹਨ) ਦੀ ਬਾਣੀ ਦੀ ਤਰਤੀਬ ਨਾਲ 30 ਰਾਗਾਂ ‘ਚ ਸੰਪਾਦਨਾ ਕਰਨ ਦਾ ਪਵਿੱਤਰ ਅਤੇ ਮਹਾਨ ਸੁੱਭ ਕਾਰਜ ਕੀਤਾ । ਇਸ ਪਵਿੱਤਰ ਗ੍ਰੰਥ ਵਿੱਚ ਵੱਖ ਵੱਖ ਧਰਮਾਂ ਨਾਲ ਸਬੰਧ ਰੱਖਣ ਵਾਲੇ ਬਾਣੀਕਾਰਾਂ ਦੀ ਬਾਣੀ ਨੂੰ ਸ਼ਾਮਲ ਕਰਕੇ ਗੁਰੂ ਜੀ ਨੇ ਲੋਕਾਈ ਨੂੰ ਸੰਦੇਸ਼ ਦਿੱਤਾ ਕਿ ਸੱਚ ਦੀ ਆਵਾਜ਼ ਸਭ ਦੀ ਸਾਂਝੀ ਹੁੰਦੀ ਹੈ ਜਿਸ ਤੋਂ ਕੋਈ ਵੀ ਪ੍ਰਾਣੀ ਸੇਧ ਲੈ ਕੇ ਸੰਸਾਰ ਦੇ ਰਚਨਹਾਰ ਇੱਕ ਅਕਾਲ ਪੁਰਖ ਨਾਲ ਇਕਮਿਕ ਹੋ ਸਕਦਾ ਹੈ । ਇਸ ਗ੍ਰੰਥ ਵਿੱਚ ਸੰਪਾਦਨ ਕੀਤੀ ਬਾਣੀ ਦੁਨੀਆਂ ਦੇ ਧਾਰਮਿਕ ਲਿਖਤੀ ਗ੍ਰੰਥਾਂ ਵਿਚੋਂ ਨਿਵੇਕਲੀ ਅਤੇ ਪਰਮਾਰਥ ਦਾ ਸਹੀ ਤੇ ਸੌਖਾ ਰਸਤਾ ਦਿਖਾਉਣ ਵਾਲੀ ਮਿਸਾਲੀ ਦੇਣ ਹੈ, ਜਿਸ ਵਿੱਚ ਨਿਰੋਲ ਸੱਚੇ ਪ੍ਰਮਾਤਮਾ ਦੀ ਸਿਫਤ ਸਾਲਾਹ ਕੀਤੀ ਗਈ ਹੈ ।
ਪੰਚਮ ਪਾਤਸ਼ਾਹ ਜੀ ਨੇ ‘ਸ੍ਰੀ ਅੰਮ੍ਰਿਤਸਰ ਸਾਹਿਬ’ ਨਾਮ ਵਾਲੇ ਪਵਿੱਤਰ ਸਰੋਵਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਪਹਿਲਾਂ ਹੀ ਸੰਪੂਰਨ ਕਰ ਲਿਆ ਸੀ ਜਿਥੇ ਇਸ ਮਹਾਨ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਨ ਦੀ ਸੇਵਾ ਲਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚੋਣ ਕੀਤੀ ਗਈ । ਗੁਰੂ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ‘ਚ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਦਿਨ ਭਾਦੋਂ ਸੁਦੀ 1 ਸੰਮਤ 1661 ਮੁਤਾਬਕ 1 ਸਤੰਬਰ 1604 ਈ: ਨੂੰ ਨਿਯਤ ਕੀਤਾ ਗਿਆ ਜੋ ਸੰਸਾਰ ਦੇ ਇਤਿਹਾਸ ਵਿੱਚ ਅਤੇ ਖਾਸ ਕਰਕੇ ਸਿੱਖ ਤਵਾਰੀਖ਼ ‘ਚ ਬਹੁਤ ਹੀ ਭਾਗਾਂ ਵਾਲਾ ਦਿਨ ਹੋ ਨਿਬੜਿਆ । ਓਸ ਸਮੇਂ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਕ ਦਾ ਰਸਤਾ ਲਗਭਗ 2 ਕੁ ਕਿਲੋਮੀਟਰ ਦਾ ਸੀ । ਰਸਤੇ ਵਿਚ ਸੰਘਣੇ ਦਰਖਤਾਂ ਦੇ ਝੁੰਡ ਵਿੱਚੋਂ ਦੀ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਜਾਣ ਦਾ ਰਸਤਾ ਬਣਾਇਆ ਹੋਇਆ ਸੀ ।
ਪੰਚਮ ਪਾਤਸ਼ਾਹ ਜੀ ਨੇ ਸ੍ਰੀ ਰਾਮਸਰ ਸਾਹਿਬ ਦੇ ਅਸਥਾਨ ਤੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਹੋਣ ਤੋਂ ਬਾਅਦ ਇਸ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਲਈ ਮਸੰਦਾਂ ਰਾਹੀਂ ਸੰਗਤਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਸੀ ਤਾਂ ਕਿ ਸੰਗਤਾਂ ਵੀ ਇਸ ਇਤਿਹਾਸਕ ਦਿਹਾੜੇ ‘ਤੇ ਗੁਰੂ ਜੀ ਦੀਆਂ ਅਸੀਸਾਂ ਦੀਆਂ ਪਾਤਰ ਬਣ ਸਕਣ । ਸੋ 1 ਸਤੰਬਰ 1604 ਈ: ਨੂੰ ਬਾਣੀ ਦੇ ਬੋਹਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ‘ਤੇ ਵੱਡੇ ਆਕਾਰ ਦੇ 975 ਅੰਗਾਂ ਵਾਲੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ, ਜੋ ਛੋਟੇ ਪੀੜ੍ਹੇ ਵਿਚ ਸ਼ਸ਼ੋਭਿਤ ਸਨ, ਨੂੰ ਖੁਦ ਟਿਕਾਇਆ ਅਤੇ ਆਪ ਇਸ ਪਵਿੱਤਰ ਗ੍ਰੰਥ ਉਤੇ ਚੌਰ ਸਾਹਿਬ ਕਰਨ ਦੀ ਸੇਵਾ ਸੰਭਾਲ ਲਈ । ਸ੍ਰੀ ਰਾਮਸਰ ਸਾਹਿਬ ਜੀ ਦੇ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਰਵਾਨਾ ਹੋਣ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੰਚਮ ਪਾਤਸ਼ਾਹ ਜੀ ਨੇ ਬੜੇ ਅਦਬ-ਸਤਿਕਾਰ ਨਾਲ ਸਹਿਜੇ ਸਹਿਜੇ ਕਦਮ ਪੁਟਣ ਲਈ ਬਚਨ ਕੀਤੇ ਤਾਂ ਬਾਬਾ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਦੇ ਰਸਤੇ ਉੱਪਰ ਚਲਣਾ ਆਰੰਭ ਕੀਤਾ । ਕੁਝ ਸਿਖਾਂ ਨੇ ਰਸਤੇ ‘ਚ ਜਲ ਦੇ ਛਿੜਕਾਅ ਕਰਨ ਦੀ ਸੇਵਾ ਸੰਭਾਲ ਲਈ । ਬਾਕੀ ਸੰਗਤਾਂ ਨੇ ਗੁਰੂ ਜੀ ਦੇ ਪਿਛੇ ਵਾਹਿਗੁਰੂ ਅਤੇ ਬਾਣੀ ਦੇ ਸ਼ਬਦਾਂ ਦਾ ਜਾਪ ਓਸ ਵੇਲੇ ਦੇ ਸਾਜ਼ਾਂ ਨਾਲ ਕਰਦੀਆਂ ਜਾ ਰਹੀਆਂ ਸਨ । –ਪੰਚਮ ਗੁਰੂ ਜੀ ਨਾਲ ਸਤਿਸੰਗਤੀ ਰੂਪ ਵਾਲਾ ਨਗਰ ਕੀਰਤਨ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਕਰਨ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਬਣੇ ਪੁਲ ‘ਤੇ ਪਹੁੰਚਿਆ ਹੋਵੇਗਾ, ਬਾਬਾ ਬੁੱਢਾ ਸਾਹਿਬ ਜੀ ਸਹਿਜੇ ਸਹਿਜੇ ਕਦਮ ਸੱਚਖੰਡ ਵੱਲ ਪੁੱਟ ਰਹੇ ਹੋਣਗੇ ਅਤੇ ਪੰਚਮ ਪਾਤਸ਼ਾਹ ਜੀ ਸਹਿਜ ਵਿਚ ਚੌਰ ਸਾਹਿਬ ਦੀ ਸੇਵਾ ਕਰ ਰਹੇ ਹੋਣਗੇ ਤਾਂ ਉਸ ਵੇਲੇ ਦਾ ਸਮਾਂ ਜ਼ਰੂਰ ਰੁਕ ਗਿਆ ਹੋਵੇਗਾ… ਇਨ੍ਹਾਂ ਵਿਸਮਾਦੀ ਪਲਾਂ ਨੂੰ ਤੱਕਣ ਲਈ ਕਿਉਂਕਿ ਇਹ ਇਕ ਧੁਰ ਦਰਗਾਹ ਤੋਂ ਆਈ ਬਾਣੀ ਦੇ ਸੰਗ੍ਰਹਿ ਵਾਲੇ ‘ਨਾਮ ਰੂਪੀ ਜਹਾਜ਼’ ਦਾ ਪ੍ਰਕਾਸ਼, ਪੰਚਮ ਪਾਤਸ਼ਾਹ ਜੀ ਵਲੋਂ ਬਣਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਨਾਮਕ ਜਹਾਜ਼’ ਵਿਚ ਹੋਣ ਜਾ ਰਿਹਾ ਸੀ ਜੋ ਹਰਿਮੰਦਰ ਸਾਹਿਬ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਬਣਾਏ ਅੰਮ੍ਰਿਤ ਸਰੋਵਰ ਵਿੱਚ ਪੰਚਮ ਪਾਤਸ਼ਾਹ ਜੀ ਨੇ ਤਾਮੀਰ ਕਰਵਾਇਆ ਸੀ । ਇਸ ਪਵਿੱਤਰ ਅਸਥਾਨ ਦੀ ਮਹਿਮਾ ਅਤੇ ਸਿਫਤ-ਸਾਲਾਹ ਪੰਚਮ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰੀ ‘ਫੁਨਹੇ’ ਨਾਮ ਵਾਲੀ ਬਾਣੀ ਵਿੱਚ ਕਰਦੇ ਹੋਏ ਫੁਰਮਾਇਆ ਹੈ “ਡਿਠੇ ਸਭੇ ਥਾਵ ਨਹੀ ਤੁਧ ਜੇਹਿਆ।। ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ।।” –ਅਤੇ ਅਗਲੀ ਤੁਕ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਰੋਵਰ ਦੀ ਉਪਮਾ ਕਰਦੇ ਹੋਏ ਪੰਚਮ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ “ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ।। ਹਰਿਹਾਂ ਨਾਨਕ ਕਸਮਲ ਜਾਹਿ ਨਾਈਐ ਰਾਮਦਾਸ ਸਰ।।੧੦।।”
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚਕੇ ਪੰਚਮ ਪਾਤਸ਼ਾਹ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਪੀਹੜਾ ਸਾਹਿਬ ‘ਚ ਟਿਕਾਇਆ । ਸਾਰੀਆਂ ਸੰਗਤਾਂ ਦੇ ਪਹੁੰਚਣ ‘ਤੇ ਪੰਚਮ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ “ਬੁੱਢਾ ਸਾਹਿਬ ਖੋਲੋ ਗ੍ਰਿੰਥ ।। ਲੇਹੁ ਅਵਾਜ਼ ਸੁਨਹਿ ਸਭਿ ਪੰਥ।।……ਅਦਬ ਸੰਗ ਤਬ ਗ੍ਰਿੰਥ ਸੁ ਖੋਲਾ।। ਲੇ ਅਵਾਜ਼ ਬੁੱਢਾ ਮੁਖ ਬੋਲਾ।। …… ਤਦ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ 783-84 ਅੰਗ ਤੋਂ ਛੇ-ਛੇ ਲਾਇਨਾ ਵਾਲਾ ਚਾਰ ਪਦਿਆਂ ਦਾ ਹੁਕਮਨਾਮਾ ਗੁਰੂ ਜੀ ਅਤੇ ਸੰਗਤਾਂ ਨੂੰ ਸਰਵਨ ਕਰਾਇਆ—- —(ਸੂਹੀ ਮਹਲਾ ੫।। ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ…)।
ਬਾਬਾ ਬੁੱਢਾ ਸਾਹਿਬ ਜੀ ਵਲੋਂ ਲਏ ਗਏ ਪਹਿਲੇ ਹੁਕਮਨਾਮੇ ਨੂੰ ਸਰਵਨ ਕਰਕੇ ਗੁਰੂ ਜੀ ਅਤੇ ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਈਆਂ । ਸ੍ਰੀ ਹਰਿਮੰਦਰ ਸਾਹਿਬ ਵਿੱਚ ਪੰਚਮ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਸਾਰੀਆਂ ਸੰਗਤਾਂ ਇਸ ਮਹਾਨ ਕਾਰਜ ਦੀਆਂ ਵਧਾਈਆਂ ਦੇ ਲੱਗੀਆਂ । ਸ੍ਰੀ ਆਦਿ ਗ੍ਰੰਥ ਸਾਹਿਬ (ਸ੍ਰੀ ਪੋਥੀ ਸਾਹਿਬ) ਦਾ ਪਹਿਲਾ ਪ੍ਰਕਾਸ਼ ਹੋਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਰਾਤ ਸਮੇਂ ਪਲੰਗਾ ਸਾਹਿਬ ‘ਤੇ ਬਿਰਾਜਮਾਨ ਨਹੀਂ ਹੋਏ ਸਗੋਂ ਆਪ ਜੀ ਨੇ ਸ਼ਬਦ ਗੁਰੂ ਜੀ ਦੇ ਸਤਿਕਾਰ ਹਿਤ ਜਮੀਨ ‘ਤੇ ਆਸਣ ਲਾਕੇ ਆਰਾਮ ਕਰਨਾ ਹੀ ਠੀਕ ਸਮਝਿਆ । ਸੰਗਤਾਂ ਵਲੋਂ ਹਰ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸਾਰੇ ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਸ਼ੁੱਭ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।
Columns (418ਵੇਂ ਪਹਿਲੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼): 5ਵੇਂ ਗੁਰੂ ਜੀ ਨੇ ਸ੍ਰੀ ਹਰਿਮੰਦਰ...